ਪੰਜਾਬ ਵਿੱਚ ਵਪਾਰ ਦੇ ਵਿਕਾਸ ਨਾਲ ਹੀ ਵਧੇਗਾ ਰੋਜ਼ਗਾਰ: ਮਨੀਸ਼ ਸਿਸੋਦੀਆ

MANISH SISODIA
ਪੰਜਾਬ ਵਿੱਚ ਵਪਾਰ ਦੇ ਵਿਕਾਸ ਨਾਲ ਹੀ ਵਧੇਗਾ ਰੋਜ਼ਗਾਰ: ਮਨੀਸ਼ ਸਿਸੋਦੀਆ
-‘ਆਪ’ ਨੂੰ ਇੱਕ ਮੌਕਾ ਦੇ ਕੇ ਦੇਖੋ, ਕਰਕੇ ਰਾਹ ਦਿਖਾਇਆ, ਕਰਕੇ ਦਿਖਾਵਾਂਗੇ ਅਤੇ ਉਦਯੋਗ ਨੂੰ ਨਵੀਂ ਸੋਚ ਦੇਵਾਂਗੇ: ਮਨੀਸ਼ ਸਿਸੋਦੀਆ
-ਵਪਾਰੀ ਵਰਗ ਕੋਲ ਸਮੱਸਿਆਵਾਂ ਦਾ ਹੱਲ ਹੈ, ਬਸ ਸਰਕਾਰ ਸੁਣ ਲਵੇ
-ਅਰਵਿੰਦ ਕੇਜਰੀਵਾਲ ਕੋਲ ਹੈ ’ਕੰਮ ਦੀ ਰਾਜਨੀਤੀ: ਸਿਸੋਦੀਆ

ਹੁਸ਼ਿਆਰਪੁਰ/  ਦਸੂਹਾ, 23 ਨਵੰਬਰ 2021

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਦਸੂਹਾ ਅਤੇ ਹੁਸ਼ਿਆਰਪੁਰ ਸ਼ਹਿਰਾਂ ਵਿੱਚ ਉਦਯੋਗਪਤੀਆਂ, ਕਾਰੋਬਾਰੀਆਂ, ਵਿਦਵਾਨਾਂ ਅਤੇ ਅਧਿਆਪਕਾਂ ਨਾਲ ਵਿਸ਼ੇਸ਼ ਬੈਠਕ ਕੀਤੀ ਤਾਂ ਜੋ ਵਪਾਰ ਅਤੇ ਸਿੱਖਿਆ ਜਗਤ ਦੀਆਂ ਲੋੜਾਂ, ਚੁਣੌਤੀਆਂ ਅਤੇ ਸਮੱਸਿਆਵਾਂ ਨੂੰ ਸਮਝ ਕੇ ਇਨ੍ਹਾਂ ਦਾ ਹੱਲ ਪੰਜਾਬ ਵਿਧਾਨ ਸਭਾ ਦੀਆਂ 2022 ‘ਚ ਹੋਣ ਵਾਲੀਆਂ ਚੋਣਾ ਸਮੇਂ ‘ਆਪ’ ਦੇ ਚੋਣ ਮਨੋਰਥ ਪੱਤਰ ‘ਚ ਸ਼ਾਮਲ ਕਰਕੇ ਲੋਕਾਂ ਅੱਗੇ ਰੱਖਿਆ ਜਾ ਸਕੇ।

ਹੋਰ ਪੜ੍ਹੋ :-ਰਣਦੀਪ ਨਾਭਾ ਨੇ ਕੇਂਦਰ ਸਰਕਾਰ ਤੋਂ 15 ਦਸੰਬਰ ਤੱਕ 5 ਲੱਖ ਮੀਟਰਿਕ ਟਨ ਯੂਰੀਆ ਉਪਲਬਧ ਕਰਾਉਣ ਦੀ ਕੀਤੀ ਮੰਗ 

ਮਨੀਸ਼ ਸਿਸੋਦੀਆਂ ਨੇ ਉਦਯੋਗਪਤੀਆਂ, ਕਾਰੋਬਾਰੀਆਂ, ਵਿਦਵਾਨਾਂ ਅਤੇ ਅਧਿਆਪਕਾਂ ਦੀਆਂ ਚਿੰਤਾਵਾਂ ਅਤੇ ਸਮੱਸਿਆਵਾਂ ਨੂੰ ਸੁਣਿਆ ਅਤੇ ਉਨ੍ਹਾਂ ਦੇ ਹੱਲ ਲਈ ‘ਆਪ’ ਦੀ ਰਾਜਨੀਤਿਕ ਇੱਛਾ ਨੂੰ ਵੀ ਸਾਂਝਾ ਕੀਤਾ। ਉਨ੍ਹਾਂ ਕਿਹਾ, ”ਵਪਾਰ ਜਗਤ ਦੇ ਸਾਰੇ ਕਾਰੋਬਾਰੀਆਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹਨ ਅਤੇ ਇਨ੍ਹਾਂ ਦਾ ਹੱਲ ਵੀ ਕਾਰੋਬਾਰੀਆਂ ਕੋਲ ਹੀ ਹੈ। ਪਰ ਜ਼ਰੂਰਤ ਹੈ ਰਾਜਨੀਤਿਕ ਇੱਛਾ ਸ਼ਕਤੀ ਦੀ। ਪੰਜਾਬ ਦਾ ਹਰ ਛੋਟਾ- ਵੱਡਾ ਕਾਰੋਬਾਰੀ ਆਪਣੀਆਂ ਸਮੱਸਿਆਵਾਂ ਅਤੇ ਹੱਲ ਜਾਣਦਾ ਹੈ, ਬਸ ਸਰਕਾਰ ਉਨ੍ਹਾਂ ਦੀ ਸੁਣ ਲਵੇ।

‘ਆਪ’ ਆਗੂ ਨੇ ਸਮਾਗਮ ਦੌਰਾਨ ਉਦਯੋਗਪਤੀਆਂ, ਕਾਰੋਬਾਰੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਬਦਕਿਸਮਤੀ ਹੈ ਕਿ ਪੰਜਾਬ ਦੇ ਸਿਆਸਤਦਾਨ ਨਾ ਕੇਵਲ ਉਦਯੋਗ ਜਗਤ ਲਈ ਸੁੱਤੇ ਪਏ ਹਨ, ਸਗੋਂ ਸਿੱਖਿਆ ਖੇਤਰ ਦੇ ਲੋਕਾਂ ਵਿੱਚ ਵੀ ਭਰੋਸਾ ਖੋਹ ਚੁੱਕੇ ਹਨ। ਪੰਜਾਬ ਦੀ ਸਰਕਾਰੀ ਸਿੱਖਿਆ ਵਿਵਸਥਾ ਨੂੰ ਅਣਦੇਖਾ ਕੀਤਾ ਗਿਆ ਅਤੇ ਇਸ ਕਾਰਨ ਲੋਕਾਂ ਦਾ ਸਰਕਾਰ ਤੋਂ ਭਰੋਸਾ ਖ਼ਤਮ ਹੋ ਗਿਆ ਹੈ। ਸਿਸੋਦੀਆ ਨੇ ਉਦਾਹਰਣ ਦਿੱਤੀ ਕਿ ਦਿੱਲੀ ਵਿੱਚ ‘ਆਪ’ ਦੀ ਸਰਕਾਰ ਬਣਨ ਤੋਂ ਪਹਿਲਾ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦਾ ਨਜ਼ਰੀਆ ਪੰਜਾਬ ਜਿਹਾ ਹੀ ਉਦਾਸੀ ਭਰਿਆ ਸੀ। ਪਰ ‘ਆਪ’ ਨੇ ਰਾਜਨੀਤਿਕ ਇੱਛਾ ਸ਼ਕਤੀ ਨਾਲ ਵਿਦਵਾਨਾਂ ਅਤੇ ਅਧਿਆਪਕਾਂ ਨਾਲ ਬੈਠਕਾਂ ਕਰਕੇ ਇਸ ਦਾ ਹੱਲ ਕੱਢਿਆ ਅਤੇ ਸੁਧਾਰ ਦੀ ਨੀਤੀ ਲਾਗੂ ਕੀਤੀ। ਅੱਜ ਦਿੱਲੀ ਦੇ ਸਰਕਾਰੀ ਸਕੂਲ ਇਸ ਮੁਕਾਮ ‘ਤੇ ਹਨ ਕਿ ਉਨ੍ਹਾਂ ਦੀ ਉਦਾਹਰਣਾਂ ਦੇਸ਼ਾਂ- ਵਿਦੇਸ਼ਾਂ ਵਿੱਚ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਨੇ ਦਿੱਲੀ ਵਿੱਚ ਸਿੱਖਿਆ ਵਿਵਸਥਾ ਨੂੰ ਠੀਕ ਕਰਕੇ ਦਿਖਾਇਆ ਹੈ ਅਤੇ ਪੰਜਾਬ ਵਿੱਚ ਵੀ ਸਰਕਾਰ ਬਣਨ ‘ਤੇ ਕਰਕੇ ਦਿਖਾਵਾਂਗੇ।

ਇਸ ਤੋਂ ਇਲਾਵਾ ਮਨੀਸ਼ ਸਿਸੋਦੀਆ ਨੇ ਉਦਯੋਗਪਤੀਆਂ, ਕਾਰੋਬਾਰੀਆਂ ਅਤੇ ਵਪਾਰੀਆਂ ਨੂੰ ਕਿਹਾ ਕਿ ਹੁਣ ਤੱਕ ਦੀਆਂ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਦੇ ਉਦਯੋਗਾਂ ਨੂੰ ਬਰਬਾਦ ਕਰਨ ‘ਤੇ ਹੀ ਜ਼ੋਰ ਦਿੱਤਾ ਹੈ ਕਿਉਂਕਿ ਪੰਜਾਬ ਵਿੱਚ ਰਾਜਨੀਤਿਕ ਦਖ਼ਲਅੰਦਾਜ਼ੀ ਐਨੀ ਜ਼ਿਆਦਾ ਹੈ ਕਿ ਉਹ ਪਹਿਲਾ ਆਪਣਾ ਹਿੱਸਾ ਮੰਗਦੇ ਹਨ ਅਤੇ ਫਿਰ ਇੰਸਪੈਕਟਰ ਹਿੱਸਾ ਮੰਗਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵਪਾਰੀਆਂ, ਕਾਰੋਬਾਰੀਆਂ ਨੂੰ ਸਹੂਲਤਾਂ ਨਹੀਂ ਮਿਲਦੀਆਂ, ਉਦੋਂ ਤੱਕ ਨਾ ਤਾਂ ਰੋਜ਼ਗਾਰ ਵਧਣਗੇ ਅਤੇ ਨਾ ਹੀ ਕੋਈ ਰਾਜ ਅਤੇ ਦੇਸ਼ ਤਰੱਕੀ ਕਰ ਸਕਦਾ ਹੈ। ਸਿਸੋਦੀਆ ਨੇ ਦਿੱਲੀ ਦੀ ਉਦਾਹਰਣ ਦਿੰਦਿਆਂ ਸਮਝਾਇਆ ਕਿ ‘ਆਪ’ ਵੱਲੋਂ ਵਪਾਰ ਤੇ ਉਦਯੋਗ ਜਗਤ ਨੂੰ ਮਜ਼ਬੂਤ ਬਣਾਉਣ ਲਈ ਬੱਚਿਆਂ ਦੇ ਦਿਮਾਗ਼ ਵਿੱਚ ‘ਬਿਜ਼ਨਸ ਆਈਡੀਆ’ ਵਿਕਸਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਵੱਖ ਵੱਖ ਯੂਨੀਵਰਸਿਟੀਆਂ ਵਿੱਚ ਕਈ ਤਰਾਂ ਦੇ ਸਰਟੀਫਿਕੇਟ ਕੋਰਸ, ਡਿਪਲੋਮਾ ਕੋਰਸ ਅਤੇ ਡਿਗਰੀ ਕੋਰਸਾਂ ਸ਼ੁਰੂ ਕੀਤੇ ਗਏ ਹਨ, ਤਾਂ ਜੋ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਵਪਾਰ ਦੇ ਖੇਤਰ ਨਵੇਂ ਕਦਮ ਚੁੱਕੇ ਜਾਣ।

ਮਨੀਸ਼ ਸਿਸੋਦੀਆ ਨੇ ਕਿਹਾ ਕਿ ਐਫੀਡੇਵਿਟ ਦੀ ਆੜ ਵਿੱਚ ਸਰਕਾਰੀ ਫ਼ਰਜ਼ੀ ਵਾੜਾ ਹੁੰਦਾ ਹੈ, ਇਸ ਲਈ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ 454 ਕਿਸਮਾਂ ਦੇ ਐਫੀਡੇਵਿਟ ਹੀ ਖ਼ਤਮ ਕਰ ਦਿੱਤੇ ਹਨ। ਜਿਸ ਨਾਲ ਸਰਕਾਰੀ ਦਫ਼ਤਰਾਂ ਦੀ ‘ਸੈਟਿੰਗ’ ਭਾਵ ਲੈਣ- ਦੇਣ ਵਾਲੀ ਖਿੜਕੀ ਹੀ ਬੰਦ ਹੋ ਗਈ ਅਤੇ ਦਲਾਲਾਂ ਦਾ ਕਮਿਸ਼ਨ ਖ਼ਤਮ ਹੋ ਗਿਆ। ਦਿੱਲੀ ਵਿੱਚ 140 ਕਿਸਮਾਂ ਦੀਆਂ ਸਹੂਲਤਾਂ ਕੇਵਲ 1076 ਨੰਬਰ ਡਾਇਲ ਕਰਨ ‘ਤੇ ਘਰ ਬੈਠੇ ਹੀ ਮਿਲ ਜਾਂਦੀਆਂ ਹਨ।

ਸਿਸੋਦੀਆ ਨੇ ਕਿਹਾ ਕਿ ਜਦੋਂ ਦੇਸ਼ ਦੀ ਰਾਜਨੀਤੀ, ਸਿੱਖਿਆ ਅਤੇ ਵਪਾਰ ਲਈ ਇਮਾਨਦਾਰ ਹੋਵੇਗੀ ਤਾਂ ਹੀ ਦੇਸ਼ ਦਾ ਵਿਕਾਸ ਹੋ ਸਕੇਗਾ। ਪੰਜਾਬ ਵਿੱਚ ਵਪਾਰ ਦੇ ਵਿਕਾਸ ਨਾਲ ਹੀ ਰੋਜ਼ਗਾਰ ਵਧੇਗਾ। ਉਨ੍ਹਾਂ ਕਿਹਾ ਕਿ ਨਵੇਂ ਯੁੱਗ ਦੇ ਉਦਯੋਗ ਦੀ ਸ਼ੁਰੂਆਤ ਲਈ ਦਿੱਲੀ ਵਿੱਚ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ‘ਤੇ ਉਦਯੋਗ ਜਗਤ ਦੇ ਪੁਨਰ ਵਿਕਾਸ ਲਈ ਵੀ ਨਵੇਂ ਮੁਕਾਮ ਸਥਾਪਤ ਕੀਤੇ ਜਾਣਗੇ।

ਇਸ ਮੌਕੇ ‘ਤੇ ਮੁਨੀਸ਼ ਸਿਸੋਦੀਆ ਨਾਲ ਹੁਸ਼ਿਆਰਪੁਰ ਤੋਂ ਹਲਕਾ ਇੰਚਾਰਜ ਬ੍ਰਹਮ ਸ਼ੰਕਰ ਜਿੰਮਪਾ, ਦਸੂਹਾ ਤੋਂ ਹਲਕਾ ਇੰਚਾਰਜ ਕਰਮਵੀਰ ਘੁੰਮਣ,  ਸੂਬਾ ਸਕੱਤਰ ਡਾ. ਅਨਿਲ ਭਾਰਦਵਾਜ, ਸ਼ਿਵ ਕੌੜਾ, ਲੋਕ ਸਭਾ ਇੰਚਾਰਜ ਹਰਮਿੰਦਰ ਸਿੰਘ ਬਖ਼ਸੀ, ਸੰਯੁਕਤ ਸਕੱਤਰ ਸੰਦੀਪ ਸੈਣੀ, ਜਸਪਾਲ ਚੇਚੀ, ਦਲੀਪ ਓਹਰੀ, ਮੋਹਨ ਲਾਲ, ਕਰਮਜੀਤ ਕੌਰ, ਰਮਨ ਮਿੱਤਲ ਅਤੇ ਅਨਿਲ ਠਾਕਰ ਮੌਜੂਦ ਸਨ।