21 ਤੇ 22 ਅਕਤੂਬਰ ਨੂੰ ਬੀ.ਐੱਲ.ਓਜ਼ ਵੋਟਰਾਂ ਦੇ ਘਰ-ਘਰ ਜਾ ਕੇ ਅਧਾਰ ਕਾਰਡ ਨੂੰ ਵੋਟਰ ਸੂਚੀਆਂ ਨਾਲ ਲਿੰਕ ਕਰਨਗੇ
ਗੁਰਦਾਸਪੁਰ, 18 ਅਕਤੂਬਰ-
ਭਾਰਤ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਮਿਤੀ 1 ਜਨਵਰੀ 2023 ਦੀ ਯੋਗਤਾ ਦੇ ਅਧਾਰ ’ਤੇ ਵੋਟਰ ਸੂਚੀਆਂ ਦੀ ਸੁਧਾਈ ਅਤੇ ਅਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕਰਨ ਲਈ ਬੂਥ ਲੈਵਲ ’ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਨਾਂ ਵਿਸ਼ੇਸ਼ ਕੈਂਪਾਂ ਵਿੱਚ ਬੂਥ ਲੈਵਲ ਅਫ਼ਸਰਾਂ ਵੱਲੋਂ ਵੋਟਰਾਂ ਦੇ ਘਰ-ਘਰ ਜਾ ਕੇ ਵੋਟਰਾਂ ਦੀ ਵੋਟ ਅਤੇ ਅਧਾਰ ਕਾਰਡ ਨੂੰ ਗਰੁੜਾ ਐਪ ਵਿਧੀ ਰਾਹੀਂ ਆਨ-ਲਾਈਨ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਗੁਰਦਾਸਪੁਰ ਵਿੱਚ 70.08 ਫੀਸਦੀ ਵੋਟਰ ਕਾਰਡਾਂ ਨੂੰ ਅਧਾਰ ਕਾਰਡ ਨਾਲ ਲਿੰਕ ਕਰ ਲਿਆ ਗਿਆ ਹੈ।
ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਜਿਹੜੇ ਵੋਟਰ ਕਾਰਡ ਅਜੇ ਤੱਕ ਅਧਾਰ ਕਾਰਡਾਂ ਨਾਲ ਲਿੰਕ ਨਹੀਂ ਹੋ ਸਕੇ ਉਨ੍ਹਾਂ ਨੂੰ ਲਿੰਕ ਕਰਨ ਲਈ ਜ਼ਿਲ੍ਹੇ ਦੇ ਸਮੂਹ ਬੀ.ਐੱਲ.ਓਜ਼ ਵੱਲੋਂ ਮਿਤੀ 21 ਤੇ 22 ਅਕਤੂਬਰ 2022 ਨੂੰ ਆਪਣੇ ਇਲਾਕੇ ਦੇ ਵੋਟਰਾਂ ਦੇ ਘਰ-ਘਰ ਜਾ ਕੇ ਅਧਾਰ ਕਾਰਡਾਂ ਦੇ ਡਾਟੇ ਨੂੰ ਵੋਟਰ ਸੂਚੀਆਂ ਨਾਲ ਲਿੰਕ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਮੂਹ ਦਫ਼ਤਰਾਂ ਦੇ ਮੁੱਖੀਆਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਆਪਣੇ ਵਿਭਾਗ ਦੇ ਜਿਨ੍ਹਾਂ ਅਧਿਆਪਕਾਂ/ਕਰਮਚਾਰੀਆਂ ਦੀ ਡਿਊਟੀ ਬੀ.ਐੱਲ.ਓਜ਼ ਵਜੋਂ ਲੱਗੀ ਹੈ ਉਨ੍ਹਾਂ ਨੂੰ ਸਪੈਸ਼ਲ ਕੈਂਪਾਂ ਦੌਰਾਨ ਡਿਊਟੀ ਸਮੇਂ ਵਿੱਚ ਛੋਟ ਦਿੱਤੀ ਜਾਵੇ ਤਾਂ ਜੋ ਅਧਾਰ ਡਾਟਾ ਕੁਲੈਕਸ਼ਨ ਦੇ ਟੀਚੇ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ।
ਜ਼ਿਲ੍ਹਾ ਚੋਣ ਅਧਿਕਾਰੀ ਨੇ ਸਮੂਹ ਈ.ਆਰ.ਓਜ਼, ਸੈਕਟਰ ਅਫ਼ਸਰਾਂ ਅਤੇ ਸੁਪਰਵਾਈਜ਼ਰਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ 21 ਤੇ 22 ਅਕਤੂਬਰ ਨੂੰ ਇਹ ਯਕੀਨੀ ਬਣਾਉਣਗੇ ਕਿ ਸਾਰੇ ਬੀ.ਐੱਲ.ਓਜ਼ ਵੱਲੋਂ ਆਪਣੇ ਖੇਤਰਾਂ ਵਿੱਚ ਘਰ-ਘਰ ਜਾ ਕੇ ਅਧਾਰ ਕਾਰਡਾਂ ਦੇ ਡਾਟੇ ਨੂੰ ਵੋਟਰ ਸੂਚੀਆਂ ਨਾਲ ਲਿੰਕ ਕੀਤਾ ਜਾਵੇ। ਉਨਾਂ ਕਿਹਾ ਕਿ ਘੱਟ ਪ੍ਰਗਤੀ ਵਾਲੇ ਪੋਲਿੰਗ ਬੂਥਾਂ ਉੱਪਰ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਜ਼ਿਲ੍ਹੇ ਦੇ ਵੋਟਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਧਾਰ ਕਾਰਡ ਲਿੰਕ ਕਰਵਾਉਣ ਵਿੱਚ ਬੀ.ਐੱਲ.ਓਜ਼ ਨੂੰ ਸਹਿਯੋਗ ਕਰਨ।

English






