ਤ੍ਰਿਪਤ ਬਾਜਵਾ ਨੇ ਸੇਵਾ ਦੀ ਮੂਰਤ ਮਹਾਸ਼ਾ ਗੋਕਲ ਚੰਦ ਜੀ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ

Sorry, this news is not available in your requested language. Please see here.

ਮਹਾਸ਼ਾ ਗੋਕਲ ਚੰਦ ਜੀ ਸੇਵਾ, ਤਿਆਗ ਅਤੇ ਪ੍ਰੇਮ ਦੀ ਮੂਰਤ ਸਨ ਅਤੇ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਮਨੁੱਖਤਾ ਦੀ ਸੇਵਾ ਲਈ ਅਰਪਣ ਕੀਤਾ – ਤ੍ਰਿਪਤ ਬਾਜਵਾ
ਬਟਾਲਾ, 16 ਮਈ , 2021  ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਟਾਲਾ ਸ਼ਹਿਰ ਦੀ ਬਹੁਤ ਹੀ ਸਤਿਕਾਰਤ ਹਸਤੀ ਮਹਾਸ਼ਾ ਗੋਕਲ ਚੰਦ ਜੀ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੁੱਖ ਦੀ ਘੜੀ ਵਿੱਚ ਮਹਾਸ਼ਾ ਜੀ ਦੇ ਸਨੇਹੀਆਂ ਨਾਲ ਦੁੱਖ ਵੰਡਾਉਣ ਲਈ ਦੈਨਿਕ ਪ੍ਰਾਥਨਾ ਸਭਾ ਪਹੁੰਚੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਮਹਾਸ਼ਾ ਗੋਕਲ ਚੰਦ ਜੀ ਸੱਚਮੁੱਚ ਹੀ ਸੇਵਾ, ਤਿਆਗ ਅਤੇ ਪ੍ਰੇਮ ਦੀ ਮੂਰਤ ਸਨ। ਉਨ੍ਹਾਂ ਕਿਹਾ ਕਿ ਮਹਾਸ਼ਾ ਜੀ ਨੇ ਆਪਣਾ ਸਾਰਾ ਹੀ ਜੀਵਨ ਲੋਕ ਸੇਵਾ ਨੂੰ ਅਰਪਣ ਕਰ ਦਿੱਤਾ ਅਤੇ ਆਖਰੀ ਸਵਾਸ ਤੱਕ ਵੀ ਉਹ ਮਾਨਵਤਾ ਦੀ ਸੇਵਾ ਨਾਲ ਜੁੜੇ ਰਹੇ। ਉਨ੍ਹਾਂ ਕਿਹਾ ਕਿ ਮਹਾਸ਼ਾ ਜੀ ਵਰਗੇ ਸੰਤ ਪੁਰਸ਼ ਸਦੀਆਂ ਬਾਅਦ ਪੈਦਾ ਹੁੰਦੇ ਹਨ ਅਤੇ ਉਨ੍ਹਾਂ ਦੇ ਸਵਰਗਵਾਸ ਹੋਣ ਨਾਲ ਬਟਾਲਾ ਸ਼ਹਿਰ ਨੂੰ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਸ. ਬਾਜਵਾ ਨੇ ਕਿਹਾ ਕਿ ਉਨ੍ਹਾਂ ਦੇ ਦਿਲ ਵਿੱਚ ਹਮੇਸ਼ਾਂ ਹੀ ਮਹਾਸ਼ਾ ਗੋਕਲ ਚੰਦ ਜੀ ਪ੍ਰਤੀ ਬਹੁਤ ਸ਼ਰਧਾ ਤੇ ਸਤਿਕਾਰ ਰਿਹਾ ਹੈ ਅਤੇ ਉਹ ਹਮੇਸ਼ਾਂ ਲੋਕ ਸੇਵਾ ਕਰਨ ਦੀ ਪ੍ਰੇਰਨਾ ਅਤੇ ਅਗਵਾਈ ਉਨ੍ਹਾਂ ਕੋਲੋਂ ਲੈਂਦੇ ਸਨ। ਉਨ੍ਹਾਂ ਕਿਹਾ ਕਿ ਭਾਂਵੇ ਮਹਾਸ਼ਾ ਗੋਕਲ ਚੰਦ ਜੀ ਸਰੀਰ ਕਰਕੇ ਸਾਡੇ ਵਿੱਚ ਨਹੀਂ ਰਹੇ ਹਨ ਪਰ ਉਨ੍ਹਾਂ ਵੱਲੋਂ ਚਲਾਏ ਜਾ ਰਹੇ ਲੋਕ ਸੇਵਾ ਦੇ ਮਹਾਂਕੁੰਭ ਹਮੇਸ਼ਾਂ ਉਨ੍ਹਾਂ ਦੀ ਮੌਜੂਦਗੀ ਦਾ ਅਹਿਸਾਸ ਕਰਵਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਬਟਾਲਾ ਵਾਸੀਆਂ ਨੂੰ ਮਹਾਸ਼ਾ ਜੀ ਦਾ ਵਿਛੋੜਾ ਸਹਿਣ ਕਰਨ ਦਾ ਬਲ ਬਖਸ਼ਣ ਦੇ ਨਾਲ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਬਲ ਬਖਸ਼ਣ।
ਇਸ ਮੌਕੇ ਨਗਰ ਨਿਗਮ ਬਟਾਲਾ ਦੇ ਮੇਅਰ ਸ. ਸੁਖਦੀਪ ਸਿੰਘ ਤੇਜਾ, ਚੇਅਰਮੈਨ ਕਸਤੂਰੀ ਲਾਲ ਸੇਠ, ਮਾਸਟਰ ਕੁਲਦੀਪ ਰਾਜ ਸ਼ਰਮਾ, ਅਸ਼ੋਕ ਅਗਰਵਾਲ, ਗੌਤਮ ਸੇਠ ਗੁੱਡੂ ਸਮੇਤ ਸ਼ਹਿਰ ਦੇ ਹੋਰ ਮੋਹਤਬਰ ਵਿਅਕਤੀ ਵੀ ਮੌਜੂਦ ਸਨ।