ਪ੍ਰਸ਼ਾਸਨ ਨੇ ਪਿਛਲੇ 8 ਮਹੀਨਿਆਂ ’ਚ ਸੇਵਾ ਕੇਂਦਰਾਂ ਰਾਹੀਂ 344173 ਬਿਨੈਕਾਰਾਂ ਨੂੰ ਪ੍ਰਦਾਨ ਕੀਤੀਆਂ ਸੇਵਾਵਾਂ: ਡਿਪਟੀ ਕਮਿਸ਼ਨਰ
ਜਲੰਧਰ, 7 ਮਾਰਚ 2022
ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਨੇ ਪਿਛਲੇ ਅੱਠ ਮਹੀਨਿਆਂ ਵਿੱਚ ਸੇਵਾ ਕੇਂਦਰਾਂ ‘ਤੇ ਪ੍ਰਾਪਤ ਹੋਈਆਂ ਅਰਜ਼ੀਆਂ ਦੇ ਸਮੇਂ ਸਿਰ ਨਿਪਟਾਰੇ ਨੂੰ ਯਕੀਨੀ ਬਣਾਉਂਦਿਆਂ ਸੂਬੇ ਭਰ ਵਿੱਚ ਸਭ ਤੋਂ ਘੱਟ ਬਕਾਇਆ ਦਰ ਨੂੰ ਕਾਇਮ ਰੱਖਿਆ ਹੈ।
ਹੋਰ ਪੜ੍ਹੋ :-ਜ਼ਿਲਾ ਮੈਜਿਸਟ੍ਰੇਟ ਵੱਲੋਂ ਹੈਜ਼ੇ ਦੀ ਬਿਮਾਰੀ ਦੀ ਰੋਕਥਾਮ ਲਈ ਵੱਖ-ਵੱਖ ਆਦੇਸ਼ ਜਾਰੀ
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਮੁੱਚੀ ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਹ ਸਫ਼ਲਤਾ ਸੇਵਾ ਕੇਂਦਰਾਂ ਵਿਖੇ ਨਾਗਰਿਕਾਂ ਵੱਲੋਂ ਖਾਸ ਤੌਰ ‘ਤੇ ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਏ ਸਿਹਤ ਸੰਕਟ ਦੌਰਾਨ ਦਾਖ਼ਲ ਕੀਤੀਆਂ ਗਈਆਂ ਅਰਜ਼ੀਆਂ ਦੇ ਸਮੇਂ ਸਿਰ ਨਿਪਟਾਰੇ ਨੂੰ ਯਕੀਨੀ ਬਣਾ ਕੇ ਹਾਸਲ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 7 ਮਾਰਚ, 2022 ਤੱਕ ਸਾਰੇ 33 ਸੇਵਾ ਕੇਂਦਰਾਂ ਵਿੱਚ ਲਗਭਗ 330 ਸੇਵਾਵਾਂ ਲਈ ਪ੍ਰਸ਼ਾਸਨ ਨੂੰ 356616 ਦਰਖਾਸਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਦਾ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਸਮਾਂਬੱਧ ਢੰਗ ਨਾਲ ਨਿਪਟਾਰਾ ਯਕੀਨੀ ਬਣਾਇਆ ਗਿਆ। ਇਨ੍ਹਾਂ ਅਰਜ਼ੀਆਂ ਵਿੱਚੋਂ ਸਿਰਫ਼ 0.02 ਫ਼ੀਸਦੀ ਭਾਵ 69 ਹੀ ਨਿਪਟਾਰੇ ਲਈ ਬਕਾਇਆ ਹਨ।
ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੋਵਿਡ-19 ਕਾਰਨ ਸਾਰੇ ਸੇਵਾ ਕੇਂਦਰਾਂ ਵਿੱਚ ਸਟਾਫ਼ ਅਤੇ ਬਿਨੈਕਾਰਾਂ ਸਮੇਤ ਸਾਰਿਆਂ ਦੀ ਸੁਰੱਖਿਆ ਲਈ ਸਾਰੇ ਲੋੜੀਂਦੇ ਉਪਾਅ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਸੇਵਾਵਾਂ ਦੀ ਸਪੁਰਦਗੀ ਲਈ ਪ੍ਰੀ-ਬੁਕਿੰਗ ਸਲਾਟ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੈਂਡੈਂਸੀ ਦੀ ਨਿਯਮਤ ਨਿਗਰਾਨੀ ਰਾਹੀਂ ਜ਼ੀਰੋ ਪੈਂਡੈਂਸੀ ਦੇ ਟੀਚੇ ਨੂੰ ਹਾਸਲ ਕਰਨ ਲਈ ਪ੍ਰਸ਼ਾਸਨ ਵੱਲੋਂ ਇੱਕ ਵਿਹਾਰਕ ਕਾਰਜਵਿਧੀ ਵਿਕਸਿਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਅਤੇ ਜ਼ਿਲ੍ਹਾ ਪੱਧਰ ‘ਤੇ ਬਕਾਇਆ ਪਈਆਂ ਅਰਜ਼ੀਆਂ ਦੀ ਨਿਯਮਤ ਸਮੀਖਿਆ ਕੀਤੀ ਜਾਂਦੀ ਹੈ ਅਤੇ ਵੱਧ ਤੋਂ ਵੱਧ ਬਕਾਇਆ ਦਰਖਾਸਤਾਂ ਵਾਲੇ ਵਿਭਾਗਾਂ ਨੂੰ ਰੋਜ਼ਾਨਾ ਆਧਾਰ ‘ਤੇ ਸਪੱਸ਼ਟੀਕਰਨ ਲਈ ਬੁਲਾਇਆ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਜ਼ਿਲ੍ਹੇ ਵਿੱਚ ਸਿਰਫ਼ 0.02 ਫੀਸਦੀ ਪੈਂਡੈਂਸੀ ਹੈ।
ਉਨ੍ਹਾਂ ਜਲੰਧਰ ਪ੍ਰਸ਼ਾਸਨ ਦੀ ਸਮੁੱਚੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਸ ਵੱਲੋਂ ਇਸ ਪੁਜ਼ੀਸ਼ਨ ਨੂੰ ਬਰਕਰਾਰ ਰੱਖਣ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਇਸ ਪੈਂਡੈਂਸੀ ਨੂੰ ਜ਼ੀਰੋ ਫੀਸਦੀ ਤੱਕ ਲਿਜਾਣ ਦੇ ਨਿਰਦੇਸ਼ ਦਿੱਤੇ।

English






