ਲਾਲੜੂ ਵਿੱਚ 237 ਝੁੱਗੀ-ਝੌਂਪੜੀ ਵਾਲਿਆਂ ਨੂੰ ਮਲਕੀਅਤ ਦੇ ਅਧਿਕਾਰ ਦਿੱਤੇ
ਮੋਹਾਲੀ (ਡੇਰਾਬੱਸੀ), 2 ਨਵੰਬਰ 2021
ਪੇਂਡੂ ਜੀਵਨ ਵਿੱਚ ਤਬਦੀਲੀ ਲਿਆਉਣ ਦੇ ਉਦੇਸ਼ ਨਾਲ ਸੀਨੀਅਰ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਅਤੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਮੰਗਲਵਾਰ ਨੂੰ ਪਿੰਡ ਸਰਸੀਣੀ ਬਲਾਕ ਡੇਰਾਬਸੀ ਦੇ 34 ਬੇਜ਼ਮੀਨੇ ਤੇ ਬੇਘਰੇ ਲਾਭਪਾਤਰੀਆਂ ਅਤੇ ਬਾਕੀ ਪਿੰਡਾਂ ਦੇ 11 ਲਾਭਪਾਤਰੀਆਂ ਨੂੰ ਪੰਜ ਮਰਲੇ ਦੇ ਪਲਾਟਾਂ ਦੇ ਸੰਨਦ ਵੰਡੇ।
ਇਸ ਮੌਕੇ ਸ੍ਰੀ ਢਿੱਲੋਂ ਅਤੇ ਸ੍ਰੀਮਤੀ ਕਾਲੀਆ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਪਰਿਵਾਰ ਨੂੰ ਘਰ ਮੁਹੱਈਆ ਕਰਵਾਉਣ ਦਾ ਦ੍ਰਿੜ੍ਹ ਸੰਕਲਪ ਰੱਖਦੀ ਹੈ। ਉਨ੍ਹਾਂ ਇਸ ਪ੍ਰੋਗਰਾਮ ਨੂੰ ਪਿੰਡਾਂ ਦੇ ਸਰਵਪੱਖੀ ਵਿਕਾਸ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ। ਇਸ ਪ੍ਰੋਗਰਾਮ ਤਹਿਤ ਬੇਜ਼ਮੀਨੇ ਅਤੇ ਬੇਘਰਿਆਂ ਨੂੰ ਆਪਣੇ ਘਰ ਬਣਾਉਣ ਲਈ ਪੰਜ ਮਰਲੇ ਜ਼ਮੀਨ ਦਿੱਤੀ ਜਾਂਦੀ ਹੈ। ਸ਼੍ਰੀਮਤੀ ਕਾਲੀਆ ਨੇ ਅੱਗੇ ਕਿਹਾ ਕਿ ਇਸ ਸਕੀਮ ਦੇ ਮੁੱਖ ਲਾਭਪਾਤਰੀ ਉਹ ਗਰੀਬ ਲੋਕ ਹਨ, ਜਿਨ੍ਹਾਂ ਦੇ ਨਾਮ ਜਾਂ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਦੇ ਨਾਂ ‘ਤੇ ਕੋਈ ਜ਼ਮੀਨ ਜਾਂ ਮਕਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਸਹੀ ਲਾਭਪਾਤਰੀ ਦੀ ਪਛਾਣ ਕਰਨ ਦੀ ਜ਼ਿੰਮੇਵਾਰੀ ਗ੍ਰਾਮ ਪੰਚਾਇਤ ਅਧਿਕਾਰੀਆਂ ਦੀ ਹੈ।
ਇਸ ਦੌਰਾਨ ਲਾਲੜੂ ਦੇ 237 ਝੁੱਗੀ-ਝੌਂਪੜੀ ਵਾਲਿਆਂ ਨੂੰ ਸੂਬਾ ਸਰਕਾਰ ਦੀ ਝੁੱਗੀ-ਝੌਂਪੜੀ ਵਿਕਾਸ ਯੋਜਨਾ ‘ਬਸੇਰਾ’ ਤਹਿਤ ਮਲਕੀਅਤ ਦੇ ਅਧਿਕਾਰ ਦਿੱਤੇ ਗਏ। ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਪੂਜਾ ਗਰੇਵਾਲ ਨੇ ਦੱਸਿਆ ਕਿ ਵੱਧ ਤੋਂ ਵੱਧ ਯੋਗ ਪਰਿਵਾਰਾਂ ਦੀ ਪਛਾਣ ਕਰਨ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹਿਲਾਂ ਹੀ ਸਰਵੇਖਣ ਚੱਲ ਰਿਹਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਹਿਮਾਂਸ਼ੂ ਅਗਰਵਾਲ, ਡੀ.ਡੀ.ਪੀ.ਓ ਸੁਖਚੈਨ ਸਿੰਘ ਪਾਪੜਾ, ਬੀ.ਡੀ.ਪੀ.ਓ ਪ੍ਰਨੀਤ ਕੌਰ ਅਤੇ ਹੋਰ ਹਾਜ਼ਰ ਸਨ।

English






