ਭਾਰਤ ਵਿਚ ਹਰ ਸਾਲ ਗੁਰਦਿਆਂ ਦੇ 2 ਲੱਖ ਨਵੇਂ ਮਰੀਜ਼ ਆਉਂਦੇ ਹਨ : ਡਾ. ਰਾਜੀਵ ਗੋਇਲ
ਸਜੀਵ ਗੁਰਦਾ ਦਾਨੀਆਂ ਤੋਂ ਗੁਰਦਾ ਬਦਲਣ ਵਿਚ ਭਾਰਤ ਦਾ ਦੂਜਾ ਰੈਂਕ : ਡਾ. ਨੀਰਜ ਗੋਇਲ
ਹੁਣ ਵੱਖ ਵੱਖ ਬਲੱਡ ਗਰੁੱਪਾਂ ਵਿਚ ਕਿਡਨੀ ਟਰਾਂਸਪਲਾਂਟ ਸੰਭਵ : ਡਾ. ਚਰਨਜੀਤ ਲਾਲ
ਚੰਡੀਗੜ, 20 ਅਕਤੂਬਰ ( )- ਗੁਰਦਿਆਂ ਦੀਆਂ ਗੰਭੀਰ ਬੀਮਾਰੀਆਂ ਅਤੇ ਕਿਡਨੀ ਟਰਾਂਸਪਲਾਂਟ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਅਲਕੈਮਿਸਟ ਹਸਪਤਾਲ ਪੰਚਕੂਲਾ ਦੇ ਡਾਕਟਰਾਂ ਦੀ ਟੀਮ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਇਸ ਟੀਮ ਵਿਚ ਹਸਪਤਾਲ ਦੇ ਗੁਰਦਾ ਵਿਗਿਆਨ ਵਿਭਾਗ ਦੇ ਮੁੱਖੀ ਡਾ. ਐਸ.ਕੇ.ਸ਼ਰਮਾ, ਯੂਰੋਲੋਜੀ ਅਤੇ ਕਿਡਨੀ ਟਰਾਂਸਪਲਾਂਟ ਬਾਰੇ ਸੀਨੀਅਰ ਕੰਸਲਟੈਂਟ ਡਾ. ਨੀਰਜ਼ ਗੋਇਲ, ਡਾ. ਰਾਜੀਵ ਗੋਇਲ, ਨੈਫਰੋਲੋਜੀ ਦੇ ਸੀਨੀਅਰ ਕੰਸਲਟੈਂਟ ਡਾ. ਰਮੇਸ਼ ਕੁਮਾਰ ਅਤੇ ਡਾ. ਚਰਨਜੀਤ ਲਾਲ ਸ਼ਾਮਲ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਐਸ.ਕੇ.ਸ਼ਰਮਾ ਨੇ ਕਿਹਾ ਕਿ ਭਾਰਤ ਵਿਚ ਹਰ ਸਾਲ ਇਕ ਲੱਖ 80 ਹਜ਼ਾਰ ਗੁਰਦੇ ਬਦਲਣ ਦੀ ਜਰੂਰਤ ਹੈ, ਪਰ 6000 ਤੋਂ ਵੱਧ ਗੁਰਦੇ ਤਬਦੀਲ ਨਹੀਂ ਹੁੰਦੇ। ਉਨਾਂ ਕਿਹਾ ਕਿ ਅਲਕੈਮਿਸਟ ਹਸਪਤਾਲ ਨੇ ਹੁਣ ਤੱਕ ਕਿਡਨੀ ਟਰਾਂਸਪਲਾਂਟ ਦੇ 100 ਕੇਸ ਕਾਮਯਾਬੀ ਨਾਲ ਕੀਤੇ ਹਨ। ਉਨਾਂ ਦੱਸਿਆ ਕਿ ਸਿਰਫ ਚੰਡੀਗੜ, ਮੋਹਾਲੀ ਅਤੇ ਪੰਚਕੂਲਾ ਤੋਂ ਹੀ ਨਹੀਂ ਸੱਗੋਂ ਦੂਰ ਦੁਰਾਡੇ ਦੀਆਂ ਥਾਵਾਂ ਜੰਮੂ, ਸ਼੍ਰੀਨਗਰ, ਬਿਹਾਰ, ਬਠਿੰਡਾ, ਸਹਾਰਨਪੁਰ, ਜੀਂਦ ਅਤੇ ਦੇਹਰਾਦੂਨ ਤੋਂ ਮਰੀਜ਼ਾਂ ਦੇ ਗੁਰਦੇ ਵੀ ਬਦਲੇ ਗਏ ਹਨ।
ਡਾ. ਨੀਰਜ਼ ਗੋਇਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਜੀਵ ਗੁਰਦਾ ਦਾਨੀਆਂ ਤੋਂ ਗੁਰਦਾ ਟਰਾਂਸਪਲਾਂਟ ਕਰਨ ਵਿਚ ਭਾਰਤ ਦਾ ਦੁਨੀਆ ਵਿਚ ਦੂਜਾ ਸਥਾਨ ਹੈ, ਜਿੱਥੇ 95 ਫੀੋਸਦੀ ਕਿਡਨੀ ਟਰਾਂਸਪਲਾਂਟ ਜਿੰਦਾ ਗੁਰਦਾ ਦਾਨੀਆਂ ਤੋਂ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਮਨੁੱਖੀ ਅੰਗਾਂ ਦੀ ਮੰਗ ਅਤੇ ਸਪਲਾਈ ਵਿਚ ਬਹੁਤ ਵੱਡਾ ਖੱਪਾ ਹੈ, ਜੋ ਦੁਰਘਟਨਾ ਜਾਂ ਹਾਦਸਿਆ ’ਚ ਹੁੰਦੀਆਂ ਮੌਤਾਂ (ਕਰੀਬ 4 ਲੱਖ ਸਾਲਾਨਾ) ਦਾ ਸ਼ਿਕਾਰ ਹੋਏ ਲੋਕਾਂ ਤੋਂ ਦਾਨ ਰਾਹੀਂ ਪੂਰਿਆ ਜਾ ਸਕਦਾ ਹੈ।
ਡਾ. ਰਾਜੀਵ ਗੋਇਲ ਨੇ ਕਿਹਾ ਕਿ ਹੁਣ ਨਵੀਆਂ ਤਕਨੀਕਾਂ ਅਤੇ ਆਧੁਨਿਕ ਦਵਾਈਆਂ ਸਦਕਾ ਹੋਰ ਬਲੱਡ ਗਰੁੱਪ ਦੇ ਗੁਰਦਾ ਦਾਨੀਆਂ ਤੋਂ ਵੀ ਕਿਡਨੀ ਟਰਾਂਸਪਲਾਂਟ ਕੀਤੀ ਜਾ ਸਕਦੀ ਹੈ।
ਹੋਰ ਪੜ੍ਹੋ :-ਸਿੰਘ ਨਾਲੇ ਵਿੱਚ ਰਸਾਇਣ ਘੁਲਣ ਦਾ ਮਾਮਲਾ: ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਵੱਲੋਂ ਪੰਚਕੂਲਾ ਦੀ ਫੈਕਟਰੀ ਦੀ ਸ਼ਨਾਖ਼ਤ
ਡਾ. ਚਰਨਜੀਤ ਲਾਲ ਨੇ ਦੱਸਿਆ ਕਿ ਸ਼ੂਗਰ, ਉਚ ਰਕਤਚਾਪ (ਹਾਈਪਰਟੈਂਸ਼ਨ), ਲਾਗ, ਪਿਸ਼ਾਬ ਨਲੀ ਵਿਚ ਰੁਕਾਵਟ ਅਤੇ ਪੱਥਰੀ ਵਗੈਰਾ ਗੁਰਦਿਆਂ ਦੇ ਗੰਭੀਰ ਰੋਗਾਂ ਦਾ ਕਾਰਨ ਬਣਦੇ ਹਨ, ਜਿਸ ਕਾਰਨ ਇਸ ਦਾ ਇਲਾਜ ਨਾਮੁਮਕਿਨ ਹੋ ਜਾਂਦਾ ਹੈ।
ਉਨਾਂ ਕਿਹਾ ਕਿ ਅਜਿਹੀਆਂ ਬੀਮਾਰੀਆਂ ਦੇ ਲਗਾਤਾਰ ਬਣੇ ਰਹਿਣ ਕਾਰਨ ਗੁਰਦੇ ਫੇਲ ਹੋ ਜਾਂਦੇ ਹਨ, ਜਿਸ ਦਾ ਇਲਾਜ ਕਿਡਨੀ ਟਰਾਂਸਪਲਾਂਟ ਜਾਂ ਲਗਾਤਾਰ ਡਾਇਲਸਿਸ ਕਰਵਾਉਣਾ ਹੀ ਹੈ। ਉਨਾਂ ਕਿਹਾ ਕਿ ਅਜਿਹੀ ਹਾਲਤ ਵਿਚ ਕਿਡਨੀ ਟਰਾਂਸਪਲਾਂਟ ਹੀ ਸਭ ਤੋਂ ਵਧੀਆ ਵਿਕਲਪ ਹੈ।
ਡਾ. ਰਮੇਸ਼ ਕੁਮਾਰ ਨੇ ਗੁਰਦਾ ਟਰਾਂਸਪਲਾਂਟ ਦੇ ਫਾਇਦਿਆਂ ਬਾਰੇ ਦਸਦਿਆਂ ਕਿਹਾ ਕਿ ਭਾਵੇਂ ਇਹ ਮਹਿੰਗਾ ਇਲਾਜ ਜਾਪਦਾ ਹੈ, ਪਰ ਲੰਬੇ ਸਮੇਂ ਲਈ ਇਹ ਡਾਇਲਸਸ ਅਤੇ ਸੀਏਪੀਡੀ ਨਾਲੋਂ ਸਸਤਾ ਪੈਂਦਾ ਹੈ ਅਤੇ ਇਸ ਨਾਲ ਮਰੀਜ਼ ਦੀ ਤੰਦਰੂਸਤੀ ਅਤੇ ਜੀਵਨ ਸ਼ੈਲੀ ਵਿਚ ਸੁਧਾਰ ਹੋ ਜਾਂਦਾ ਹੈ। ਉਨਾਂ ਦੱਸਿਆ ਕਿ ਡਾਇਬਟਿਜ ਅਤੇ ਹਾਈਪਰਟੈਂਸ਼ਨ ਦੇ ਮਰੀਜ਼ਾਂ ਵਿਚ ਤੇਜੀ ਨਾਲ ਵਾਧਾ ਹੋਣ ਕਾਰਨ ਦੇਸ਼ ਵਿਚ ਹਰ ਸਾਲ ਗੁਰਦੇ ਫੇਲ ਹੋਣ ਦੇ 2 ਲੱਖ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਉਨਾਂ ਕਿਹਾ ਕਿ ਦੇਸ਼ ਵਿਚ ਲੋਕਾਂ ਵਿਚ ਜਾਗਰੂਕਤਾ ਦੀ ਕਮੀ ਅਤੇ ਗੁਰਦਾ ਦਾਨੀਆਂ ਦੀ ਘਾਟ ਕਾਰਨ, ਇਕ ਸਾਲ ’ਚ ਮੁਸ਼ਕਲ ਨਾਲ 6000 ਗੁਰਦੇ ਟਰਾਂਸਪਲਾਂਟ ਹੁੰਦੇ ਹਨ।
ਡਾ. ਨੀਰਜ਼ ਗੋਇਲ ਨੇ ਅੰਗ ਦਾਨ ਕਰਨ ਬਾਰੇ ਦਸਦਿਆਂ ਕਿਹਾ ਕਿ ਆਮ ਤੌਰ ’ਤੇ ਅਸੀਂ ਆਪਣੀ ਤੰਦਰੂਸਤੀ ਬਾਰੇ ਬਹੁਤ ਸ਼ੱਕੀ ਹੋ ਜਾਂਦੇ ਹਾਂ, ਜਦ ਕਿਸੇ ਨੂੰ ਇਕ ਗੁਰਦਾ ਦਾਨ ਕਰਨ ਲਈ ਕਿਹਾ ਕਿ ਜਾਂਦਾ ਹੈ। ਸਾਨੂੰ ਫਿਰ ਸਮਝਣ ਦੀ ਲੋੜ ਹੈ ਕਿ ਇਕ ਗੁਰਦਾ ਦਾਨ ਕਰਨ ਨਾਲ ਸਾਡੀ ਸ਼ਾਰੀਰਕ ਯੋਗਤਾ (ਸਮਰਥਾ) ਉਪਰ ਕੋਈ ਮਾੜਾ ਅਸਰ ਨਹੀਂ ਹੁੰਦਾ। ਉਨਾਂ ਕਿਹਾ ਕਿ ਹੁਣ ਗੁਰਦਾ ਦਾਨੀ ਦਾ ਅਪਰੇਸ਼ਨ ਦੂਰਬੀਨ ਰਾਹੀਂ ਕੀਤਾ ਜਾਂਦਾ ਹੈ ਜੋ ਸੁਰਖਿਅਤ ਅਤੇ ਸਰਲ ਹੈ।
ਡਾ. ਰਾਜੀਵ ਗੋਇਲ ਨੇ ਦੱਸਿਆ ਕਿ ਕਿਡਨੀ ਟਰਾਂਸਪਲਾਂਟ ਸਮੇਂ ਬਹੁਤ ਸਾਰੀ ਕਾਨੂੰਨੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ। ਸਾਡੇ ਦੇਸ਼ ਦੇ ਕਾਨੂੰਨ ਮੁਤਾਬਿਕ ਨੇੜਲਾ ਰਿਸ਼ਤੇਦਾਰ (ਭੈਣ ਭਰਾ, ਮਾਂ ਪਿਓ, ਪਤੀ ਪਤਨੀ ਜਾਂ ਧੀ ਪੁੱਤਰ) ਹੀ ਕਿਡਨੀ ਦਾਨ ਕਰਦ ਸਕਦਾ ਹੈ। ਕਿਸੇ ਦੂਸਰੇ ਦਾਨੀ ਤੋਂ ਕਿਡਨੀ ਲੈਣ ਸਮੇਂ ਰਾਜ ਸਰਕਾਰ, ਜੇ ਵਿਦੇਸ਼ੀ ਨਾਗਰਿਕ ਹੋਵੇ ਤਾਂ ਸਫਾਰਤਖਾਨੇ ਅਤੇ ਵਿਦੇਸ਼ ਵਿਭਾਗ ਦੀ ਮਨਜੂਰੀ ਲਾਜਮੀ ਹੈ।

English






