ਮੰਡੀਆਂ ਵਿੱਚ ਪਿਆ ਹੈ ਕੁੱਲ ਲੋੜ ਦਾ 50 ਫੀਸਦੀ ਤੋਂ ਵੱਧ ਬਾਰਦਾਨਾ
ਖਰੀਦ ਏਜੰਸੀਆਂ ਨੂੰ ਮੰਡੀਆਂ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਦਿੱਤੇ ਆਦੇਸ਼
ਤਰਨ ਤਾਰਨ, 19 ਅਪ੍ਰੈਲ :
ਜ਼ਿਲ੍ਹਾ ਤਰਨ ਤਰਨ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਲਈ ਬਾਰਦਾਨੇ ਕੋਈ ਘਾਟ ਨਹੀਂ ਹੈ ਅਤੇ ਇਸ ਸਬੰਧੀ ਫੈਲਾਏ ਜਾ ਰਹੇ ਭਰਮ ਬਿਲਕੁੱਲ ਬੇਬੁਨਿਆਦ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਜ਼ਿਲ੍ਹੇ ਵਿੱਚ ਚੱਲ ਰਹੀ ਕਣਕ ਦੀ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਸਬੰਧਿਤ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ ਮੀਟਿੰਗ ਦੌਰਾਨ ਕੀਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਜਗਵਿੰਦਜੀਤ ਸਿੰਘ ਗਰੇਵਾਲ, ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ, ਐੱਸ. ਡੀ. ਐੱਮ. ਪੱਟੀ ਸ੍ਰੀ ਰਾਜੇਸ਼ ਸ਼ਰਮਾ, ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਰੋਹਿਤ ਗੁਪਤਾ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰੰਟਰੋਲਰ ਸ੍ਰੀ ਸੁਖਜਿੰਦਰ ਸਿੰਘ ਅਤੇ ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀ ਅਜੈਪਾਲ ਸਿੰਘ ਰੰਧਾਵਾ ਤੋਂ ਇਲਾਵਾ ਵੱਖ-ਵੱਖ ਖਰੀਦ ਏਜੰਸੀਆਂ ਦੇ ਨੁਮਾਇੰਦੇ ਹਾਜ਼ਰ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਣਕ ਦੀ ਖਰੀਦ ਦੇ ਪੂਰੇ ਸੀਜ਼ਨ ਦੌਰਾਨ ਜ਼ਿਲ੍ਹੇ ਵਿੱਚ ਲੱਗਭੱਗ 25328 ਗੱਠਾਂ ਬਾਰਦਾਨੇ ਦੀ ਲੋੜ ਹੈ ਅਤੇ 13197 ਗੱਠਾਂ ਬਾਰਦਾਨਾ ਸਾਡੇ ਕੋਲ ਮੌਜੂਦ ਹੈ, ਜਿਸ ਵਿੱਚੋਂ ਅੱਜ ਤੱਕ 1770 ਗੱਠਾਂ ਬਾਰਦਾਨ ਭਰਿਆ ਗਿਆ ਹੈ।ਉਹਨਾਂ ਕਿਹਾ ਕਿ ਕੁੱਲ ਲੋੜ ਦਾ 50 ਫੀਸਦੀ ਤੋਂ ਵੱਧ ਬਾਰਦਾਨਾ ਮੰਡੀਆਂ ਵਿੱਚ ਪਿਆ ਹੈ ਅਤੇ ਬਾਕੀ ਬਾਰਦਾਨਾ ਵੀ ਜਲਦੀ ਹੀ ਮੰਡੀਆਂ ਵਿੱਚ ਲੋੜ ਅਨੁਸਾਰ ਪਹੁੰਚ ਜਾਵੇਗਾ। ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਲੋੜ ਪਈ ਤਾਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੀ ਕਲਾਸ ਦਾ ਬਾਰਦਾਨਾ ਵੀ ਵਰਤਿਆ ਜਾ ਸਕਦਾ ਹੈ, ਪਰ ਇਸ ਦੀ ਨੌਬਤ ਨਹੀਂ ਆਵੇਗੀ।
ਇਸ ਮੌਕੇ ਉਹਨਾਂ ਵੱਖ-ਵੱਖ ਖਰੀਦ ਏਜੰਸੀਆਂ ਨੂੰ ਮੰਡੀਆਂ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ। ਉਹਨਾਂ ਕਿਹਾ ਕਿ ਮੰਡੀਆਂ ਵਿੱਚ ਖਰੀਦ ਕੀਤੀ ਗਈ ਕਣਕ ਦੀ ਚੁਕਾਈ ਵੀ ਨਾਲੋਂ-ਨਾਲ ਕਰਨੀ ਯਕੀਨੀ ਬਣਾਈ ਜਾਵੇ।ਉਹਨਾਂ ਜ਼ਿਲ੍ਹਾ ਮੰਡੀਆਂ ਅਫ਼ਸਰ ਨੂੰ ਆਦੇਸ਼ ਕੀਤੇ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸਮੂਹ ਖਰੀਦ ਕੇਂਦਰਾਂ ‘ਤੇ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਲੋੜੀਂਦੇ ਪ੍ਰਬੰਧ ਹੋਣੇ ਯਕੀਨੀ ਬਣਾਏ ਜਾਣ।

हिंदी





