ਚੰਨੀ ਨੂੰ ਮੁੱਖ ਮੰਤਰੀ ਚਿਹਰਾ ਨਾ ਐਲਾਨਕੇ ਕਾਂਗਰਸ ਨੇ ਦਲਿਤਾਂ ਨਾਲ ਕੀਤਾ ਧੋਖਾ – ਜਸਵੀਰ ਸਿੰਘ ਗੜ੍ਹੀ

Sorry, this news is not available in your requested language. Please see here.

26.12.2021 ਜਲੰਧਰ/ ਚੰਡੀਗੜ੍ਹ
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨੇ ਜਾਣ ’ਤੇ ਬਸਪਾ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਕਾਂਗਰਸ ’ਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਕਾਂਗਰਸ ਦੇ ਇਸ ਫੈਸਲੇ ਨਾਲ ਕਾਂਗਰਸ ਦਾ ਦਲਿਤ ਵਿਰੋਧੀ ਚੇਹਰਾ ਬੇਨਕਾਬ ਹੋਇਆ ਹੈ। ਸ. ਗੜ੍ਹੀ ਨੇ ਕਿਹਾ ਕਿ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਵਿਚ ਕਾਂਗਰਸ ਸਰਕਾਰ ਵਿਰੁੱਧ ਰੋਸ ਸੀ। ਕਾਂਗਰਸ ਦੀ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਉਨ੍ਹਾਂ ਵਿਚੋਂ ਇਕ ਵੀ ਪੂਰਾ ਨਹੀਂ ਕੀਤਾ ਸੀ। ਕਾਂਗਰਸ ਪਾਰਟੀ ਦੇ ਇਸੇ ਸਾਢੇ ਚਾਰ ਸਾਲਾਂ ਦੇ ਕਾਲੇ ਕਲੰਕ ਨੂੰ ਮਿਟਾਉਣ ਖਾਤਰ ਕੈਪਟਨ ਨੂੰ ਕੁਰਸੀ ਤੋਂ ਲਾਹਕੇ ਸ਼੍ਰੀ ਚਰਨਜੀਤ ਸਿੰਘ ਚੰਨੀ ਨੂੰ 89ਦਿਨਾਂ ਦੇ ਛੋਟੇ ਜਿਹੇ ਕਾਰਜਕਾਲ ਦਾ ਮੁੱਖ ਮੰਤਰੀ ਲਗਾਕੇ ਕਾਂਗਰਸ ਨੇ ਆਪਣੀ ਕਲੰਕਿਤ ਛਵੀ ਸੁਧਾਰਨ ਦੀ ਕੋਸ਼ਿਸ਼ ਕੀਤੀ। ਕਾਂਗਰਸ ਨੇ ਦਲਿਤ ਚੇਹਰੇ ਦਾ ਕਾਰਡ ਖੇਡ ਕੇ ਦਲਿਤਾਂ ਨੂੰ ਗੁੰਮਰਾਹ ਕੀਤਾ ਪਰ ਹੁਣ ਕਾਂਗਰਸ ਦੀ ਚਾਲ ਬੇਨਕਾਬ ਹੋ ਗਈ ਹੈ। ਜੇਕਰ ਕਾਂਗਰਸ ਆਪਣੇ ਆਪ ਨੂੰ ਦਲਿਤਾਂ ਦੀ ਹਮਦਰਦ ਪਾਰਟੀ ਆਖਦੀ ਹੈ ਤਾਂ ਉਹ ਅਗਲੇ ਮੁੱਖ ਮੰਤਰੀ ਚਿਹਰੇ ਲਈ ਮੁੱਖ ਮੰਤਰੀ ਸ਼੍ਰੀ ਚਰਨਜੀਤ ਚੰਨੀ ਦੇ ਨਾਂ ਦਾ ਐਲਾਨ ਕਿਉਂ ਨਹੀਂ ਕਰ ਰਹੀ ਹੈ।  ਸ. ਗੜ੍ਹੀ ਨੇ ਕਿਹਾ ਕਿ ਕਾਂਗਰਸ ਪਾਰਟੀ ਪਰਦੇ ਦੇ ਬਾਹਰ ਕੁਝ ਹੋਰ ਹੈ ਅਤੇ ਪਰਦੇ ਦੇ ਪਿੱਛੇ ਕੁਝ ਹੋਰ ਹੀ ਚੱਲਦਾ ਹੈ।
ਸ. ਗੜ੍ਹੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਹਾਰਾਸ਼ਟਰ ਵਿਚ ਵੀ ਕਾਂਗਰਸ ਪਾਰਟੀ ਨੇ ਇਸੇ ਤਰ੍ਹਾਂ ਦੀ ਚਾਲ ਚੱਲੀ ਸੀ। ਓਥੇ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਮੁੱਖ ਮੰਤਰੀ ਲਗਾਇਆ ਸੀ ਚੋਣਾਂ ਜਿੱਤਣ ਤੋਂ ਬਾਅਦ ਸ਼ਿੰਦੇ ਨੂੰ ਕਾਂਗਰਸ ਨੇ ਮੁੱਖ ਮੰਤਰੀ ਨਹੀਂ ਲਗਾਇਆ ਸਗੋਂ ਮੁੱਖ ਮੰਤਰੀ ਦੇਸ਼ਮੁਖ ਨੂੰ ਲਗਾਕੇ ਸ਼ਿੰਦੇ ਨੂੰ ਬੇਇਜ਼ਤ ਕਰਕੇ ਕੇਂਦਰ ਵਿਚ ਟੁੱਟਾ ਭੱਜਾ ਮੰਤਰੀ ਬਣਾ ਦਿੱਤਾ।  ਹੁਣ ਪੰਜਾਬ ਵਿਚ ਵੀ ਇਹੋ ਹਾਲਾਤ ਬਣੇ ਹਨ ਕਿ ਮੁੱਖ ਮੰਤਰੀ ਚੰਨੀ ਨੂੰ ਵੀ ਚੋਣਾਂ ਤੋਂ ਬਾਅਦ ਦਰਬਦਰ ਕਰਕੇ ਦਲਿਤ ਸਮਾਜ ਦਾ ਅਪਮਾਨ ਕੀਤਾ ਜਾਵੇਗਾ। ਸ. ਗੜ੍ਹੀ ਨੇ ਕਿਹਾ ਕਿ ਅਸਲ ਵਿਚ ਕਾਂਗਰਸ ਪਾਰਟੀ ਪੰਜਾਬ ਵਿਚ ਆਪਣਾ ਆਧਾਰ ਗੁਆ ਚੁੱਕੀ ਹੈ। ਇਸ ਦੇ ਆਪਣੇ ਲੀਡਰ ਸਿੱਧੂ ਰੰਧਾਵੇ ਜਾਖੜ ਬਾਜਵੇ ਪੰਜਾਬ ਦੇ ਹਿੱਤਾਂ ਦੀ ਥਾਂ ਕੁਰਸੀ ਦੇ ਮਗਰ ਲੱਗੇ ਹੋਏ ਹਨ ਅਤੇ ਸਾਰੇ ਕਾਂਗਰਸੀ ਨੇਤਾ ਮੁੱਖ ਮੰਤਰੀ ਬਣਨ ਦੀ ਲਾਈਨ ਵਿਚ ਲੱਗੇ ਹੋਏ ਹਨ। ਇਸ ਲਈ ਕਾਂਗਰਸ ਹਾਈਕਮਾਂਡ ਨੇ ਮਹਾਰਾਸ਼ਟਰ ਫਾਰਮੂਲੇ ਦੇ ਅਧਾਰ ਤੇ ਬਿਨਾਂ ਮੁੱਖ ਮੰਤਰੀ ਚੇਹਰੇ ਦੇ ਵਿਧਾਨ ਸਭਾ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਜੇਕਰ ਕਾਂਗਰਸ ਪਾਰਟੀ ਪੰਜਾਬ ਦੇ ਹਿੱਤਾਂ ਅਤੇ ਭਲਾਈ ਲਈ ਦਾਅਵੇ ਕਰਦੀ ਹੈ ਇਸ ਨੂੰ ਚਾਹੀਦਾ ਹੈ ਕਿ ਆਮ ਜਨਤਾ ਨੂੰ ਦੱਸੇ ਕਿ ਉਹ ਕਿਸ ਚਿਹਰੇ ਨੂੰ ਮੁੱਖ ਮੰਤਰੀ ਚਿਹਰਾ ਐਲਾਨ ਕੇ ਵਿਧਾਨ ਸਭਾ ਚੋਣਾਂ ਲੜੇਗੀ।