ਮਾਲ ਗੱਡੀਆਂ ਬੰਦ ਹੋਣ ਕਾਰਨ ਯੂਰੀਆਂ ਤੇ ਹੋਰ ਖਾਦਾਂ ਦੀ ਸਪਲਾਈ ਨਾ ਮਿਲਣ ਤੇ ਕਿਸਾਨਾਂ ਦਾ ਵੱਧ ਸਕਦਾ ਹੈ ਰੋਸ
ਤਰਨ ਤਾਰਨ, 01 ਨਵੰਬਰ :
ਖੇਤੀ ਕਾਨੂੰਨ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਲਾਈਨਾਂ ‘ਤੇ ਦਿੱਤੇ ਧਰਨੇ ਚੁੱਕੇ ਜਾਣ ਉਪਰੰਤ ਵੀ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਨਾ ਚਲਾਏ ਜਾਣ ਕਾਰਨ ਕਿਸਾਨਾਂ ਨੂੰ ਲੋੜ ਅਨੁਸਾਰ ਯੂਰੀਆ ਤੇ ਹੋਰ ਖਾਦਾਂ ਦੀ ਸਪਲਾਈ ਨਾ ਮਿਲਣ ਕਾਰਨ ਉਨ੍ਹਾਂ ਵਿੱਚ ਦਿਨ-ਬ-ਦਿਨ ਰੋਸ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਇਸ ਵਾਰ ਕਣਕ ਦੀ ਬਿਜਾਈ ਲੇਟ ਹੋਣ ਦਾ ਖਦਸ਼ਾ ਹੈ।
ਕਿਸਾਨਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਪੰਜਾਬ ਵਿੱਚ ਤੁਰੰਤ ਮਾਲ ਗੱਡੀਆਂ ਚਲਾ ਕੇ ਰਾਜ ਦੇ ਕਿਸਾਨਾਂ ਦੀ ਯੂਰੀਆਂ ਤੇ ਹੋਰ ਖਾਦਾਂ ਦੀ ਮੰਗ ਪੂਰੀ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਡੀ. ਏ. ਪੀ. ਖਾਦ ਵੀ ਜ਼ਿਲ੍ਹੇ ਵਿੱਚ ਲੋੜ ਅਨੁਸਾਰ ਉਪਲੱਬਧ ਨਹੀਂ। ਅਗਲੇ ਦਿਨਾਂ ਵਿੱਚ ਕਣਕ ਦੀ ਬਿਜਾਈ ਸ਼ੁਰੂ ਹੋਣ ਨਾਲ ਡੀ. ਏ. ਪੀ. ਖਾਦ ਨਾ ਮਿਲੀ ਤਾਂ ਕਣਕ ਦੀ ਬਿਜਾਈ ਪਛੜ ਜਾਣ ਦੇ ਆਸਾਰ ਹਨ।
ਜ਼ਿਲ੍ਹਾ ਤਰਨ ਤਾਰਨ ਵਿੱਚ ਫਰਟੀਲਾਈਜ਼ਰ ਦਾ ਕੰਮ ਕਰਦੇ ਇਕ ਵਪਾਰੀ ਨੇ ਦੱਸਿਆ ਕਿ ਯੂਰੀਆ ਖਾਦ ਦੀ ਵੱਡੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਕਿਸਾਨਾਂ ਦੀ ਮੰਗ ਪੂਰੀ ਕਰਨ ਤੋਂ ਅਸਮਰਥ ਹਨ।
ਖਾਦਾਂ ਦੀ ਸਲਪਾਈ ਸਬੰਧੀ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਤਰਨ ਤਾਰਨ ਸ੍ਰੀ ਸੁੱਚਾ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿਚਲੀਆਂ ਸਹਿਕਾਰੀ ਖੇਤੀਬਾੜੀ ਸਭਾਵਾਂ ਨੂੰ ਮਾਰਕਫੈਂਡ ਤੇ ਇਫਕੋ ਵੱਲੋਂ ਯੂਰੀਆਂ ਤੇ ਹੋਰ ਖਾਦਾਂ ਸਪਲਾਈ ਕੀਤੀਆਂ ਜਾਣੀਆਂ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਸਭਾਵਾਂ ਵੱਲੋਂ ਖਾਦਾਂ ਦੀ ਮੰਗ ਸਬੰਧੀ ਮਾਰਕਫੈੱਡ ਤੇ ਇਫ਼ਕੋ ਨੂੰ ਬੇਨਤੀ ਭੇਜੀ ਜਾ ਚੁੱਕੀ ਹੈ, ਪਰ ਅਜੇ ਤੱਕ ਸਹਿਕਾਰੀ ਸਭਾਵਾਂ ਨੂੰ ਲੋੜ ਅਨੁਸਾਰ ਖਾਦਾਂ ਦੀ ਸਪਲਾਈ ਨਹੀਂ ਹੋਈ, ਜਿਉਂ ਹੀ ਖੇਤੀਬਾੜੀ ਸਭਾਵਾ ਵਿੱਚ ਖਾਦਾਂ ਦੀ ਸਪਲਾਈ ਹੋਵੇਗੀ, ਉਸ ਤੋਂ ਤੁਰੰਤ ਬਾਅਦ ਹੀ ਸਭਾਵਾਂ ਕਿਸਾਨਾਂ ਦੀ ਲੋੜ ਪੂਰੀ ਕਰ ਸਕਣਗੀਆਂ।
ਮੁੱਖ ਖੇਤੀਬਾੜੀ ਅਫਸਰ ਸ੍ਰੀ ਕੁੁਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਜ਼ਿਲ੍ਹਾ ਮੋਗਾ ਵੱਲੋਂ ਵਿਭਾਗ ਦੇ ਜੁਆਇੰਟ ਡਾਇਰੈਕਟਰ (ਇਨਪੁੱਟ) ਪੰਜਾਬ ਨੂੰ ਯੂਰੀਆਂ ਖਾਦ ਦੀ ਦੀ ਡਿਮਾਂਡ ਭੇਜੀ ਗਈ ਹੈ। ਉਹਨਾਂ ਦੱਸਿਆ ਹੈ ਕਿ ਭਾਵੇਂ ਜ਼ਿਲ੍ਹੇ ਵਿੱਚ ਕੁੱਝ ਖਾਦ ਆ ਰਹੀ ਹੈ, ਡਿਮਾਂਡ ਵੱਧ ਹੋਣ ਕਾਰਨ ਲੋੜ ਪੂਰੀ ਨਹੀਂ ਹੋ ਰਹੀ ਹੈ।

English





