ਸਮਾਰਟ ਮੀਟਰ, ਖ਼ਪਤਕਾਰਾਂ ਲਈ ਈ- ਦਾਖਿਲ, ਲੋਹੜੀ ਅਤੇ ਖੇਡ ਕਿੱਟਾਂ ਵੰਡ ਦਾ ਸਮਾਗਮ ਹੋਇਆ

Sorry, this news is not available in your requested language. Please see here.

-ਪਟਿਆਲਾ ਦੇ 300 ਤੋਂ ਵਧੇਰੇ ਲੋਕਾਂ ਨੂੰ ਮਿਲਿਆ ਮਾਲਕੀ ਦਾ ਹੱਕ
-ਬਾਬਾ ਆਲਾ ਸਿੰਘ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਦੇ ਜਨਮ ਦਿਵਸ ਮੌਕੇ ਵੱਡਾ ਤੋਹਫ਼ਾ
ਪਟਿਆਲਾ, 7 ਜਨਵਰੀ-
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਮੁੱਖ ਮੰਤਰੀ ਸਲੱਮ ਡਵੈਲਰਜ਼ ਪ੍ਰੋਗਰਾਮ’ ‘ਬਸੇਰਾ’ ਤਹਿਤ ਝੁੱਗੀਆਂ-ਝੌਂਪੜੀਆਂ ਅਤੇ ਪੱਛੜੀਆਂ ਬਸਤੀਆਂ ‘ਚ ਰਹਿਣ ਵਾਲੇ ਲੋਕਾਂ ਨੂੰ ਮਾਲਕੀ ਹੱਕ ਦੇਣ ਦੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ, ਪਟਿਆਲਾ ਦੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਅੱਜ ਇੱਥੇ ਆਖਿਆ ਕਿ ਇਸ ਨਾਲ ਇਨ੍ਹਾਂ ਬਸਤੀਆਂ ਦੇ ਲੋਕ ਵੀ ਬੜੇ ਮਾਣ ਅਤੇ ਆਤਮ ਵਿਸ਼ਵਾਸ਼ ਨਾਲ ਭਰੀ ਜਿੰਦਗੀ ਜੀਅ ਸਕਣਗੇ, ਕਿਉਂ ਜੋ ਪਹਿਲਾਂ ਹਮੇਸ਼ਾਂ ਉਨ੍ਹਾਂ ਨੂੰ ਉਜਾੜੇ ਦਾ ਡਰ ਬਣਿਆ ਰਹਿੰਦਾ ਸੀ।
ਪਟਿਆਲਾ ਵਿਖੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਜਦੋਂ ਪੰਜਾਬ ਭਰ ‘ਚ ਪੱਛ੍ਹੀਆਂ ਸ਼ਹਿਰੀ ਬਸਤੀਆਂ ਦੇ ਗਰੀਬ ਤੇ ਕਮਜ਼ੋਰ ਲੋਕਾਂ ਨੂੰ ਇਹ ਮਾਲਕੀ ਹੱਲ ਦੇਣ ਦੀ ਸ਼ੁਰੂਆਤ ਹੋਈ ਹੈ, ਉਸ ਵੇਲੇ ਕੁਦਰਤੀ ਅੱਜ ਅਸੀਂ ਪਟਿਆਲਾ ਦੇ ਬਾਨੀ ਬਾਬਾ ਆਲਾ ਸਿੰਘ ਦੀ 330ਵੀਂ ਜੈਅੰਤੀ ਅਤੇ ਪਟਿਆਲਾ ਰਿਆਸਤ ਦੇ ਆਖਰੀ ਸ਼ਾਸਕ ਮਹਰਾਜਾ ਯਾਦਵਿੰਦਰ ਸਿੰਘ ਦਾ ਜਨਮ ਦਿਵਸ ਵੀ ਮਨਾ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਦੋਵੇਂ ਸਖਸ਼ੀਅਤਾਂ ਵੀ ਪੰਜਾਬ ਅਤੇ ਪਟਿਆਲਾ ਰਿਆਸਤ ਦੇ ਇਤਿਹਾਸ ਵਿੱਚ ਆਪਣੀ ਲੋਕ ਹਿੱਤੂ ਸੋਚ ਪ੍ਰਤੀ ਜਾਣੀਆਂ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਅਤੇ ਉਨ੍ਹਾਂ ਦੀ ਸਮੁੱਚੀ ਕੈਬਿਨਟ ਇਸ ਲਈ ਵਧਾਈ ਦੀ ਪਾਤਰ ਹੈ ਕਿ ਉਨ੍ਹਾਂ ਕੋਵਿਡ ਨਾਲ ਜੂਝਦੇ ਪੰਜਾਬ ਦੇ ਵਿਕਾਸ ਅਤੇ ਲੋਕਾਂ ਦੇ ਹਿੱਤਾਂ ਦਾ ਹਮੇਸ਼ਾਂ ਖਿਆਲ ਰੱਖਿਆ ਹੈ। ਉਨ੍ਹਾਂ ਕਿਹਾ ਕਿ ਅੱਜ ਸਮੁੱਚੇ ਪੰਜਾਬ ‘ਚ ਜਦੋਂ ਗਰੀਬ ਲੋਕਾਂ ਨੂੰ ਮਾਲਕੀ ਦੇ ਹੱਕ ਦਿੱਤੇ ਜਾ ਰਹੇ ਸਨ ਤਾਂ ਪਟਿਆਲਾ ਦੇ ਦੀਨ ਦਿਆਲ ਉਪਾਧਿਆਏ ਨਗਰ, ਰੰਗੇ ਸ਼ਾਹ ਕਲੋਨੀ ਅਤੇ ਰੋੜੀ ਕੁੱਟ ਮੁਹੱਲੇ ਦੀਆਂ ਗਰੀਬ ਬਸਤੀਆਂ ਦੇ 300 ਤੋਂ ਵਧੇਰੇ ਖੁਸ਼ਕਿਸਮਤ ਲੋਕ ਇਸ ਮਾਲਕੀ ਦੇ ਹੱਕ ਦੇ ਮਾਣ-ਸਨਮਾਨ ਦੇ ਹੱਕਦਾਰ ਬਣੇ ਹਨ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅੱਜ ਪੰਜਾਬ ਭਰ ‘ਚ ਸਮਾਰਟ ਮੀਟਰ (ਪ੍ਰੀਪੇਡ ਅਤੇ ਪੋਸਟ ਪੇਡ) ਜਾਰੀ ਕਰਨ, ਖ਼ਪਤਕਾਰਾਂ ਦੇ ਹੱਕਾਂ ਦੀ ਰਾਖੀ ਲਈ ਆਪਣੀਆਂ ਸ਼ਿਕਾਇਤਾਂ ਖਪਤਕਾਰ ਅਦਾਲਤ/ਕਮਿਸ਼ਨ ‘ਚ ਦਾਇਰ ਕਰਨ ਲਈ ਆਨਲਾਈਨ ਪੋਰਟਲ ‘ਈ ਦਾਖਿਲ’ ਦੀ ਆਰੰਭਤਾ, ਨੌਜੁਆਨਾਂ ‘ਚ ਖੇਡਾਂ ਪ੍ਰਤੀ ਰੁਚੀ ਨੂੰ ਬਣਾਈ ਰੱਖਣ ਲਈ 2500 ਖੇਡ ਕਿੱਟਾਂ ਦੀ ਵੰਡ ਦੀ ਸ਼ੁਰੂਆਤ ਅਤੇ ਧੀਆਂ ਦੀ ਲੋਹੜੀ ਮਨਾਏ ਜਾਣ ਦੇ ਸਮਾਗਮ ਸਾਰੇ ਜ਼ਿਲ੍ਹਿਆਂ ‘ਚ ਇੱਕੋ ਸਾਰ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਲੋਕ ਹਿੱਤੂ ਸੋਚ ਲਈ ਵਧਾਈ ਦੇ ਪਾਤਰ ਹਨ ਅਤੇ ਉਹ ਇਸ ਲਈ ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦੇ ਹਨ।
ਪੱਤਰਕਾਰਾਂ ਵੱਲੋਂ ਦਿੱਲੀ ਬਾਰਡਰ ‘ਤੇ ਬੈਠੇ ਕਿਸਾਨਾਂ ਬਾਰੇ ਪੁੱਛੇ ਸੁਆਲ ਦੇ ਜੁਆਬ ‘ਚ ਉਨ੍ਹਾਂ ਕਿਹਾ ਕਿ ਉਹ ਆਪਣੇ ਹੱਕਾਂ ਲਈ ਠੰਢ ਦੀ ਪ੍ਰਵਾਨ ਨਾ ਕਰਦਿਆਂ ਵੀ ਧ੍ਰਨੇ ‘ਤੇ ਬੈਠੇ ਹਨ ਅਤੇ ਕੇਂਦਰ ਸਰਕਾਰ ਨੂੰ ਮਾਨਵੀ ਸੰਵੇਦਨਾ ਦਿਖਾਉਂਦਿਆਂ ਅਤੇ ਉਨ੍ਹਾਂ ਦੇ ਤੌਖਲਿਆਂ ਦਾ ਖਿਆਲ ਰੱਖਦਿਆਂ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਜਿੱਥੇ ਕਿਸਾਨਾਂ ਦੇ ਪਿੱਛੇ ਰਹਿੰਦੇ ਪਰਿਵਾਰਾਂ ਲਈ ਹੈਲਪ ਲਾਈਨ ਚਲਾਈ ਗਈ ਹੈ ਉੱਥੇ ਧਰਨੇ ਦੌਰਾਨ ਫੌਤ ਹੋਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਿਖਾਉਂਦਿਆਂ, ਪੰਜ-ਪੰਜ ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗਰਾਂਟ ਵੀ ਦਿੱਤੀ ਜਾ ਰਹੀ ਹੈ।
ਸਮਾਜਿਕ ਨਿਆਂ, ਅਧਿਕਾਰਿਤਾ ਅਤੇ ਘੱਟ ਗਿਣਤੀਆਂ ਬਾਰੇ ਮੰਤਰੀ, ਸਾਧੂ ਸਿੰਘ ਧਰਮਸੋਤ ਨੇ ਇਸ ਮੌਕੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਹਮੇਸ਼ਾਂ ਲੋਕ ਪੱਖੀ ਰਹੀ ਹੈ, ਜਿਸ ਦੇ ਨਤੀਜੇ ਵਜੋਂ ਅੱਜ ਪੰਜਾਬ ਦੇ ਹਰੇਕ ਵਰਗ ਨੂੰ ਮੁੱਖ ਰੱਖ ਕੇ, ਉਨ੍ਹਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਗਰੀਬ ਬਸਤੀਆਂ ਦੇ ਬਾਸ਼ਿੰਦਿਆਂ ਨੂੰ ਮਾਲਕੀ ਹੱਲ ਦੇਣ ਦੀ ਸ਼ੁਰੂਆਤ, ਇਨ੍ਹਾਂ ਲੋਕਾਂ ਲਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਇਨ੍ਹਾਂ ਗਰੀਬ ਲੋਕਾਂ ਨੂੰ ਸਿਰ ਚੁੱਕ ਕੇ ਜਿਊਣ ਦਾ ਹੱਕ ਦੇ ਕੇ, ਇਨ੍ਹਾਂ ਕਮਜ਼ੋਰ ਲੋਕਾਂ ਦੇ ਦਰਦ ਨੂੰ ਸਮਝਿਆ ਗਿਆ ਹੈ।
ਇਸ ਮੌਕੇ ਐਮ ਪੀ ਸ੍ਰੀਮਤੀ ਪਰਨੀਤ ਕੌਰ ਅਤੇ ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਸੰਕੇਤਕ ਤੌਰ ‘ਤੇ ਚਾਰ ਲਾਭਪਾਤਰੀਆਂ ਨੂੰ ‘ਬਸੇਰਾ’ ਸਕੀਮ ਤਹਿਤ ਮਾਲਕੀ ਦੇ ਹੱਕ ਦੇ ਪੱਤਰ ਸੌਂਪੇ ਅਤੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਪੰਜਾਬ ਪੱਧਰ ‘ਤੇ ਖੇਡ ਕੇ ਆਈਆਂ ਸਰਕਾਰੀ ਮਲਟੀ ਪਰਪਜ਼ ਸਕੂਲ ਦੀਆਂ ਪੰਜ ਖਿਡਾਰਨਾਂ ਨੂੰ ਕਿੱਟਾਂ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਚੇਅਰਮੈਨ ਪੀ ਆਰ ਟੀ ਸੀ ਕੇ ਕੇ ਸ਼ਰਮਾ, ਪੰਜਾਬ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਮੁੱਖ ਮੰਤਰੀ ਪੰਜਾਬ ਦੇ ਓ ਐਸ ਡੀ ਅਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਪਰਸਨ ਸ੍ਰੀਮਤੀ ਰਾਜ ਕੌਰ, ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਚੇਅਰਮੈਨ ਜਸਬੀਰ ਇੰਦਰ ਸਿੰਘ ਢੀਂਡਸਾ, ਪੰਜਾਬ ਲਾਰਜ ਸਕੇਲ ਇੰਡਸਟਰੀ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਕੇ ਕੇ ਸਹਿਗਲ, ਪਨਗ੍ਰੇਨ ਪੰਜਾਬ ਦੇ ਡਾਇਰੈਕਟਰ ਰਜਨੀਸ਼ ਸ਼ੋਰੀ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸੰਤੋਖ ਸਿੰਘ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਵਿਨਤੀ ਸੇਂਗਰ, ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਦੇ ਪ੍ਰਧਾਨ ਕੇ ਕੇ ਮਲਹੋਤਰਾ, ਦਿਹਾਤੀ ਪ੍ਰਧਾਨ ਗੁਰਦੀਪ ਸਿੰਘ ਊਂਟਸਰ, ਮਹਿਲਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕਿਰਨ ਢਿੱਲੋਂ, ਯੂਥ ਕਾਂਗਰਸ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਨੁਜ ਖੋਸਲਾ, ਦਿਹਾਤੀ ਪ੍ਰਧਾਨ ਸੰਜੀਵ ਸ਼ਰਮਾ ਤੋਂ ਇਲਾਵਾ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਨਗਰ ਨਿਗਮ ਕਮਿਸ਼ਨਰ ਪੂਨਮਦੀਪ ਕੌਰ, ਏ ਡੀ ਸੀ (ਜ) ਸ੍ਰੀਮਤੀ ਪੂਜਾ ਸਿਆਲ ਗਰੇਵਾਲ ਮੌਜੂਦ ਸਨ।