ਕੋਵਿਡ-19 ਟੀਕਾਕਰਨ ‘ਚ ਵਾਧੂ ਫੀਸ ਵਸੂਲਣ ਦੀ ਸ਼ਿਕਾਇਤ ‘ਤੇ ਨਿੱਜੀ ਹਸਪਤਾਲ ਨੂੰ ਕਾਰਨ ਦੱਸੋ ਨੋਟਿਸ ਜਾਰੀ

Surabhi Malik
After complaint of overcharging in Covid19 vaccination, show cause notice issued to a private hospital

ਲੁਧਿਆਣਾ, 21 ਅਪ੍ਰੈਲ 2022

ਕੋਵਿਡ-19 ਟੀਕਾਕਰਨ ਵਿੱਚ ਵਾਧੂ ਫੀਸ ਵਸੂਲਣ ਦੀ ਸ਼ਿਕਾਇਤ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਇੱਕ ਨਿੱਜੀ ਹਸਪਤਾਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਸ਼ਹਿਰ ਦੇ ਇੱਕ ਵਸਨੀਕ ਵੱਲੋਂ ਆਪਣੇ ਟਵੀਟ ਰਾਹੀਂ ਇਹ ਮਾਮਲਾ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਦੇ ਧਿਆਨ ਵਿੱਚ ਲਿਆਂਦਾ ਗਿਆ, ਜਿਸ ਤੋਂ ਬਾਅਦ ਫੌਰੀ ਤੌਰ ‘ਤੇ ਕਾਰਵਾਈ ਕਰਦਿਆਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

ਹੋਰ ਪੜ੍ਹੋ :-ਲੁਧਿਆਣਾ (ਦਿਹਾਤੀ) ਪੁਲਿਸ ਵੱਲੋਂ ਆਮ ਜਨਤਾ ਦੀਆਂ ਦਰਖਾਸਤਾਂ ਦੇ ਨਿਪਟਾਰੇ ਲਈ ਵਿਸ਼ੇਸ਼ ਰਾਹਤ ਕੈਂਪ ਆਯੋਜਿਤ

ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਇੱਕ ਲੁਧਿਆਣਾ ਨਿਵਾਸੀ ਨੇ ਟਵੀਟ ਕੀਤਾ ਸੀ ਕਿ ਇੱਕ ਪ੍ਰਾਈਵੇਟ ਹਸਪਤਾਲ ਕੋਵਿਸ਼ੀਲਡ ਦੀ ਡੋਜ਼ ਲਈ 780 ਰੁਪਏ ਅਤੇ ਕੋਵੈਕਸੀਨ ਲਈ 1200 ਰੁਪਏ ਵਸੂਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੋਵਿਸ਼ੀਲਡ ਅਤੇ ਕੋਵੈਕਸੀਨ ਦੋਵਾਂ ਦੀ ਦਰ ਪ੍ਰਾਈਵੇਟ ਹਸਪਤਾਲਾਂ ਲਈ ਸਰਕਾਰ ਦੁਆਰਾ ਨਿਰਧਾਰਤ ਕੀਤੀ ਗਈ 225 ਰੁਪਏ ਪ੍ਰਤੀ ਖੁਰਾਕ ਤੋਂ ਇਲਾਵਾ 150 ਰੁਪਏ ਸਰਵਿਸ ਚਾਰਜ ਵਜੋਂ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਜ਼ਿਲ੍ਹਾ ਟੀਕਾਕਰਨ ਅਫ਼ਸਰ ਲੁਧਿਆਣਾ ਨੂੰ ਇਸ ਮਾਮਲੇ ਦੀ ਜਾਂਚ ਲਈ ਹਸਪਤਾਲ ਵਿੱਚ ਭੇਜਿਆ ਗਿਆ ਸੀ, ਜਿਨ੍ਹਾਂ ਹਸਪਤਾਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਇਹ ਦੱਸਣ ਲਈ ਕਿਹਾ ਹੈ ਕਿ ਉਨ੍ਹਾਂ ਦੇ ਟੀਕਾਕਰਨ ਕੇਂਦਰ ਨੂੰ ਕਿਉਂ ਨਾ ਬੰਦ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਵੱਲੋਂ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਅਪੀਲ ਕਦਿਆਂ ਕਿਹਾ ਕਿ ਕੋਵਿਡ-19 ਟੀਕਾਕਰਣ ਲਈ ਸਰਕਾਰ ਵੱਲੋਂ ਤੈਅ ਫੀਸ ਹੀ ਲਈ ਜਾਵੇ, ਕੋਤਾਹੀ ਪਾਏ ਜਾਣ ਵਾਲੇ ਹਸਪਤਾਲ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।