“ਖੇਡਾਂ ਵਤਨ ਪੰਜਾਬ ਦੀਆਂ” ‘ਚ ਰਜਿਸਟ੍ਰੇਸ਼ਨ ਦੀ ਆਖ਼ਰੀ ਤਰੀਕ 25 ਅਗਸਤ ਤੋਂ ਵਧਾ ਕੇ 30 ਅਗਸਤ ਕੀਤੀ : ਡਿਪਟੀ ਕਮਿਸ਼ਨਰ

• ਖਿਡਾਰੀ ਵੈਬਸਾਈਟ www.punjabkhedmela2022.in  ਉੱਪਰ ਕਰ ਸਕਦੇ ਹਨ ਰਜਿਸਟ੍ਰੇਸ਼ਨ
• ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 1 ਸਤੰਬਰ ਤੋਂ ਸ਼ੁਰੂ
ਰੂਪਨਗਰ, 23 ਅਗਸਤ :-  ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ “ਖੇਡਾਂ ਵਤਨ ਪੰਜਾਬ ਦੀਆਂ” ਸਬੰਧੀ ਖਿਡਾਰੀਆਂ ਦੇ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਇਹ ਦੇਖਦਿਆਂ ਖਿਡਾਰੀਆਂ ਨੂੰ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਦੀ ਆਖ਼ਰੀ ਤਰੀਕ 25 ਅਗਸਤ ਤੋਂ ਵਧਾ ਕੇ 30 ਅਗਸਤ ਕਰ ਦਿੱਤੀ ਹੈ। ਉਨ੍ਹਾਂ ਦੱਸਿਆਂ ਕਿ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 1 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਇਹਨਾਂ ਖੇਡਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਉਮਰ ਵਰਗ ਦੇ ਲੋਕਾਂ ਨੂੰ ਖੇਡ ਗਤੀਵਿਧੀਆਂ ਨਾਲ ਜੋੜਨ ਦੇ ਉਦੇਸ਼ ਨਾਲ ਪੰਜਾਬ ਵਿੱਚ “ਕੌਮੀ ਖੇਡ ਦਿਵਸ” ਮੌਕੇ ਆਰੰਭ ਹੋਣ ਵਾਲੀਆਂ “ਖੇਡਾਂ ਵਤਨ ਪੰਜਾਬ ਦੀਆਂ” ਵਿੱਚ ਜ਼ਿਲਾ ਰੂਪਨਗਰ ਦੇ ਵੱਧ ਤੋਂ ਵੱਧ ਖਿਡਾਰੀਆਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ ਤਾਂ ਜੋ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਸਫ਼ਲਤਾ ਹਾਸਲ ਹੋ ਸਕੇ। ਉਹਨਾਂ ਕਿਹਾ ਕਿ ਪੰਜਾਬ ‘ਚ ਖੇਡ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਲਈ ਇਹ ਖੇਡਾਂ ਕਰਵਾਈ ਜਾ ਰਹੀਆਂ ਹਨ ਤਾਂ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਬਚੀ ਰਹੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਡਾਂ ਦੇ ਇਸ ਕੁੰਭ ਵਿਚ ਹਿੱਸਾ ਲੈਣ ਲਈ ਖਿਡਾਰੀ ਰਜਿਸਟ੍ਰੇਸ਼ਨ https://www.punjabkhedmela2022.in/ ਉੱਤੇ 30 ਅਗਸਤ ਤੱਕ ਕਰਵਾ ਸਕਦੇ ਹਨ। ਇਸ ਲਈ ਖੇਡਾਂ ਲਈ ਨਿਰਧਾਰਿਤ ਹਰੇਕ ਵਰਗ ਤੱਕ ਪਹੁੰਚ ਕੀਤੀ ਜਾਵੇ ਤਾਂ ਜੋ ਕੋਈ ਵੀ ਯੋਗ ਅਤੇ ਚਾਹਵਾਨ ਖਿਡਾਰੀ ਆਪਣੀ ਰਜਿਸਟਰੇਸ਼ਨ ਕਰਵਾਉਣ ਤੋਂ ਵਾਂਝਾ ਨਾ ਰਹੇ। ਉਹਨਾਂ ਦੱਸਿਆ ਕਿ ਜਿਹੜੇ ਖਿਡਾਰੀਆਂ ਕੋਲ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਦੀ ਸੁਵਿਧਾ ਨਹੀਂ ਹੈ ਜਾਂ ਕੋਈ ਦਿੱਕਤ ਆਉਂਦੀ ਹੈ, ਉਹ ਖੇਡ ਵਿਭਾਗ ਦੇ ਦਫ਼ਤਰਾਂ ਵਿੱਚ ਜਾ ਕੇ ਖੇਡ ਅਧਿਕਾਰੀਆਂ ਦੀ ਮੱਦਦ ਨਾਲ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਜਾਂ ਫਿਰ ਆਪਣੇ ਨੇੜੇ ਦੇ ਸਰਕਾਰੀ ਸਕੂਲ ਵਿਚ ਕਿਸੇ ਵੀ ਕੰਮਕਾਜ ਵਾਲੇ ਦਿਨ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਕਰਵਾਉਣ ਲਈ ਉਹ ਸਬੰਧਿਤ ਸਕੂਲ ਦੇ ਮੁਖੀ ਨਾਲ ਸੰਪਰਕ ਕਰਨ, ਜਿਨ੍ਹਾਂ ਵਲੋਂ ਕੰਪਿਊਟਰ ਟੀਚਰ ਦੀ ਡਿਊਟੀ ਲਗਾ ਕੇ ਇਹ ਕੰਮ ਕਰਵਾਇਆ ਜਾਵੇ।