ਡਰਾਈ ਡੇਅ ਹੁਕਮਾਂ ਦੀ ਉਲੰਘਣਾ
ਬਰਨਾਲਾ, 19 ਫਰਵਰੀ 2022
ਚੋਣਾਂ ਦੇ ਮੱਦੇਨਜ਼ਰ ਡਰਾਈ ਡੇਅ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਬਰਨਾਲਾ ਸ਼ਹਿਰ ਦੇ 25 ਏਕੜ ਖੇਤਰ ਵਿਚ ਰਾਤ ਕਰੀਬ 12 ਵਜੇ ਖੁੱਲੇ ਸ਼ਰਾਬ ਦੇ ਠੇਕੇ ਦੇ ਮਾਮਲੇ ਵਿੱਚ ਜ਼ਿਲਾ ਚੋਣ ਅਫਸਰ ਸ੍ਰੀ ਕੁਮਾਰ ਸੌਰਭ ਰਾਜ ਦੇ ਆਦੇਸ਼ਾਂ ’ਤੇ ਕਾਰਵਾਈ ਕਰਦਿਆਂ ਰਿਟਰਨਿੰਗ ਅਫਸਰ ਬਰਨਾਲਾ ਸ੍ਰੀ ਵਰਜੀਤ ਵਾਲੀਆ ਵੱਲੋਂ ਠੇਕਾ ਮੌਕੇ ’ਤੇ ਸੀਲ ਕਰਵਾ ਦਿੱਤਾ ਗਿਆ ਅਤੇ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ।
ਹੋਰ ਪੜ੍ਹੋ :-ਪੋਲਿੰਗ ਬੂਥਾ ਦੇੇ ਬਾਹਰ 100 ਮੀਟਰ ਦੇ ਘੇਰੇ ਵਿੱਚ ਪ੍ਰਚਾਰ ਤੇ ਰੋਕ
ਜਾਣਕਾਰੀ ਅਨੁਸਾਰ ਰਿਟਰਨਿੰਗ ਅਫਸਰ ਅਤੇ ਬਰਨਾਲਾ ਪੁਲੀਸ ਦੀ ਟੀਮ ਨੂੰ 25 ਏਕੜ ’ਚ ਸ਼ਰਾਬ ਦਾ ਠੇਕਾ ਖੁੱਲੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ’ਤੇ ਕਾਰਵਾਈ ਕਰਨ ਲਈ ਸ੍ਰੀ ਵਰਜੀਤ ਵਾਲੀਆ ਦੀ ਅਗਵਾਈ ਹੇਠ ਟੀਮ ਮੌਕੇ ’ਤੇ ਪੁੱਜ ਗਈ ਅਤੇ ਠੇਕਾ ਸੀਲ ਕਰ ਦਿੱਤਾ ਗਿਆ। ਥਾਣਾ ਸਿਟੀ 1 ਬਰਨਾਲਾ ਦੀ ਟੀਮ ਨੇ ਆਈਪੀਸੀ ਦੀ ਧਾਰਾ 188 ਤਹਿਤ ਰਾਜੂ ਰਾਮ ਪੁੱਤਰ ਰੇਲੂ ਰਾਮ ਖਿਲਾਫ ਕੇਸ ਦਰਜ ਕਰ ਲਿਆ ਹੈ, ਜਿਸਨੇ ਸ਼ਰਾਬ ਦਾ ਠੇਕਾ ਖੋਲਿਆ ਹੋਇਆ ਸੀ। ਮੁਲਜ਼ਮ ਰਾਜੂ ਰਾਮ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਮੰਡੀ ਦੇ ਤਹਿਸੀਲ ਸਰਕਾਘਾਟ ਦੇ ਚਾਹ ਪਿੰਡ ਦਾ ਵਸਨੀਕ ਹੈ।
ਦੱਸਣਯੋਗ ਹੈ ਕਿ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਨੇ ਹੁਕਮ ਜਾਰੀ ਕੀਤੇ ਹਨ, ਜਿਸ ਤਹਿਤ ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਮਿਤੀ 18 ਫਰਵਰੀ 2022 ਨੂੰ ਸ਼ਾਮ 6 ਵਜੇ ਤੋਂ 20 ਫਰਵਰੀ 2022 ਨੂੰ ਚੋਣਾਂ ਮੁਕੰਮਲ ਹੋਣ ਤੱਕ ਅਤੇ ਚੋਣਾਂ ਦੀ ਗਿਣਤੀ ਵਾਲੇ ਦਿਨ ਮਿਤੀ 10 ਮਾਰਚ 2022 ਨੂੰ ਡਰਾਈ ਡੇਅ ਐਲਾਨਿਆ ਗਿਆ ਹੈ। ਇਸ ਦੌਰਾਨ ਕਿਸੇ ਵੀ ਪ੍ਰਕਾਰ ਦੇ ਨਸ਼ੀਲੇ ਪਦਾਰਥ ਵੇਚਣ, ਸ਼ਰਾਬ ਸਟੋਰ ਕਰਨ ਤੇ ਵੇਚਣ ’ਤੇ ਪੂਰਨ ਤੌਰ ’ਤੇ ਰੋਕ ਲਗਾਈ ਗਈ ਹੈ। ਇਹ ਹੁਕਮ ਹੋਟਲਾਂ, ਰੈਸਟੋਰੈਂਟਾਂ, ਕਲੱਬਾਂ ਤੇ ਸ਼ਰਾਬ ਦੇ ਅਹਾਤਿਆਂ ਜਿੱਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਇਜ਼ਾਜ਼ਤ ਹੈ ’ਤੇ ਵੀ ਪੂਰਨ ਤੌਰ ’ਤੇ ਲਾਗੂ ਹਨ।

English





