”ਪੰਜਾਬ ਅੰਗੇਸਟ ਡਰੱਗ” ਮੁਹਿੰਮ ਤਹਿਤ ਹਾਕਸ ਕਲੱਬ ਵਿਖੇ ਹਾਕੀ ਮੈਚ ਦਾ ਆਯੋਜਨ ਅੱਜ

  • ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ
  • ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਲਗਭਗ 1200 ਵਿਦਿਆਰਥੀ ਲੈਣਗੇ ਮੈਚ ਦਾ ਆਨੰਦ

ਰੂਪਨਗਰ, 6 ਦਸੰਬਰ:

ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਅਤੇ ਸੂਬੇ ਵਿਚ ਨਸ਼ਿਆਂ ਨੂੰ ਜੜੋਂ ਖ਼ਤਮ ਕਰਨ ਲਈ “ਪੰਜਾਬ ਅੰਗੇਸਟ ਡਰੱਗ” ਮੁਹਿੰਮ ਤਹਿਤ ਅੱਜ ਰੂਪਨਗਰ ਪੁਲਿਸ ਵਲੋਂ ਹਾਕੀ ਦੇ ਮੈਚ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਗੁਲਣੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ ਪੰਜਾਬ ਸ਼੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰੂਪਨਗਰ ਪੁਲਿਸ ਵੱਲੋਂ ਅੱਜ 07 ਦਸੰਬਰ ਦਿਨ ਵੀਰਵਾਰ ਨੂੰ ਦੁਪਹਿਰ 11 ਵਜੇ ਹਾਕਸ ਕਲੱਬ ਵਿਖੇ ਹਾਕੀ ਦਾ ਮੈਚ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਹੋਣਗੇ।

ਉਨ੍ਹਾਂ ਅੱਗੇ ਕਿਹਾ ਕਿ ਸਮਾਗਮ ਵਿੱਚ ਓਲੰਪੀਅਨ ਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਖਾਸ ਸ਼ਿਰਕਤ ਕਰਨਗੇ ਜਿਨ੍ਹਾਂ ਵਿੱਚ ਐਥਲੈਟਿਕਸ ਖੇਡ ਦੇ ਰਣਜੀਤ ਸਿੰਘ ਓਲੰਪੀਅਨ, ਹਾਕੀ ਦੇ ਧਰਮਵੀਰ ਸਿੰਘ ਓਲੰਪੀਅਨ, ਹਾਕੀ ਖੇਡ ਦੇ ਗੁਰਿੰਦਰ ਸਿੰਘ, ਕੈਕਿੰਗ ਕੋਇਨਿੰਗ ਦੇ ਯੁਗਰਾਜ ਸਿੰਘ, ਕੈਕਿੰਗ ਕੋਇਨਿੰਗ ਦੀ ਖਿਡਾਰਨ ਨਵਪ੍ਰੀਤ ਕੌਰ, ਸ਼ੂਟਿੰਗ ਦੀ ਖਿਡਾਰਨ ਜੈਸਮੀਨ ਕੌਰ ਅਤੇ ਸ਼ੂਟਿੰਗ ਦੀ ਖਿਡਾਰਨ ਖੁਸ਼ੀ ਸੈਣੀ ਭਾਗ ਲੈਣਗੇ।

ਐਸ.ਐਸ.ਪੀ ਨੇ ਕਿਹਾ ਕਿ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਨੂੰ ਇਸ ਸਮਾਗਮ ਵਿਚ ਖਾਸ ਤੌਰ ਉਤੇ ਬਲਾਉਣ ਦਾ ਮੰਤਵ ਵਿਦਿਆਰਥੀ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਖੇਡਾਂ ਨਾਲ ਜੋੜ ਕੇ ਨਸ਼ਿਆਂ ਤੋਂ ਬਚਾਉਣਾ ਹੈ।

ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਹੋਰ ਵਿੱਦਿਅਕ ਅਦਾਰਿਆਂ ਦੇ ਲਗਭਗ 1200 ਵਿਦਿਆਰਥੀ ਮੈਚ ਦਾ ਆਨੰਦ ਲੈਣਗੇ। ਉਨ੍ਹਾਂ ਵਿਦਿਆਰਥੀਆਂ ਤੋਂ ਇਲਾਵਾ ਹੋਰ ਵੀ ਨੌਜ਼ਵਾਨਾਂ ਸਮੇਤ ਜ਼ਿਲ੍ਹਾ ਵਾਸੀਆਂ ਨੂੰ ਨਸ਼ਿਆਂ ਖਿਲਾਫ ਇਸ ਮੁਹਿੰਮ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ ਤਾਂ ਜੋ ਆਮ ਲੋਕਾਂ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਜਮੀਨੀ ਪੱਧਰ ਉਤੇ ਸਫਲ ਕੀਤਾ ਜਾ ਸਕੇ।

ਹਾਕੀ ਦੇ ਹੋਣ ਵਾਲੇ ਇਸ ਮੈਚ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਭਾਰਤ ਦੇ ਹਾਕੀ ਦੀ ਟੀਮ ਦੇ ਸਾਬਕਾ ਕਪਤਾਨ ਤੇ ਐਸ ਪੀ ਹੈੱਡ ਕੁਆਰਟਰ ਰਾਜਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਇਸ ਮੌਕੇ ਦੋ ਮੈਚ ਵੱਖ-ਵੱਖ ਲੜਕੀਆਂ ਤੇ ਲੜਕਿਆਂ ਦੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਲੋਕ ਗਾਇਕ ਹਰਮਿੰਦਰ ਨੂਰਪੁਰੀ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੀ ਜਾਵੇਗਾ।