ਡੀ.ਡੀ.ਪੀ.ਓ ਨੇ ਬਲਾਕ ਸ਼੍ਰੀ ਅਨੰਦਪੁਰ ਸਾਹਿਬ ‘ਚ ਹੋਰ 230 ਏਕੜ ਵਾਹੀਯੋਗ ਪੰਚਾਇਤੀ ਜ਼ਮੀਨ ਦਾ ਖੁਲਾਸਾ ਕੀਤਾ

Amarinder Pal Singh Chouhan
ਡੀ.ਡੀ.ਪੀ.ਓ ਨੇ ਬਲਾਕ ਸ਼੍ਰੀ ਅਨੰਦਪੁਰ ਸਾਹਿਬ ‘ਚ ਹੋਰ 230 ਏਕੜ ਵਾਹੀਯੋਗ ਪੰਚਾਇਤੀ ਜ਼ਮੀਨ ਦਾ ਖੁਲਾਸਾ ਕੀਤਾ

ਰੂਪਨਗਰ, 23 ਮਈ 2022

ਪੇਂਡੂ ਵਿਕਾਸ ਅਤੇ ਪੰਚਾਇਤਾਂ ਮੰਤਰੀ ਸ.ਕੁਲਦੀਪ ਸਿੰਘ ਧਾਲੀਵਾਲ, ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡੀ.ਡੀ.ਪੀ.ਓ. ਸ. ਅਮਰਿੰਦਰ ਪਾਲ ਸਿੰਘ ਚੌਹਾਨ ਨੇ ਬਲਾਕ ਸ਼੍ਰੀ ਅਨੰਦਪੁਰ ਸਾਹਿਬ, ਵਿਖੇ 230 ਏਕੜ ਹੋਰ ਵਾਹੀਯੋਗ ਪੰਚਾਇਤੀ ਜ਼ਮੀਨ ਦਾ ਖੁਲਾਸਾ ਕੀਤਾ ਹੈ ਜੋ ਕਿ ਮਾਲ ਵਿਭਾਗ ਦੇ ਰਿਕਾਰਡ ਵਿੱਚ ਤਾਂ ਪੰਚਾਇਤੀ ਜ਼ਮੀਨ ਵਜੋਂ ਦਰਜ ਸੀ ਪਰ ਇਸ ਦਾ ਰਿਕਾਰਡ ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਕੋਲ ਰਿਕਾਰਡ ਵਿੱਚ ਨਹੀਂ ਸੀ।

ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ‘ਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ

ਇਸ ਬਾਰੇ ਜਾਣਕਾਰੀ ਦਿੰਦਿਆਂ ਡੀ.ਡੀ.ਪੀ.ਓ ਨੇ ਦੱਸਿਆ ਕਿ ਬਲਾਕ ਸ਼੍ਰੀ ਆਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ ਵਿੱਚ 230 ਏਕੜ 7 ਕਨਾਲ 10 ਮਰਲੇ ਵਾਹੀਯੋਗ ਪੰਚਾਇਤੀ ਜ਼ਮੀਨ ਦੀ ਖੋਜ ਕੀਤੀ ਗਈ ਹੈ। ਵਰਨਣਯੋਗ ਹੈ ਕਿ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.) ਸ਼੍ਰੀ ਅਨੰਦਪੁਰ ਸਾਹਿਬ ਦੇ ਦਫ਼ਤਰ ਦੇ ਵਿਭਾਗੀ ਰਿਕਾਰਡ ਅਨੁਸਾਰ ਵਾਹੀਯੋਗ ਪੰਚਾਇਤੀ ਜ਼ਮੀਨ ਦਾ ਕੁੱਲ ਰਕਬਾ 262 ਏਕੜ 1 ਕਨਾਲ 8 ਮਰਲੇ ਦਰਜ ਹੈ।

ਅਮਰਿੰਦਰ ਪਾਲ ਸਿੰਘ ਚੌਹਾਨ, ਡੀ.ਡੀ.ਪੀ.ਓ. ਰੂਪਨਗਰ ਨੇ ਦੱਸਿਆ ਕਿ ਮਾਲ ਵਿਭਾਗ ਨਾਲ ਇਸ ਰਿਕਾਰਡ ਦੀ ਚੈਕਿੰਗ/ਕਰਾਸ ਰੈਫਰੈਂਸਿੰਗ ਦੌਰਾਨ ਹੋਰ 230 ਏਕੜ 7 ਕਨਾਲ 10 ਮਰਲੇ ਦੇ ਰਕਬੇ ਦਾ ਵੀ ਪਤਾ ਲਗਾਇਆ ਗਿਆ। 230 ਏਕੜ ਦੀ ਉਕਤ ਪੰਚਾਇਤੀ ਜ਼ਮੀਨ ਦਾ ਮਾਲ ਰਿਕਾਰਡ ਵਿੱਚ ਗਰਾਮ ਪੰਚਾਇਤਾਂ ਨਾਲ ਸਬੰਧਤ ਦੱਸਿਆ ਗਿਆ ਸੀ ਪਰ ਇਹ ਪੰਚਾਇਤ/ਵਿਭਾਗੀ ਰਿਕਾਰਡ ਵਿੱਚ ਦਰਜ ਨਹੀਂ ਸੀ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਵੱਲੋਂ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਹਟਾਏ ਜਾ ਰਹੇ ਹਨ।

ਡੀ.ਡੀ.ਪੀ.ਓ. ਰੂਪਨਗਰ ਨੇ ਕਿਹਾ ਕਿ ਕਬਜ਼ਿਆਂ ਵਿਰੁੱਧ ਚਲਾਈ ਮੁਹਿੰਮ ਦਾ ਇੱਕ ਅਹਿਮ ਪਹਿਲੂ ਗ੍ਰਾਮ ਪੰਚਾਇਤਾਂ ਦੀ ਮਾਲਕੀ ਵਾਲੀ ਜ਼ਮੀਨ ਦੀ ਸ਼ਨਾਖਤ ਕਰਨਾ ਹੈ ਅਤੇ ਇਸ ਮਾਮਲੇ ਵਿੱਚ ਪਹਿਲੇ ਪੜਾਅ ‘ਤੇ ਹੀ ਗੜਬੜ ਪਾਈ ਗਈ। ਜ਼ਿਕਰਯੋਗ ਹੈ ਕਿ ਬੀਡੀਪੀਓ ਨੂਰਪੁਰ ਬੇਦੀ ਦੇ ਦਫ਼ਤਰ ਦੇ ਰਿਕਾਰਡ ਅਨੁਸਾਰ ਪੰਚਾਇਤੀ ਜ਼ਮੀਨ ਦਾ ਕੁੱਲ ਵਾਹੀਯੋਗ ਰਕਬਾ 262 ਏਕੜ 1 ਕਨਾਲ 8 ਮਰਲੇ ਦਰਜ ਹੈ। ਇਸ ਨੂੰ ਅੱਗੇ 261 ਏਕੜ 1 ਕਨਾਲ 8 ਮਰਲੇ ਜ਼ਮੀਨ ਜੁਮਲਾ ਮੁਸ਼ਤਰਕਾ ਮਲਕਣ ਵਜੋਂ ਦਰਜ ਕੀਤੀ ਗਈ ਸੀ। ਚੈਕਿੰਗ ਦੌਰਾਨ ਡੀ.ਡੀ.ਪੀ.ਓ. ਰੂਪਨਗਰ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਦੇ ਹੋਏ ਪਾਇਆ ਕਿ ਉਪਰੋਕਤ ਜ਼ਮੀਨ ਤੋਂ ਇਲਾਵਾ 23 ਗ੍ਰਾਮ ਪੰਚਾਇਤਾਂ ਦੀ ਸ਼ਾਮਲਾਟ ਦੇਹ ਜ਼ਮੀਨ ਦਾ 142 ਏਕੜ 1 ਕਨਾਲ 5 ਮਰਲੇ ਅਤੇ 23 ਗ੍ਰਾਮ ਪੰਚਾਇਤਾਂ ਜੁਮਲਾ ਮੁਸ਼ਤਰਕਾ ਜ਼ਮੀਨ ਦਾ 88 ਏਕੜ 6 ਕਨਾਲ 5 ਮਰਲੇ ਰਕਬਾ ਹੋਰ ਹੈ।

ਉਨ੍ਹਾਂ ਦੱਸਿਆ ਕਿ 230 ਏਕੜ 7 ਕਨਾਲ 10 ਮਰਲੇ ਗ੍ਰਾਮ ਪੰਚਾਇਤਾਂ ਨਾਲ ਸਬੰਧਤ ਵਿਭਾਗੀ ਰਿਕਾਰਡ ਵਿੱਚ ਦਰਜ ਨਹੀਂ ਹੈ। ਗ੍ਰਾਮ ਪੰਚਾਇਤ ਅਗੰਮਪੁਰ ਹਦਬਸਤ ਨੰਬਰ 360 ਤਹਿਸੀਲ ਆਨੰਦਪੁਰ ਸਾਹਿਬ ਵਿੱਚ ਵਾਹੀਯੋਗ ਗ੍ਰਾਮ ਪੰਚਾਇਤ ਦੇਹ (ਸ਼ਾਮਲਾਤ ਦੇਹ) ਦੀ ਜ਼ਮੀਨ ਮਾਲ ਰਿਕਾਰਡ ਅਨੁਸਾਰ 143 ਏਕੜ 3 ਕਨਾਲ 9 ਮਰਲੇ (1147 ਕਨਾਲ 9 ਮਰਲੇ) ਹੈ ਜਦੋਂ ਕਿ ਪੰਚਾਇਤੀ ਵਿਭਾਗ ਵਿੱਚ ਇਹ ਸਿਰਫ 97 ਏਕੜ 3 ਕਨਾਲ ਦਰਸਾਈ ਗਈ ਹੈ। ਇਸ ਤਰ੍ਹਾਂ, ਅਗੰਮਪੁਰ ਵਿਖੇ ਵਾਧੂ ਕਾਸ਼ਤ ਯੋਗ ਸ਼ਾਮਲਾਤ ਦੇਹ ਜ਼ਮੀਨ ਦੀ ਪਛਾਣ 46 ਏਕੜ 0 ਕਨਾਲ 9 ਮਰਲੇ ਹੋਰ ਹੈ। ਇਸੇ ਤਰ੍ਹਾਂ ਗ੍ਰਾਮ ਪੰਚਾਇਤ ਬੇਲਾ ਰਾਮਗੜ੍ਹ ਹਦਬਸਤ ਨੰਬਰ 270 ਤਹਿਸੀਲ ਨੰਗਲ ਵਿੱਚ ਵੀ ਕਾਸ਼ਤ ਯੋਗ ਜੁਮਲਾ ਮੁਸ਼ਤਰਕਾ ਮਲਕਣ ਹਸਬ ਰਸਦ ਖੇਵਟ ਜ਼ਮੀਨ ਮਾਲ ਰਿਕਾਰਡ ਅਨੁਸਾਰ 34 ਏਕੜ 0 ਕਨਾਲ 17 ਮਰਲੇ (272 ਕਨਾਲ 17 ਮਰਲੇ) ਹੈ ਜਦੋਂਕਿ ਵਿਭਾਗੀ ਰਿਕਾਰਡ ਵਿੱਚ ਇਹ ਸ਼ਨਾਖਤ ਦਰਸਾਈ ਨਹੀਂ ਗਈ ਹੈ।

ਇਸ ਤੋਂ ਇਲਾਵਾ ਡੀ.ਡੀ.ਪੀ.ਓ. ਰੂਪਨਗਰ ਨੇ ਦੱਸਿਆ ਕਿ ਮਾਲ ਰਿਕਾਰਡ ਅਨੁਸਾਰ ਉਪਰੋਕਤ ਪਛਾਣੀ ਗਈ 230 ਏਕੜ ਪੰਚਾਇਤੀ ਜ਼ਮੀਨ ਪ੍ਰਾਈਵੇਟ ਧਿਰਾਂ ਦੇ ਨਾਜਾਇਜ਼ ਕਬਜ਼ੇ ਹੇਠ ਹੈ। ਇਸ ਪੰਚਾਇਤੀ ਜ਼ਮੀਨ ਤੋਂ ਗ੍ਰਾਮ ਪੰਚਾਇਤਾਂ ਨੂੰ ਆਮਦਨ ਦੇ ਤੌਰ ‘ਤੇ ਕੋਈ ਲਾਭ ਨਹੀਂ ਲਿਆ ਜਾ ਰਿਹਾ ਅਤੇ ਨਾ ਹੀ ਉਕਤ ਪੰਚਾਇਤੀ ਜ਼ਮੀਨ ਨੂੰ ਪਿੰਡ ਵਾਸੀਆਂ ਦੇ ਸਾਂਝੇ ਲਾਭ ਲਈ ਵਰਤਿਆ ਜਾ ਰਿਹਾ ਹੈ। ਪੰਜਾਬ ਵਿਲੇਜ ਕਾਮਨ ਲੈਂਡਜ਼ (ਰੈਗੂਲੇਸ਼ਨ) ਐਕਟ, 1961 ਦੇ ਤਹਿਤ ਸ਼ਾਮਲਾਟ ਦੇਹ ਪੰਚਾਇਤੀ ਜ਼ਮੀਨਾਂ ‘ਤੇ ਨਾਜਾਇਜ਼ ਕਾਬਜ਼ਕਾਰਾਂ ਵਿਰੁੱਧ ਅਤੇ ਪੰਜਾਬ ਪਬਲਿਕ ਪਰਿਸਿਸਜ਼ ਐਂਡ ਲੈਂਡ (ਅਵਿਕਸ਼ਨ ਐਂਡ ਰੈਂਟ ਰਿਕਵਰੀ) ਐਕਟ, 1973 ਅਧੀਨ ਜੁਮਲਾ ਮੁਸ਼ਤਰਕਾ ਮਲਕਣ ਪੰਚਾਇਤੀ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।