— ਮੁੱਖ ਖੇਤੀਬਾੜੀ ਅਫ਼ਸਰ ਰੂਪਨਗਰ ਡਾ. ਗੁਰਬਚਨ ਸਿੰਘ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ
ਸ੍ਰੀ ਚਮਕੌਰ ਸਾਹਿਬ, 26 ਅਕਤੂਬਰ:
ਸਕੂਲ ਆਫ਼ ਐਮੀਨੈਂਸ ਫਾਰ ਗਰਲਜ਼ ਸ੍ਰੀ ਚਮਕੌਰ ਸਾਹਿਬ ਵਿਖੇ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਦੀ ਅਗਵਾਈ ਹੇਠ ਪਰਾਲੀ ਨੂੰ ਨਾ ਸਾੜਨ ਲਈ ਜਾਗਰੂਕਤਾ ਸਮਾਗਮ ਕਰਵਾਇਆ ਗਿਆ।
ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੀਡੀਆ ਇੰਚਾਰਜ ਅਧਿਆਪਕ ਗੁਰਪ੍ਰੀਤ ਸਿੰਘ ਹੀਰਾ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਰੂਪਨਗਰ ਡਾ. ਗੁਰਬਚਨ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਡਾ. ਗੁਰਬਚਨ ਸਿੰਘ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਰਾਲੀ ਨੂੰ ਸਾੜਨ ਦੀ ਬਜਾਏ ਇਸਦੀ ਬਦਲਵੇਂ ਰੂਪ ਵਿੱਚ ਵਰਤੋਂ ਜਿੱਥੇ ਵਾਤਾਵਰਣ ਪ੍ਰਦੂਸ਼ਣ ਨੂੰ ਘਟਾਉਂਦੀ ਹੈ, ਉੱਥੇ ਕਿਸਾਨਾਂ ਲਈ ਆਮਦਨ ਦਾ ਸਾਧਨ ਵੀ ਬਣ ਸਕਦੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਖੇਤੀਬਾੜੀ ਅਫ਼ਸਰ ਸ੍ਰੀ ਚਮਕੌਰ ਸਾਹਿਬ ਡਾ. ਗੁਰਕ੍ਰਿਪਾਲ ਸਿੰਘ ਬਾਲਾ ਨੇ ਦੱਸਿਆ ਕਿ ਪਰਾਲੀ ਸਾੜਨ ਨਾਲ ਧਰਤੀ ਦੇ ਅਨੇਕਾਂ ਪੌਸ਼ਟਿਕ ਤੱਤ ਵੀ ਨਸ਼ਟ ਹੋ ਜਾਂਦੇ ਹਨ, ਜਿਸਦੇ ਕਾਰਨ ਅਜਿਹੀ ਧਰਤੀ ਵਿੱਚ ਪੈਦਾ ਹੋਣ ਵਾਲੀ ਫਸਲ ਵੀ ਪੌਸ਼ਟਿਕ ਤੱਤਾਂ ਤੋਂ ਵਿਰਵੀ ਰਹਿ ਜਾਂਦੀ ਹੈ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਖੇਤੀਬਾੜੀ ਅਫ਼ਸਰ ਦਵਿੰਦਰ ਸਿੰਘ ਨੇ ਵਿਦਿਆਰਥਣਾਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਸੰਸਥਾ ਦੇ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਉਹਨਾਂ ਦੇ ਖੇਡ ਗੁਰੂ ਰਹੇ ਹਨ,ਤੇ ਉਹਨਾਂ ਵੱਲੋਂ ਪੜਾਈ ਤੇ ਖੇਡਾਂ ਦੀ ਆਪਣੀ ਆਪਣੀ ਵਿਲੱਖਣ ਅਹਿਮੀਅਤ ਦੀ ਸੇਧ ਸਦਕਾ ਹੀ ਉਹ ਇਸ ਪੱਧਰ ਦੀ ਸਰਕਾਰੀ ਸੇਵਾ ਵਿੱਚ ਪਹੁੰਚੇ ਹਨ।
ਇਸ ਮੌਕੇ ਵਿਦਿਆਰਥਣਾਂ ਦੇ ਪਰਾਲੀ ਨੂੰ ਨਾ ਸਾੜਨ ਲਈ ਜਾਗਰੂਕ ਕਰਦੇ ਹੋਏ ਨਿਬੰਧ ਤੇ ਕਵਿਤਾ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਕ੍ਰਮਵਾਰ ਹਰਲੀਨ ਕੌਰ ਨੇ ਪਹਿਲਾ, ਅਰਸ਼ਪ੍ਰੀਤ ਕੌਰ ਨੇ ਦੂਸਰਾ ਤੇ ਸਿਮਰਨ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਜੇਤੂ ਵਿਦਿਆਰਥਣਾਂ ਨੂੰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਉਪਰੰਤ ਸ਼ਹਿਰ ਅੰਦਰ ਪਰਾਲੀ ਨੂੰ ਨਾ ਸਾੜਨ ਖ਼ਿਲਾਫ਼ ਸਫ਼ਲਤਾ ਪੂਰਬਕ ਰੈਲੀ ਦਾ ਆਯੋਜਨ ਕੀਤਾ ਗਿਆ।
ਇਸ ਸਮਾਗਮ ਨੂੰ ਸਫ਼ਲ ਕਰਨ ਵਿੱਚ ਸਕੂਲ ਅਧਿਆਪਕਾਂ ਲੈਕਚਰਾਰ ਨਿਰਮਲ ਕੌਰ, ਪ੍ਰੋਗਰਾਮ ਅਫਸਰ ਅਮਨਦੀਪ ਸਿੰਘ, ਸੁਖਵਿੰਦਰ ਕੌਰ, ਹਰਜੀਤ ਕੌਰ ਆਦਿ ਸਟਾਫ ਮੈਂਬਰਾਂ ਦੇ ਨਾਲ ਨਾਲ ਖੇਤੀਬਾੜੀ ਵਿਭਾਗ ਦੇ ਮੁਲਾਜ਼ਮਾਂ ਦਾ ਯੋਗਦਾਨ ਸ਼ਲਾਘਾਯੋਗ ਰਿਹਾ।

हिंदी






