ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਦਾ ਸਾਲਾਨਾ ਮੈਗਜ਼ੀਨ ਹੋਇਆ ਰਿਲੀਜ਼

Sorry, this news is not available in your requested language. Please see here.

-ਕਾਲਜ ਮੈਗਜ਼ੀਨ ਦਾ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਨ ‘ਚ ਹੁੰਦੇ ਅਹਿਮ ਯੋਗਦਾਨ : ਡਾ. ਬਲਬੀਰ ਸਿੰਘ
ਪਟਿਆਲਾ, 27 ਅਗਸਤ:-
ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਦੇ ਸਾਲਾਨਾ ਮੈਗਜ਼ੀਨ ‘ਬਿਕਰਮ’ ਨੂੰ ਰਿਲੀਜ਼ ਕਰਦਿਆਂ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕਾਲਜ ਮੈਗਜ਼ੀਨ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਤੇ ਉਨ੍ਹਾਂ ‘ਚ ਆਤਮ ਵਿਸ਼ਵਾਸ ਪੈਦਾ ਕਰਨ ‘ਚ ਅਹਿਮ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ‘ਚ ਕੋਈ ਵਿਲੱਖਣ ਗੁਣ ਜ਼ਰੂਰ ਹੁੰਦਾ ਹੈ ਅਤੇ ਸਕੂਲਾਂ ਤੇ ਕਾਲਜਾਂ ‘ਚ ਪੜ੍ਹਾਈ ਤੋਂ ਇਲਾਵਾ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਅਜਿਹੇ ਗੁਣਾਂ ਨੂੰ ਨਿਖਾਰਨ ‘ਚ ਸਹਾਈ ਹੁੰਦੀਆਂ ਹਨ।
ਇਸ ਮੌਕੇ ਡਾ. ਬਲਬੀਰ ਸਿੰਘ ਨੇ ਐਨ.ਐਸ.ਐਸ ਵਲੰਟੀਅਰਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸ਼ਖ਼ਸੀਅਤ ਦੇ ਵਿਕਾਸ ‘ਚ ਪੜ੍ਹਾਈ ਦੀ ਮਹੱਤਤਾ ‘ਤੇ ਚਰਚਾ ਕਰਦਿਆਂ ਕਿਹਾ ਕਿ ਚੰਗੀ ਸਿੱਖਿਆ ਜਿਥੇ ਰੋਜ਼ਗਾਰ ਦੇ ਕਾਬਲ ਬਣਾਉਂਦੀ ਹੈ ਉਥੇ ਹੀ ਚੰਗਾ ਸਮਾਜ ਸਿਰਜਣ ‘ਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਐਨ.ਐਸ.ਐਸ. ਵਲੰਟੀਅਰਜ਼ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਵੀ ਸ਼ਲਾਘਾ ਵੀ ਕੀਤੀ।  ਉਨ੍ਹਾਂ ਕਾਲਜ ਦੇ ਪ੍ਰਿੰਸੀਪਲ ਡਾ. ਕੁਸੁਮ ਲਤਾ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਮੈਗਜ਼ੀਨ ਲਈ ਵਧਾਈ ਦਿੱਤੀ।  ਇਸ ਮੌਕੇ ਉਨ੍ਹਾਂ ਨਿੰਮ ਦਾ ਬੂਟਾ ਲਗਾ ਕੇ ਵਾਤਾਵਰਨ ਸੁਰੱਖਿਆ ਦਾ ਸੁਨੇਹਾ ਵੀ ਦਿੱਤਾ।
ਸਮਾਗਮ ਦੌਰਾਨ ਕਾਲਜ ਦੇ ਪ੍ਰਿੰਸੀਪਲ ਪ੍ਰੋ. (ਡਾ.) ਕੁਸੁਮ ਲਤਾ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਮੈਗਜ਼ੀਨ ਕਾਲਜ ਦਾ ਇਤਿਹਾਸ ਹੁੰਦਾ ਹੈ ਤੇ ਇਸ ‘ਚ ਕਾਲਜ ਦੀਆਂ ਸਮੁੱਚੀਆਂ ਸਰਗਰਮੀਆਂ ਅਤੇ ਪ੍ਰਾਪਤੀਆਂ ਨੂੰ ਖੂਬਸੂਰਤ ਢੰਗ ਨਾਲ ਸੰਭਾਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੈਗਜ਼ੀਨ ਛਪਣ ਨਾਲ ਜਿਥੇ ਵਿਦਿਆਰਥੀਆਂ ‘ਚ ਲਿਖਣ ਦੀ ਰੁਚੀ ਪੈਦਾ ਹੁੰਦੀ ਹੈ ਉਥੇ ਨਾਲ ਹੀ ਪੜ੍ਹਨ ਦਾ ਰੁਝਾਨ ਵੀ ਵੱਧਦਾ ਹੈ। ਉਨ੍ਹਾਂ ਮੈਗਜ਼ੀਨ ਦੇ ਸੰਪਾਦਕੀ ਬੋਰਡ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਵੱਲੋਂ ਕੀਤੀ ਮਿਹਨਤ ਅਤੇ ਰਚਨਾਤਮਿਕਤਾ ਦੀ ਵੀ ਸ਼ਲਾਘਾ ਵੀ ਕੀਤੀ। ਇਸ ਮੌਕੇ ਸਮੂਹ ਸਟਾਫ਼ ਮੈਂਬਰਜ਼ ਹਾਜ਼ਰ ਰਹੇ। ਪ੍ਰੋਗਰਾਮ ਦੀ ਸਮਾਪਤੀ ਸਾਰੇ ਸਟਾਫ਼ ਮੈਂਬਰਜ਼ ਨੂੰ ਮੈਗਜ਼ੀਨ ‘ਬਿਕਰਮ’ ਦੀਆਂ ਕਾਪੀਆਂ ਵੰਡਣ ਨਾਲ ਹੋਈ।