ਸਿਰਮੌਰ ਪੱਤਰਕਾਰ ਤੇ ਪੰਜਾਬੀ ਲੇਖਕ ਸੁਰਜਨ ਸਿੰਘ ਜ਼ੀਰਵੀ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ

Sorry, this news is not available in your requested language. Please see here.

ਲੁਧਿਆਣਾਃ 25 ਅਕਤੂਬਰ

ਇਸਪਾਤੀ ਇਰਾਦੇ ਵਾਲੇ ਪਰ ਹਸਮੁਖ ਤੇ ਪੰਜਾਬੀ ਪੱਤਰਕਾਰੀ ਦੇ ਭੀਸ਼ਮ ਪਿਤਾਮਾ ਸੁਰਜਨ ਸਿੰਘ ਜ਼ੀਰਵੀ ਜੀ ਦਾ ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਟੋਰੰਟੋ  ਇਲਾਕੇ ਵਿੱਚ ਦੇਹਾਤ ਹੋ ਗਿਆ ਹੈ। ਪੰਜਾਬ ਰਹਿੰਦਿਆਂ ਉਹ ਰੋਜ਼ਾਨਾ ਅਖ਼ਬਾਰ ਨਵਾਂ ਜ਼ਮਾਨਾ ਦੇ ਸੰਪਾਦਕ ਸਨ। ਉਨ੍ਹਾਂ ਨੂੰ ਬਾਬਾ ਗੁਰਬਖ਼ਸ਼ ਸਿੰਘ ਬੰਨੂਆਣਾ ਵਾਂਗ ਹੀ ਪੱਤਰਕਾਰਾਂ ਦੇ ਪੱਤਰਕਾਰ ਉਸਤਾਦ ਹੋਣ ਦਾ ਸ਼ਰਫ਼ ਹਾਸਲ ਸੀ। ਪਿਛਲੇ ਲੰਮੇ ਸਮੇਂ ਤੋਂ 94 ਸਾਲਾ ਸੁਰਜਨ ਸਿੰਘ ਜ਼ੀਰਵੀ ਜੀ ਟੋਰੰਟੋ(ਕੈਨੇਡਾ )ਵੱਸਦੇ ਸਨ ਅਤੇ ਉਥੇ ਵੱਸਦੇ ਲੇਖਕਾਂ ਤੇ ਨਵ ਸਿਰਜਕਾਂ ਵਿੱਚ ਹਰਮਨ ਪਿਆਰੇ ਸਨ। ਇਕਬਾਲ ਮਾਹਲ ਤੇ ਜੋਗਿੰਦਰ ਕਲਸੀ ਨੇ ਵਿਯਨਜ਼ ਆਫ਼ ਪੰਜਾਬ ਵੱਲੋਂ ਕੁਝ ਸਾਲ ਪਹਿਲਾਂ ਉਨ੍ਹਾਂ ਦੇ 85ਵੇਂ ਜਨਮ ਦਿਨ ਤੇ ਦਸਤਾਵੇਜ਼ੀ ਫ਼ਿਲਮ ਵੀ ਤਿਆਰ ਕੀਤੀ ਸੀ।

ਸੁਰੀਲੇ ਪੰਜਾਬੀ ਗਾਇਕ ਸਵਰਗੀ ਜਗਜੀਤ ਸਿੰਘ ਜ਼ੀਰਵੀ ਦੇ ਉਹ ਵੱਡੇ ਵੀਰ ਸਨ ਅਤੇ ਪੰਜਾਬੀ ਕਵੀ ਸਵਰਗੀ ਡਾਃ ਜਸਵੰਤ ਸਿੰਘ ਨੇਕੀ (ਸਾਬਕਾ ਡਾਇਰੈਕਟਰ, ਪੀ ਜੀ ਆਈ, ਚੰਡੀਗੜ੍ਹ) ਤੇ ਪ੍ਰਸਿੱਧ ਫੋਟੋ ਕਲਾਕਾਰ ਨਾਮਵਰ ਸਿੰਘ ਦੇ ਉਹ ਬਹਿਨੋਈ ਸਨ। ਉਨ੍ਹਾਂ ਦੀਆਂ ਬਹੁਚਰਚਿਤ ਕਿਤਾਬਾਂ “ਇਹ ਹੈ ਬਾਰਬੀ ਸੰਸਾਰ” ਤੇ “ਆਉ ਸੱਚ ਜਾਣੀਏ”ਵਾਰਤਕ ਦੇ ਉੱਚਤਮ ਨਮੂਨੇ ਵਜੋਂ ਜਾਣੀਆਂ ਜਾਂਦੀਆਂ ਹਨ।

ਸਃ ਸੁਰਜਨ ਸਿੰਘ ਜ਼ੀਰਵੀ ਦੇ ਦੇਹਾਂਤ ਤੇ ਅਫ਼ਸੋਸ ਪ੍ਰਗਟ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਜ਼ੀਰਵੀ ਜੀ ਲਿਆਕਤ, ਸਾਹਿੱਤ ਸੂਝ ਅਤੇ ਵਿਅੰਗ ਨਸ਼ਤਰ ਨੂੰ ਇੱਕੋ ਜਹੀ ਮੁਹਾਰਤ ਨਾਲ ਵਾਰਤਕ ਲਿਖਣ ਵਾਲੇ ਸਿਰਜਕਾਂ ਚੋਂ ਸਿਰਮੌਰ ਸਨ। ਪਿਛਲੇ ਦਿਨੀਂ ਹੀ ਉਨ੍ਹਾਂ ਨੂੰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਜਗਜੀਤ ਸਿੰਘ ਅਨੰਦ ਯਾਦਗਾਰੀ ਪੁਰਸਕਾਰ ਦੇਣ ਦਾ ਫ਼ੈਸਲਾ ਸਰਬ ਸੰਮਤੀ ਨਾਲ ਕਰ ਕੇ ਐਲਾਨ ਕੀਤਾ ਗਿਆ ਸੀ। ਉਨ੍ਹਾ ਜ਼ੀਰਵੀ ਜੀ ਨਾਲ ਨਵਾਂ ਜ਼ਮਾਨਾ ਦੇ ਸੰਪਾਦਕ ਹੋਣ ਸਮੇਂ ਦੀਆਂ ਮੁਲਾਕਾਤਾਂ ਅਤੇ ਬਾਦ ਵਿੱਚ ਕੈਨੇਡਾ ਵਿਖੇ ਇਕਬਾਲ ਮਾਹਲ ਤੇ ਜੋਗਿੰਦਰ ਕਲਸੀ ਜੀ ਨਾਲ ਜ਼ੀਰਵੀ ਨਿਵਾਸ ਤੇ ਪਹੁੰਚ ਕੇ ਬਿਤਾਈ ਸ਼ਾਮ ਨੂੰ ਵੀ ਚੇਤੇ ਕੀਤਾ।