ਕੇਜਰੀਵਾਲ ਨੇ ਸ਼ਾਮ ਚੁਰਾਸੀ ਵਿੱਚ ਡਾ. ਰਵਜੋਤ ਲਈ ਕੀਤਾ ਚੋਣ ਪ੍ਰਚਾਰ
ਸ਼ਾਮ ਚੁਰਾਸੀ/ ਹੁਸ਼ਿਆਰਪੁਰ / ਚੰਡੀਗੜ, 14 ਫਰਵਰੀ 2022
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਉਮੀਦਵਾਰਾਂ ਡਾ. ਰਵਜੋਤ ਸਿੰਘ ਅਤੇ ਬ੍ਰਹਮ ਸ਼ੰਕਰ ਜਿੰਪਾ ਲਈ ਵਿਧਾਨ ਸਭਾ ਹਲਕਾ ਸ਼ਾਮ ਚੁਰਾਸੀ ਅਤੇ ਹੁਸ਼ਿਆਰਪੁਰ ਵਿੱਚ ਚੋਣ ਪ੍ਰਚਾਰ ਕੀਤਾ। ਵੱਖ- ਵੱਖ ਥਾਂਵਾਂ ‘ਤੇ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨਾਂ ਵੱਲੋਂ ‘ਆਪ’ ਉਮੀਦਵਾਰਾਂ ਡਾ. ਰਵਜੋਤ ਸਿੰਘ ਅਤੇ ਬ੍ਰਹਮ ਸ਼ੰਕਰ ਜਿੰਪਾ ਨੂੰ ਪਾਈ ਗਈ ਇੱਕ- ਇੱਕ ਵੋਟ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਨੂੰ ਪਵੇਗੀ ਅਤੇ ਪੰਜਾਬ ਵਿੱੱਚ ਇੱਕ ਇਮਾਨਦਾਰ ਸਰਕਾਰ ਬਣੇਗੀ।
ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਵੱਲੋਂ ਸੰਕੇਤਕ ਭਾਸ਼ਾ ਦੇ ਵੋਟਰ ਜਾਗਰੂਕਤਾ ਪੋਸਟਰ ਜਾਰੀ
ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਅਤੇ ਸ਼ਾਮ ਚੁਰਾਸੀ ਵਿੱਚ ਪ੍ਰਚਾਰ ਕਰਦਿਆਂ ਵਾਅਦਾ ਕੀਤਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਪਰਚਾ ਰਾਜ ਖ਼ਤਮ ਕੀਤਾ ਜਾਵੇਗਾ ਅਤੇ ਨੌਜਵਾਨਾਂ ‘ਤੇ ਕੀਤੇ ਗਏ ਝੂਠੇ ਪਰਚੇ ਰੱਦ ਕੀਤੇ ਜਾਣਗੇ। ਉਨਾਂ ਅੱਗੇ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ‘ਤੇ ਹਰ ਘਰ ਵਿੱਚ 7 ਲੱਖ ਰੁਪਏ ਦੀ ਬੱਚਤ ਹੋਵੇਗੀ। ਪੰਜਾਬ ਦੇ ਲੋਕ ਸਿਆਣੇ ਹਨ, ਜਦੋਂ ਲੋਕ 7 ਲੱਖ ਰੁਪਏ ਦੀ ਬੱਚਤ ਹੋਣ ਦੀ ਗੱਲ ਸਮਝ ਜਾਂਦੇ ਹਨ ਤਾਂ ਉਹ ਹੋਰਨਾਂ ਪਾਰਟੀਆਂ ਕੋਲੋਂ 2000-2000 ਰੁਪਏ ਲੈਣ ਤੋਂ ਇਨਕਾਰ ਕਰ ਦਿੰਦੇ ਹਨ। ਕੇਜਰੀਵਾਲ ਨੇ ਕਿਹਾ ਕਿ ਸ਼ਾਮ ਚੁਰਾਸੀ ਸਮੇਤ ਸੂਬੇ ਭਰ ‘ਚ ਹਸਪਤਾਲ ਬਣਾਏ ਜਾਣਗੇ ਅਤੇ ਪਰਲ ਸਮੇਤ ਹੋਰ ਕੰਪਨੀਆਂ ਵੱਲੋਂ ਲੋਕਾਂ ਦਾ ਲੁੱਟਿਆ ਪੈਸਾ ਲੋਕਾਂ ਨੂੰ ਵਾਪਸ ਕਰਵਾਇਆ ਜਾਵੇਗਾ।
ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਪੱਕੀ ਹੈ, ਕਿਉਂਕਿ ਟੀ.ਵੀ. ਚੈਨਲ ਵਾਲੇ ਵੀ ਆਪਣੇ ਸਰਵਿਆਂ ਵਿੱਚ ਆਮ ਆਦਮੀ ਪਾਰਟੀ ਵੱਲੋਂ 65 ਸੀਟਾਂ ਜਿੱਤਣ ਦੀ ਗੱਲ ਆਖਦੇ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਾਂ ਪੰਜਾਬ ਵਿੱਚ ਇੱਕ ਮਜ਼ਬੂਤ ਅਤੇ ਇਮਾਨਦਾਰ ਸਰਕਾਰ ਬਣਾਉਣੀ ਹੈ। ਇਸ ਲਈ ਕੇਵਲ 65 ਸੀਟਾਂ ਨਹੀਂ ਸਗੋਂ 80 ਸੀਟਾਂ ਜਿੱਤਣੀਆਂ ਹਨ। ਇਸ ਲਈ ਹਰੇਕ ਵੋਟਰ ਆਪਣੀ ਵੋਟ ‘ਝਾੜੂ’ ਨੂੰ ਪਾਵੇ ਅਤੇ ਆਪਣੇ ਰਿਸਤੇਦਾਰਾਂ, ਦੋਸਤਾਂ ਨੂੰ ਵੀ ‘ਝਾੜੂ’ ਨੂੰ ਵੋਟ ਪਾਉਣ ਦੀ ਅਪੀਲ ਕਰੇ।

English






