ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿਸੇਸ਼ ਸੰਪਰਕਕਰਤਾ ਅਧਿਕਾਰੀ ਵੱਲੋਂ ਜਿ਼ਲ੍ਹੇ ਦਾ ਦੌਰਾ

– ਜਲ ਪ੍ਰਦੁਸ਼ਣ ਨਿਯੰਤਰਣ ਸਬੰਧੀ ਕੀਤੀ ਬੈਠਕ

ਫਾਜਿਲ਼ਕਾ, 29 ਅਗਸਤ :-  

ਕੌਮੀ ਮਨੁੱਖੀ ਅਧਿਕਾਰੀ ਕਮਿਸ਼ਨ ਦੇ ਵਿਸੇਸ਼ ਰੈਪਰਿਪੋਰਟਰ (ਵਿਸੇਸ਼ ਸੰਪਰਕਕਰਤਾ ਅਧਿਕਾਰੀ) ਸ੍ਰੀ ਮਹੇਸ਼ ਕੁਮਾਰ ਸਿੰਗਲਾ ਨੇ ਅੱਜ ਫਾਜਿ਼ਲਕਾ ਜਿ਼ਲ੍ਹੇ ਦਾ ਦੌਰਾ ਕਰਕੇ ਜਲ ਸੋਮਿਆਂ ਦੇ ਪ੍ਰਦੁਸ਼ਣ ਸਬੰਧੀ ਸਥਾਨਕ ਹਲਾਤਾਂ ਦਾ ਜਾਇਜਾ ਲਿਆ। ਉਨ੍ਹਾਂ ਨੇ ਇੱਥੇ ਜਲ ਸੰਸਾਧਨਾਂ ਨਾਲ ਜ਼ੁੜੇ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਜਿ਼ਲ੍ਹੇ ਵਿਚ ਸਾਫ ਪਾਣੀ ਅਤੇ ਪਾਣੀ ਦੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਵੀ ਲਈ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਨੇ ਉਨ੍ਹਾਂ ਨੂੰ ਜਿ਼ਲ੍ਹੇ ਵਿਚ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 15ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਰਾਹੀਂ ਪਿੰਡਾਂ ਵਿਚ ਖਰਾਬ ਪਏ ਆਰਓ ਅਤੇ ਵਾਟਰ ਵਰਕਸਾਂ ਨੂੰ ਦਰੁਸਤ ਕਰਵਾਇਆ ਜਾ ਰਿਹਾ ਹੈ ਤਾਂ ਜ਼ੋ ਲੋਕਾਂ ਨੂੰ ਸਾਫ ਪੀਣ ਦਾ ਪਾਣੀ ਮੁਹਈਆ ਕਰਵਾਇਆ ਜਾ ਸਕੇ। ਇਸ ਤੋਂ ਬਿਨ੍ਹਾਂ ਫਾਜਿ਼ਲਕਾ ਵਿਚ ਨਵਾਂ ਵਾਟਰ ਟਰੀਟਮੈਂਟ ਪਲਾਂਟ ਲੱਗ ਰਿਹਾ ਹੈ ਜਦ ਕਿ ਪਿੰਡਾਂ ਦੇ ਗੰਦੇ ਪਾਣੀ ਨੂੰ ਸਾਫ ਕਰਨ ਲਈ ਥਾਪਰ ਮਾਡਲ ਨਾਲ ਪ੍ਰੋਜ਼ੈਕਟ ਲਗਾਏ ਜਾ ਰਹੇ ਹਨ। ਇਸ ਤੋਂ ਬਿਨ੍ਹਾਂ ਆਬਾਦ 30 ਪ੍ਰੋਜ਼ੈਕਟ ਨਾਲ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਸਾਫ ਪਾਣੀ ਮੁਹਈਆ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਸ੍ਰੀ ਮਹੇਸ਼ ਕੁਮਾਰ ਸਿੰਗਲਾ ਨੇ ਇਸ ਮੌਕੇ ਕਿਹਾ ਕਿ ਉਹ ਸਥਾਨਕ ਹਲਾਤਾਂ ਦਾ ਅਧਿਐਨ ਕਰਨ ਲਈ ਆਏ ਹਨ। ਉਨ੍ਹਾਂ ਨੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਨੂੰ ਸਾਫ ਪਾਣੀ ਦੇ ਮਹੱਤਵ ਤੋਂ ਜਾਣੂ ਕਰਵਾ ਕੇ ਉਨ੍ਹਾਂ ਨੂੰ ਵਾਟਰ ਵਰਕਸ ਦਾ ਪਾਣੀ ਹੀ ਪੀਣ ਲਈ ਵਰਤਨ ਲਈ ਪ੍ਰੇਰਿਤ ਕਰਨ।
ਕਾਰਜਕਾਰੀ ਇੰਜਨੀਅਰ ਜਲ ਅਤੇ ਸੈਨੀਟੇਸ਼ਨ ਵਿਭਾਗ ਸ੍ਰੀ ਸਮਿੰਦਰ ਸਿੰਘ ਅਤੇ ਸ੍ਰੀ ਅੰਮ੍ਰਿਤਦੀਪ ਸਿੰਘ ਭੱਠਲ ਨੇ ਦੱਸਿਆ ਕਿ ਜਿ਼ਲ੍ਹੇ ਦੇ ਪਿੰਡ ਘੱਟਿਆਂ ਵਾਲੀ ਅਤੇ ਪੱਤਰੇਵਾਲਾ ਵਿਚ ਨਹਿਰੀ ਪਾਣੀ ਤੇ ਅਧਾਰਤ ਵਾਟਰ ਵਰਕਸ ਬਣ ਰਹੇ ਹਨ ਜਿੰਨ੍ਹਾਂ ਦੇ ਬਣਨ ਨਾਲ ਸਾਰੇ ਪਿੰਡਾਂ ਵਿਚ ਨਹਿਰੀ ਪਾਣੀ ਪੀਣ ਲਈ ਸਪਲਾਈ ਹੋਵੇਗਾ।

ਸਿਵਲ ਸਰਜਨ ਡਾ: ਰਜਿੰਦਰ ਪਾਲ ਬੈਂਸ ਨੇ ਸਰਹੱਦੀ ਪਿੰਡਾਂ ਵਿਚ ਮੈਡੀਕਲ ਕੈਂਪ ਲਗਾਏ ਜਾਣ ਸਬੰਧੀ ਜਾਣਕਾਰੀ ਦਿੱਤੀ।
ਅੰਤ ਵਿਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਹਰਚਰਨ ਸਿੰਘ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਸਾਰੇ ਵਿਭਾਗ ਜਲ ਸੰਭਾਲ ਲਈ ਤਨਦੇਹੀ ਨਾਲ ਆਪਣੀ ਭੁਮਿਕਾ ਨਿਭਾਉਣਗੇ।

ਬੈਠਕ ਵਿਚ ਜਿ਼ਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰੀ ਸੁਖਪਾਲ ਸਿੰਘ, ਕਾਰਜਕਾਰੀ ਇੰਜਨੀਅਰ ਸ੍ਰੀ ਵਿਨੋਦ ਸੁਥਾਰ, ਸ੍ਰੀ ਸੁਖਪ੍ਰੀਤ ਸਿੰਘ ਰੰਧਾਵਾ, ਸ੍ਰੀ ਅਮਨਪ੍ਰੀਤ ਸਿੰਘ ਵੀ ਹਾਜਰ ਸਨ। ਬਾਅਦ ਵਿਚ ਸ੍ਰੀ ਮਹੇਸ਼ ਕੁਮਾਰ ਸਿੰਗਲਾ ਨੇ ਜਿ਼ਲ੍ਹੇ ਦੀਆਂ ਜਲ ਪ੍ਰਬੰਧਨ ਸਬੰਧੀ ਵੱਖ ਵੱਖ ਥਾਂਵਾਂ ਦਾ ਦੌਰਾ ਵੀ ਕੀਤਾ।