ਵਿਧਾਇਕ ਭੁੱਲਰ ਵੱਲੋਂ ਸ਼ਹਿਰ ਦੀ ਸਾਫ਼ ਸਫਾਈ ਲਈ ਨਗਰ ਕੌਂਸਲ ਫ਼ਿਰੋਜ਼ਪੁਰ ਨੂੰ ਦੋ ਟਰੈਕਟਰ ਸੌਂਪੇ

– ਆਉਂਦੇ ਸਮੇਂ ਵਿੱਚ ਸ਼ਹਿਰ ਦੀ ਦਿੱਖ ‘ਚ ਵੱਡਾ ਸੁਧਾਰ ਹੋਵੇਗਾ – ਭੁੱਲਰ
– ਕਿਹਾ, ਪੰਜਾਬ ਸਰਕਾਰ ਲੋਕਾਂ ਨੂੰ ਨਰੋਆ ਵਾਤਾਵਰਣ ਦੇਣ ਲਈ ਵਚਨਬੱਧ
ਫ਼ਿਰੋਜ਼ਪੁਰ, 13 ਅਕਤੂਬਰ 2023:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਫ਼ਿਰੋਜ਼ਪੁਰ ਸ਼ਹਿਰੀ ਦੇ ਕਾਇਆ ਕਲਪ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਨਰੋਆ ਤੇ ਸਿਹਤਮੰਦ ਵਾਤਾਵਰਨ ਦੇਣ ਲਈ ਵਚਨਬੱਧ ਹੈ। ਇਸੇ ਲੜੀ ਵਿੱਚ ਸਵੱਛ ਭਾਰਤ ਮਿਸ਼ਨ ਅਧੀਨ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ 14 ਲੱਖ ਰੁਪਏ ਦੀ ਲਾਗਤ ਨਾਲ ਦੋ ਟਰੈਕਟਰ ਖ਼ਰੀਦੇ ਗਏ ਜਿਨ੍ਹਾਂ ਨੂੰ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਹ ਟਰੈਕਟਰ ਸ਼ਹਿਰ ਵਿੱਚ ਸਾਫ਼ ਸਫ਼ਾਈ ਦੇ ਕੰਮ ਲਈ ਵਰਤੇ ਜਾਣਗੇ ਅਤੇ ਟਰਾਲੀਆਂ ਰਾਹੀਂ ਕੂੜਾ ਇਕੱਠਾ ਕਰਨ ਦਾ ਕੰਮ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਅੱਜ ਸ਼ਹਿਰ ਦੇ ਲੋਕਾਂ ਨੂੰ ਸਾਫ਼ ਤੇ ਸਿਹਤਮੰਦ ਮਾਹੌਲ ਦੇਣ ਲਈ ਨਗਰ ਕੌਂਸਲ ਫ਼ਿਰੋਜ਼ਪੁਰ ਦੇ ਅਧਿਕਾਰੀਆਂ ਨੂੰ ਸਾਫ਼-ਸਫ਼ਾਈ ਯਕੀਨੀ ਬਣਾਉਣ ਲਈ ਵਰਤੇ ਜਾਣ ਵਾਲੇ 2 ਟਰੈਕਟਰ 14 ਲੱਖ ਰੁਪਏ ਦੀ ਲਾਗਤ ਵਾਲੇ ਸੌਂਪੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਕੇਂਦਰ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸਵੱਛ ਭਾਰਤ ਮਿਸ਼ਨ ਤਹਿਤ ਨੇਪਰੇ ਚਾੜ੍ਹਿਆ ਜਾ ਰਿਹਾ ਹੈ ਅਤੇ ਆਉਂਦੇ ਸਮੇਂ ਵਿੱਚ ਸ਼ਹਿਰ ਦੀ ਦਿੱਖ ਵਿੱਚ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ।
ਵਿਧਾਇਕ ਨੇ ਲੋਕਾਂ ਨੂੰ ਖਾਸ ਕਰਕੇ ਮਹਿਲਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰਾਂ ਵਿੱਚ ਇਕੱਠੇ ਹੋਣ ਵਾਲੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਕੇ ਰੱਖਿਆ ਜਾਵੇ ਤਾਂ ਜੋ ਕੂੜੇ ਦੇ ਯੋਗ ਪ੍ਰਬੰਧਨ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣਾ ਹਰੇਕ ਨਾਗਰਿਕ ਦਾ ਨੈਤਿਕ ਫਰਜ਼ ਹੈ ਅਤੇ ਸਭ ਨੂੰ ਇਹ ਸਮਾਜਿਕ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ।
ਇਸ ਮੌਕੇ ਕਾਰਜਸਾਧਕ ਅਫ਼ਸਰ ਸ਼੍ਰੀਮਤੀ ਪੂਨਮ ਭਟਨਾਗਰ, ਐਮ.ਈ. ਸ੍ਰੀ ਚਰਨਪਾਲ ਸਿੰਘ, ਜੇ.ਈ. ਸ. ਲਵਪ੍ਰੀਤ ਸਿੰਘ, ਸ. ਰਾਜ ਬਹਾਦਰ ਸਿੰਘ,ਸ. ਹਰਦੇਵ ਵਿਰਕ, ਸ.ਅਮਰਿੰਦਰ ਸਿੰਘ, ਸ. ਗੁਰਭੇਜ ਸਿੰਘ, ਸ. ਮਨਜੀਤ ਸਿੰਘ, ਸ. ਜਗਮੀਤ ਸਿੰਘ, ਸ. ਜਸਬੀਰ ਜੋਸਨ, ਸ. ਨਵਜੋਤ ਸਿੰਘ ਪਿੰਕੀ ਅਤੇ ਐਮ.ਸੀ. ਸ੍ਰੀ ਬੱਬੂ ਹਾਜ਼ਰ ਸਨ।