— ਮਾਨਸਿਕ ਸਿਹਤ ਤੰਦਰੁਸਤੀ ਮਹੀਨਾ —

Sorry, this news is not available in your requested language. Please see here.

ਸ਼ਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਵੀ ਬਹੁਤ ਜ਼ਰੂਰੀ: ਡਾ. ਤਨੂੰ ਸਿੰਗਲਾ

ਸਕਾਰਾਤਮਕ ਜੀਵਨ ਸ਼ੈਲੀ ਅਪਣਾ ਕੇ ਮਾਨਸਿਕ ਤੰਦਰੁਸਤੀ ਨੂੰ ਰੱਖਿਆ ਜਾ ਸਕਦਾ ਹੈ ਬਰਕਰਾਰ

ਤਪਾ, 9 ਜਨਵਰੀ

ਸਿਵਲ ਸਰਜਨ ਡਾ. ਹਰਿੰਦਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਪ੍ਰੀਤ ਸਿੰਘ ਮਾਹਲ ਦੀ ਅਗਵਾਈ ਵਿੱਚ ਸਿਹਤ ਬਲਾਕ ਤਪਾ ਅਧੀਨ ਜਨਵਰੀ ਮਹੀਨੇ ਨੂੰ ਮਾਨਸਿਕ ਸਿਹਤ ਤੰਦਰੁਸਤੀ ਮਹੀਨੇ ਦੇ ਤੌਰ ‘ਤੇ ਮਨਾਇਆ ਜਾ ਰਿਹਾ ਹੈ।

ਜਾਣਕਾਰੀ ਦਿੰਦਿਆਂ ਦਿਮਾਗੀ ਤੇ ਮਾਨਸਿਕ ਰੋਗਾਂ ਦੇ ਮਾਹਿਰ ਡਾ. ਤਨੂੰ ਸਿੰਗਲਾ ਨੇ ਦੱਸਿਆ ਕਿ ਨਵੇਂ ਵਰ੍ਹੇ ਦੇ ਸ਼ੁਰੂ ਹੁੰਦਿਆਂ ਹੀ ਅਸੀਂ ਆਪਣੀ ਸ਼ਰੀਰਕ ਸਿਹਤ ਵੱਲ ਤਾਂ ਧਿਆਨ ਦੇਣਾ ਸ਼ੁਰੂ ਕਰ ਦਿੰਦੇ ਹਾਂ ਪਰ ਮਾਨਸਿਕ ਸਿਹਤ ਨੂੰ ਅਣਗੌਲਿਆਂ ਕਰ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਕੱਲ ਦੀ ਜੀਵਨ ਸੈਲੀ ਮੁਤਾਬਕ ਮਾਨਸਿਕ ਤੰਦਰੁਸਤੀ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੋ ਗਿਆ ਹੈ। ਨਵੇਂ ਵਰ੍ਹੇ ਦੀ ਆਮਦ ‘ਤੇ ਅਸੀਂ ਇਹ ਯਕੀਨੀ ਬਣਾਈਏ ਕਿ ਆਉਣ ਵਾਲੇ 12 ਮਹੀਨਿਆਂ ਦੌਰਾਨ ਆਪਣੀ ਮਾਨਸਿਕ ਤੰਦਰੁਸਤੀ ਨੂੰ ਬਿਹਤਰ ਬਣਾਉਣ ਲਈ ਕੰਮ ਕਰੀਏ ਤੇ ਇੱਕ ਟੀਚਾ ਮਿੱਥੀਏ ਤੇ ਉਸ ਨੂੰ ਪੂਰਾ ਕਰਨ ਲਈ ਲਗਾਤਾਰ ਮਿਹਨਤ ਕਰੀਏ।

ਡਾ. ਤਨੂੰ ਨੇ ਕਿਹਾ ਕਿ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਲਈ ਸੱਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਅਸੀਂ ਘੱਟੋ ਘੱਟ 6 ਤੋਂ 8 ਘੰਟੇ ਦੀ ਨੀਂਦ ਲਈਏ। ਸ਼ਰੀਰਕ ਤੇ ਮਾਨਸਿਕ ਪੱਖ ਤੋਂ ਮਜ਼ਬੂਤ ਰਹਿਣ ਲਈ ਘੱਟ ਤੋਂ ਘੱਟ ਰੋਜ਼ਾਨਾ 30 ਮਿੰਟ ਦੀ ਕਸਰਤ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾ ਖੁਸ਼ ਰਹਿਣ ਦੀ ਕੋਸਿ਼ਸ਼ ਕਰੋ। ਨਵੀਂਆਂ ਚੀਜ਼ਾਂ ਸਿੱਖੋ। ਨਵੇਂ ਦੋਸਤ ਬਣਾਓ। ਆਪਣੇ ਰਿਸ਼ਤਿਆਂ ‘ਤੇ ਧਿਆਨ ਦੇਵੋ। ਆਪਣੇ ਪਰਿਵਾਰ ਨੂੰ ਸਮਾਂ ਦੇਵੋ।ਨਵੇਂ ਸ਼ੌਂਕ ਪੈਦਾ ਕਰੋ ਤੇ ਉਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ।

ਉਨ੍ਹਾਂ ਕਿਹਾ ਕਿ ਖਾਣਾ—ਪੀਣ ਦੀਆਂ ਆਦਤਾਂ ਵਿੱਚ ਸੁਧਾਰ ਲਿਆਉ। ਹਮੇਸ਼ਾ ਕੋਸ਼ਿਸ਼ ਕਰੋ ਕਿ ਘਰ ਬਣਿਆ ਹੋਇਆ ਤੇ ਪੌਸ਼ਟਿਕ ਭੋਜਨ ਹੀ ਖਾਓ। ਵੱਧ ਮਿੱਠਾ, ਮੈਦਾ, ਤਲੀਆਂ ਹੋਈਆਂ ਚੀਜਾਂ ਖਾਣ ਤੋ ਗੁਰੇਜ਼ ਕਰੋ। ਉਨ੍ਹਾਂ ਕਿਹਾ ਕਿ ਹਮੇਸ਼ਾ ਸਕਾਰਾਤਮਕ ਸੋਚੋ। ਸਕਾਰਾਤਮਕ ਸੋਚਣ ਨਾਲ ਹੀ ਜ਼ਿੰਦਗੀ ਵਿੱਚ ਸਕਾਰਾਤਮਕ ਘਟਨਾਵਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਸਭ ਤੋਂ ਅਹਿਮ ਹੈ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਤਣਾਅ ਗ੍ਰਸਤ ਹੋ, ਤਾਂ ਆਪਣੇ ਰਿਸ਼ਤੇਦਾਰ ਜਾਂ ਦੋਸਤਾਂ ਨਾਲ ਇਸ ਬਾਰੇ ਗੱਲ ਕਰੋ ਤੇ ਜੇਕਰ ਜ਼ਰੂਰਤ ਲੱਗਦੀ ਹੈ ਤਾਂ ਮਾਨਸਿਕ ਰੋਗਾਂ ਦੇ ਮਾਹਿਰ ਨੂੰ ਜ਼ਰੂਰ ਮਿਲੋ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਕੰਵਲਜੀਤ ਸਿੰਘ ਬਾਜਵਾ ਤੇ ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ ਵੀ ਮੌਜੂਦ ਸਨ।