ਭਾਰਤੀ ਭਾਰਤੀ ਭਾਸ਼ਾਵਾਂ ਦੀ ਸਥਿਤੀ ਵਿਸ਼ੇ ਉੱਤੇ ਤੀਜਾ ਵੈਬੀਨਾਰ ਆਯੋਜਿਤ

panjab university

Chandigarh October 1, 2020

ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਵੈਬੀਨਾਰ ਸੀਰੀਜ਼ ਦੇ ਤਹਿਤ ਨਵੀਂ ਸਿੱਖਿਆ ਨੀਤੀ 2020 : ਭਾਰਤੀ ਭਾਰਤੀ ਭਾਸ਼ਾਵਾਂ ਦੀ ਸਥਿਤੀ ਵਿਸ਼ੇ ਉੱਤੇ ਤੀਜਾ ਵੈਬੀਨਾਰ ਕਰਵਾਇਆ ਗਿਆ। ਇਸ ਵਿਸ਼ੇ ਸੰਬੰਧੀ ਪ੍ਰੋ. ਪਰਮਜੀਤ ਸਿੰਘ ਢੀਂਗਰਾ ਨੇ ਸਿੱਖਿਆ ਨੀਤੀ ਦੇ ਵੱਖ ਵੱਖ ਪਾਸਾਰਾਂ ‘ਤੇ ਬੋਲਦਿਆਂ ਇਸਦੇ ਇਤਿਹਾਸਕ ਪਰਿਪੇਖਾਂ ਨੂੰ ਆਧੁਨਿਕ ਸਮੇਂ ਵਿੱਚ ਰੱਖਕੇ ਵਿਚਾਰਿਆ।  ਉਹਨਾਂ ਬਸਤੀਵਾਦੀ ਦੌਰ ਤੋਂ ਆਧੁਨਿਕ ਸਮੇਂ ਤੱਕ ਸਿੱਖਿਆ ਵਿੱਚ ਆਏ ਬਦਲਾਵਾਂ ਅਤੇ ਨੀਤੀਆਂ ਸੰਬੰਧੀ ਵਿਚਾਰ ਚਰਚਾ ਕਰਦੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਸਿੱਖਿਆ ਦੇ ਖੇਤਰ ਵਿੱਚ ਨਿਘਾਰ ਲਿਆਉਣ ਦਾ ਕੰਮ ਕਰੇਗੀ।  ਇਸ ਚਰਚਾ ਵਿਚੋਂ ਸਿੱਖਿਆ ਦੇ ਕੇਂਦਰੀਕਰਨ ਹੋਣ ਦਾ ਮਸਲਾ ਵੀ ਸਾਹਮਣੇ ਆਇਆ। ਉਹਨਾਂ ਕਿਹਾ ਕਿ ਭਾਰਤ ਦੀਆਂ ਸਭਿਆਚਾਰਕ, ਸਮਾਜਕ ਅਤੇ ਭੂਗੋਲਿਕ ਵੱਖਰਤਾਵਾਂ ਹੋਣ ਕਾਰਨ ਸਿੱਖਿਆ ਦਾ ਕੇਂਦਰੀਕਰਨ ਨਹੀਂ ਹੋਣਾ ਚਾਹੀਦਾ।  ਇਸ ਕਰਕੇ ਸਿੱਖਿਆ ਸੰਬੰਧੀ ਭਾਰਤੀ ਸੰਵਿਧਾਨ ਦੀ ਸਮਵਰਤੀ ਸੂਚੀ ਵਿੱਚ ਰਾਜਾਂ ਨੂੰ ਆਪਣੇ ਫ਼ੈਸਲੇ ਲੈਣ ਦਾ ਅਧਿਕਾਰ ਦਿੱਤਾ ਗਿਆ ਸੀ।  ਉਹਨਾਂ ਮੁੱਢਲੀ ਸਿੱਖਿਆ ਮਾਤ ਭਾਸ਼ਾ ਵਿੱਚ ਕਰਵਾਉਣ ਉੱਤੇ ਜ਼ੋਰ ਦਿੱਤਾ ਕਿਉਂਕਿ ਇਸ ਨਾਲ ਬੱਚੇ ਦੀ ਸ਼ਖ਼ਸੀਅਤ ਦੀ ਚੰਗੇਰੀ ਉਸਾਰੀ ਹੁੰਦੀ ਹੈ।  ਨਵੀਂ ਸਿੱਖਿਆ ਨੀਤੀ ਤਹਿਤ ਸਿੱਖਿਆ ਦੇ ਨਿੱਜੀਕਰਨ ਹੋਣ ਬਾਰੇ ਗੱਲ ਕਰਦਿਆਂ, ਉਹਨਾਂ ਕਿਹਾ ਕਿ ਜੇਕਰ ਸਿੱਖਿਆ ਨੂੰ ਬਚਾਉਣਾ ਹੈ ਤਾਂ ਇਸ ਵਿੱਚ ਆਮ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ, ਨਾਲ ਹੀ ਸਾਰੇ ਸਿੱਖਿਆ ਅਦਾਰਿਆਂ ਵਿੱਚ ਲੋੜੀਂਦੀ ਫੈਕਲਟੀ ਦੀ ਭਰਤੀ ਵੀ ਕਰਨੀ ਜ਼ਰੂਰੀ ਹੈ। ਪਰ ਸਥਿਤੀ ਇਹ ਹੈ ਕਿ ਸਾਰੇ ਅਕਾਦਮਿਕ ਅਦਾਰਿਆਂ ਵਿੱਚ ਥੋੜੀਆਂ ਤਨਖਾਹਾਂ ਤੇ ਲੋੜ ਪੂਰਤੀ ਕਰਨ ਲਈ ਅਧਿਆਪਕਾਂ ਦੀ ਭਰਤੀ ਕੀਤੀ ਹੋਈ ਹੈ ਜੋ ਕਿ ਸਿੱਖਿਆ ਖੇਤਰ ਲਈ ਨੁਕਸਾਨਦਾਇਕ ਨੀਤੀ ਹੈ।  ਵੈਬੀਨਾਰ ਦੀ ਸ਼ੁਰੂਆਤ ਪੰਜਾਬੀ ਵਿਭਾਗ ਦੇ ਚੇਅਰਪਰਸਨ ਪ੍ਰੋ. ਸਰਬਜੀਤ ਸਿੰਘ ਨੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਕਰਕੇ ਕੀਤੀ ਤੇ ਕਨਵੀਨਰ ਵਜੋਂ ਸੀਨੀਅਰ ਪ੍ਰੋ. ਉਮਾ ਸੇਠੀ ਨੇ ਵੈਬੀਨਾਰ ਵਿਚ ਸ਼ਾਮਿਲ ਮੈਂਬਰਾਂ ਅਤੇ ਪ੍ਰੋ. ਪਰਮਜੀਤ ਸਿੰਘ ਢੀਂਗਰਾ ਦਾ ਧੰਨਵਾਦ ਕੀਤਾ।  ਇਸ ਸਮੇਂ ਪ੍ਰੋ. ਯੋਗ ਰਾਜ, ਡਾ. ਅਕਵਿੰਦਰ ਕੌਰ ਤਨਵੀ, ਡਾ. ਪਵਨ ਕੁਮਾਰ ਅਤੇ ਡਾ. ਅਸ਼ਵਨੀ ਕੁਮਾਰ ਸ਼ਾਮਿਲ ਸਨ।