ਜ਼ਿਲ੍ਹੇ ਦੇ 266 ਸਰਕਾਰੀ ਸਕੂਲਾਂ ਵਿੱਚ ਲਗਾਏ ਗਣਿਤ-ਮੇਲਿਆਂ ਨੇ ਛੱਡੀ ਅਮਿੱਟ ਛਾਪ

ਬੱਚਿਆਂ ਅਤੇ ਮਾਪਿਆਂ ਵਿੱਚ ਦੇਖਿਆ ਗਿਆ ਪੂਰਾ ਉਤਸ਼ਾਹ
 ਰੂਪਨਗਰ :-  

ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਜਰਨੈਲ ਸਿੰਘ ਦੀ ਅਗਵਾਈ ਵਿੱਚ 29 ਅਤੇ 30 ਜੁਲਾਈ ਨੂੰ ਜ਼ਿਲ੍ਹੇ ਦੇ ਸਮੂਹ 266 ਸਕੂਲਾਂ ਵਿੱਚ ਗਣਿਤ ਮੇਲਿਆਂ ਦਾ ਆਯੋਜਨ ਕੀਤਾ ਗਿਆ। ਜਸਵੀਰ ਸਿੰਘ ਡੀ.ਐਮ.ਮੈਥ ਨੇ ਦੱਸਿਆ ਕਿ ਗਣਿਤ ਵਿਸ਼ੇ ਨੂੰ ਵਧੇਰੇ ਰੋਚਕ ਬਣਾਉਣ ਅਤੇ ਵਿਦਿਆਰਥੀਆਂ ਵਿੱਚ ਵਿਸ਼ੇ ਪ੍ਰਤੀ ਪਰਿਪੱਕਤਾ ਅਤੇ ਉਹਨਾਂ ਨੂੰ ਭਵਿੱਖ ਵਿੱਚ ਮੁਕਾਬਲਿਆਂ ਲਈ ਤਿਆਰ ਕਰਨ ਦੇ ਉਦੇਸ਼ ਨਾਲ ਸਾਰੇ 266 ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਗਣਿਤ ਮੇਲਿਆਂ ਦਾ ਆਯੋਜਨ ਕੀਤਾ ਗਿਆ ਜਿਨ੍ਹਾਂ ਵਿੱਚ ਛੇਵੀਂ, ਸੱਤਵੀਂ, ਅੱਠਵੀਂ, ਨੌਂਵੀਂ ਤੇ ਦੱਸਵੀਂ ਦੇ ਹਰੇਕ ਵਿਦਿਆਰਥੀ ਨੇ ਭਾਗ ਲਿਆ। ਉਨ੍ਹਾਂ ਦੱਸਿਆਂ ਕਿ 25 ਜੁਲਾਈ ਤੋਂ 28 ਜੁਲਾਈ ਤੱਕ 4 ਦਿਨ ਪ੍ਰੀ-ਗਣਿਤ ਮੇਲੇ ਤਹਿਤ ਅਧਿਆਪਕਾਂ ਅਤੇ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਗਣਿਤ ਵਿਸ਼ੇ ਨਾਲ ਸੰਬੰਧਤ ਕਿਰਿਆਵਾਂ ਅਤੇ ਮਾਡਲ ਤਿਆਰ ਕੀਤੇ। ਜੁਲਾਈ 29 ਅਤੇ 30 ਨੂੰ ਹਰੇਕ ਸਕੂਲ ਵਿੱਚ ਗਣਿਤ ਮੇਲੇ ਲਗਾ ਕੇ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਸੁਰਿੰਦਰ ਪਾਲ ਸਿੰਘ, ਸਮੂਹ ਬੀ.ਐਨ.ਓਜ਼. ਅਤੇ ਸਕੂਲ ਮੁੱਖੀ ਸਾਹਿਬਾਨ ਨੇ ਆਪਣੇ ਬਲਾਕ ਦੇ ਬੀ.ਐਮ. ਗਣਿਤ ਨਾਲ ਯੋਜਨਾਬੰਦੀ ਕਰਕੇ ਸਾਰੇ ਸਕੂਲਾਂ ਦੇ ਗਣਿਤ ਮੇਲਿਆਂ ਦਾ ਨਿਰੀਖਣ ਕੀਤਾ। ਬੱਚਿਆਂ ਤੋਂ ਉਨ੍ਹਾਂ ਦੁਆਰਾ ਤਿਆਰ ਕੀਤੇ ਮਾਡਲਾਂ ਸਬੰਧੀ ਗੱਲਬਾਤ ਦੌਰਾਨ ਜਾਣਕਾਰੀ ਪ੍ਰਾਪਤ ਕੀਤੀ ਅਤੇ ਉਹਨਾਂ ਨੂੰ ਹੋਰ ਵਧੇਰੇ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਬੱਚਿਆਂ ਦੇ  ਚੇਹਰਿਆਂ ਤੇ ਖੁਸ਼ੀ ਦੇਖੀ ਗਈ।
ਉਨ੍ਹਾਂ ਦਿੰਦਿਆ ਦੱਸਿਆ ਕਿ ਪ੍ਰੀ-ਗਣਿਤ ਮੇਲਿਆਂ ਵਿੱਚ ਵਿਦਿਆਰਥੀਆਂ ਨੇ ਅਪਣੇ ਹੱਥ ਨਾਲ ਮਾਡਲ ਤਿਆਰ ਕੀਤੇ ਜਿਸ ਨਾਲ ਬੱਚਿਆਂ ਦੇ ਮਨਾਂ ਵਿੱਚੋਂ ਵਿਸ਼ੇ ਪ੍ਰਤੀ ਡਰ ਦੂਰ ਹੋਣ ਦੇ ਨਾਲ-ਨਾਲ ਰੁਚੀ ਵਿੱਚ ਵਾਧਾ ਹੁੰਦਾ ਹੈ ਅਤੇ ਉਹ ਵੱਖ-ਵੱਖ ਕਿਰਿਆਵਾਂ ਅਤੇ ਪ੍ਰਯੋਗਾਂ ਰਾਹੀਂ ਗਣਿਤ ਦੇ ਸੰਕਲਪ ਆਸਾਨੀ ਨਾਲ ਸਮਝਣ ਵਿੱਚ ਸਮਰੱਥ ਹੋਏ ਹਨ। ਇਸ ਨਾਲ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੱਖ-ਵੱਖ ਮੁਕਾਬਲਿਆਂ ਲਈ ਤਿਆਰ ਕੀਤਾ ਸਕੇਗਾ। ਵੱਖ-ਵੱਖ ਸਕੂਲਾਂ ਅੰਦਰ ਅਧਿਆਪਕਾਂ ਵਿਦਿਆਰਥੀਆਂ ਦੇ ਮਾਪੇ, ਐਸ ਐਮ ਸੀ ਦੇ ਮੈਂਬਰ ਅਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਮੇਲੇ ਵਿੱਚ ਉਤਸ਼ਾਹ ਨਾਲ ਭਾਗ ਲੈਣ ਸਦਕਾ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਵਿੱਚ ਹੋਰ ਵੀ ਵਾਧਾ ਹੋਇਆ। ਸਾਰੇ ਸਕੂਲਾਂ ਵਿੱਚ ਗਣਿਤ ਮੇਲੇ ਅਪਣਾ ਰੰਗ ਵਿਖੇਰਦੇ ਹੋਏ ਸਭ ਦੇ ਮਨਾਂ ਵਿੱਚ ਅਮਿੱਟ ਛਾਪ ਛੱਡਦੇ ਹੋਏ ਸਮਾਪਤ ਹੋਏ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਗਣਿਤ ਮੇਲੇ ਲਗਾਉਣਾ ਸ਼ਲਾਘਾਯੋਗ ਉਪਰਾਲਾ ਹੈ, ਭਵਿੱਖ ਵਿੱਚ ਵੀ ਅਜਿਹੇ ਵਿੱਦਿਅਕ ਮੇਲੇ ਲੱਗਦੇ ਰਹਿਣੇ ਚਾਹੀਦੇ ਹਨ ਜੋ ਕਿ ਬੱਚਿਆਂ ਵਿੱਚ ਵਿਸ਼ੇ ਪ੍ਰਤੀ ਪਿਆਰ ਅਤੇ ਰੁਚੀ ਪੈਦਾ ਕਰਕੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕਰਦੇ ਹਨ।
ਫ਼ੋਟੋ- 30 ਆਰਪੀਆਰ
ਕੈਪਸ਼ਨ- ਗਣਿਤ ਮੇਲੇ ‘ਚ ਹੱਥ ਤੇ ਗਣਿਤ ਦੇ ਨਿਸ਼ਾਨ ਵਖਾਉਦੀ ਕੰਨਿਆ, ਵੱਖ ਮਾਡਲਾਂ ਨੂੰ ਵੇਖਦੇ ਪ੍ਰਬੰਧਕ ਤੇ ਮਾਪੇ ਅਤੇ ਜਾਣਕਾਰੀ ਦਿੰਦੇ ਹੋਏ ਡੀ.ਐਮ. ਮੈਥ ਜਸਵੀਰ ਸਿੰਘ