ਸੀ ਐੱਚ ਸੀ ਡੱਬਵਾਲਾ ਕਲਾ ਵਿਖੇ ਵੈਕਸੀਨ ਪ੍ਰਿਵੈਂਟੇਬਲ ਬੀਮਾਰੀਆਂ ਬਾਰੇ ਦਿੱਤੀ ਗਈ ਸਿਖਲਾਈ
—-ਬੱਚਿਆਂ ਦਾ ਟੀਕਾਕਰਨ 100 ਫੀਸਦੀ ਯਕੀਨੀ ਬਣਾਉਣ ਅਤੇ ਬੀਮਾਰੀਆਂ ਦੇ ਲੱਛਣਾਂ ਵਾਲੇ ਮਰੀਜ਼ਾਂ ਦੀ ਜਾਂਚ ਕਰਵਾਉਣ ਦੇ ਦਿੱਤੇ ਗਏ ਨਿਰਦੇਸ਼
ਫਾਜ਼ਿਲਕਾ 20 ਅਕਤੂਬਰ:
ਸਿਵਲ ਸਰਜਨ ਡਾ. ਸਤੀਸ਼ ਗੋਇਲ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪੰਕਜ ਚੌਹਾਨ ਦੀ ਨਿਗਰਾਨੀ ਵਿੱਚ ਸੀ.ਐਚ.ਸੀ ਡੱਬਵਾਲਾ ਕਲਾ ਵਿਖੇ ਫੀਲਡ ਸਟਾਫ ਅਤੇ ਸਟਾਫ ਨਰਸਾਂ ਨੂੰ ਵੈਕਸੀਨ ਪ੍ਰਿਵੈਂਟੇਬਲ ਡਿਜੀਜ਼ (VPD) ਦੀ ਨਿਗਰਾਨੀ ਬਾਰੇ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਅੰਸ਼ੁਲ ਨਾਗਪਾਲ ਬੀ.ਈ.ਈ ਦਿਵੇਸ਼ ਕੁਮਾਰ ਅਤੇ ਬਲਾਕ ਦੇ ਸਾਰੇ ਸੀ ਐੱਚ ਓ ਤੇ ਏ.ਐਨ.ਐਮਜ਼ ਹਾਜ਼ਰ ਸਨ।
ਮੈਡੀਕਲ ਅਫਸਰ ਡਾ. ਅੰਸ਼ੁਲ ਨਾਗਪਾਲ ਨੇ ਦੱਸਿਆ ਕਿ ਬੈਕਟੀਰੀਆ ਅਤੇ ਵਾਇਰਸਾਂ ਕਾਰਨ ਸਰੀਰ ‘ਚ ਪੈਦਾ ਹੋਣ ਵਾਲੀਆਂ ਕੁਝ ਬੀਮਾਰੀਆਂ ਨੂੰ ਵੈਕਸੀਨ ਦੇ ਨਾਲ ਰੋਕਿਆ ਜਾ ਸਕਦਾ ਹੈ।
ਇਨ੍ਹਾਂ ਬੀਮਾਰੀਆਂ ਨੂੰ ਹੀ ਵੈਕਸੀਨ ਪ੍ਰਿਵੈਂਟੇਬਲ ਡਿਜੀਜ਼ (VPDs) ਕਿਹਾ ਜਾਂਦਾ ਹੈ। ਇਹ ਬਿਮਾਰੀਆਂ ਲੰਬੇ ਸਮੇਂ ਦੀ ਬਿਮਾਰੀ, ਹਸਪਤਾਲ ਵਿੱਚ ਭਰਤੀ ਹੋਣ ਅਤੇ ਇੱਥੋਂ ਤੱਕ ਕਿ ਮੌਤ ਦਾ ਕਾਰਨ ਬਣ ਸਕਦੀਆਂ ਹਨ। ਵੈਕਸੀਨ ਪ੍ਰਿਵੈਂਟੇਬਲ ਡਿਜੀਜ਼ (VPDs) ਦੀਆਂ ਕੁਝ ਉਦਾਹਰਨਾਂ ਤਪਦਿਕ, ਪੋਲੀਓ, ਹੈਪੇਟਾਇਟਸ-ਬੀ, ਗਿਲ੍ਹੜ ਰੋਗ (ਡਿਪਥੀਰੀਆ), ਕਾਲੀ ਖਾਂਸੀ (ਪਰਟੂਸਿਸ),ਟੈਟਨਸ, ਖਸਰਾ, ਮੈਨਿਨਜੋਕੋਕਲ ਬਿਮਾਰੀ ਅਤੇ ਨਿਊਮੋਕੋਕਲ ਬਿਮਾਰੀਆਂ ਹਨ।
ਬੀਈਈ ਦਿਵੇਸ਼ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਬੀਮਾਰੀਆਂ ਤੋਂ ਬਚਾਉਣ ਲਈ ਸਰਕਾਰ ਵੱਲੋਂ ਬੱਚੇ ਦੇ ਜਨਮ ਤੋਂ ਹੀ ਵੈਕਸੀਨ ਲਗਾਉਣ ਦੇ ਲਈ ਟੀਕਾਕਰਨ ਸ਼ਡਿਊਲ ਬਣਾਇਆ ਗਿਆ ਹੈ। ਜਿਸ ਅਨੁਸਾਰ ਬੱਚਿਆਂ ਨੂੰ ਨਿਯਮਿਤ ਸਮੇਂ ‘ਤੇ ਵੈਕਸੀਨ ਦੀ ਡੋਜ਼ ਦਿੱਤੀ ਜਾਂਦੀ ਹੈ। ਪਰੰਤੂ ਵੈਕਸੀਨ ਦੀ ਪ੍ਰਭਾਵਿਕਤਾ ਅਤੇ ਬੀਮਾਰੀ ਦੇ ਪ੍ਰਸਾਰ ਕਾਰਨ 100 ਫੀਸਦੀ ਸੁਰੱਖਿਆ ਯਕੀਨੀ ਨਹੀਂ ਬਣਾਈ ਜਾ ਸਕਦੀ। ਇਸੇ ਲਈ ਸਰਕਾਰ ਵੱਲੋਂ ਇਨ੍ਹਾਂ ਬੀਮਾਰੀਆਂ ਦੇ ਸ਼ੱਕੀ ਮਰੀਜਾਂ ਦੀ ਲਗਾਤਾਰ ਭਾਲ ਕੀਤੀ ਜਾਂਦੀ ਹੈ ਅਤੇ ਸੈਂਪਲ ਲੈ ਕੇ ਜਾਂਚ ਕਰਵਾਈ ਜਾਂਦੀ ਹੈ। ਵੀਰਵਾਰ ਨੂੰ ਹੋਈ ਟਰੇਨਿੰਗ ਦਰਮਿਆਨ ਇਨ੍ਹਾਂ ਬੀਮਾਰੀਆਂ ਦੀ ਸ਼ੱਕੀ ਮਰੀਜਾਂ ਦੀ ਪਛਾਣ ਕਰਨ ਅਤੇ ਨਿਰਧਾਰਤ ਰਿਪੋਰਟਿੰਗ ਪਰਫਾਰਮੇ ਦੇ ਨਾਲ ਸੈਂਪਲ ਭੇਜੇ ਜਾਣ ਬਾਰੇ ਹਦਾਇਤਾਂ ਦਿੱਤੀਆਂ ਗਈਆ। ਇਸ ਦੌਰਾਨ ਪਰਕਾਸ਼ ਸਿੰਘ ਬਲਾਕ ਅਕੜਾ ਸਹਾਇਕ , ਵਿਨੋਦ ਕੁਮਾਰ ਇਨਫੋਰਮੇਸ਼ਨ ਅਸਿਸਟੈਂਟ ਆਦਿ ਹਾਜਰ ਸੀ।

English






