ਸੰਤੁਲਿਤ ਭੋਜਨ ਹੀ ਚੰਗੀ ਸਿਹਤ ਦਾ ਆਧਾਰ: ਜ਼ਿਲ੍ਹਾ ਟੀਕਾਕਰਨ ਅਫਸਰ
*ਅੱਖਾਂ ਦਾਨ ਕਰਨ ਸਬੰਧੀ ਸਵੈ-ਇੱਛਕ ਰਜਿਸਟ੍ਰੇਸ਼ਨ ਕੈਂਪ ਲਗਾਇਆ
ਬਰਨਾਲਾ, 6 ਸਤੰਬਰ:
ਸਿਹਤ ਵਿਭਾਗ ਬਰਨਾਲਾ ਵੱਲੋਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਔਲਖ ਦੇ ਦਿਸ਼ਾ ਨਿਰਦੇਸ਼ ਅਧੀਨ ਚੰਗੀ ਤੇ ਨਰੋਈ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ ਦੀ ਤਰ੍ਹਾਂ ਵਿਸ਼ੇਸ਼ ਜਾਗਰੂਕਤਾ ਲਈ ਮਹੀਨਾ ਸਤੰਬਰ “ਰਾਸ਼ਟਰੀ ਪੋਸ਼ਣ ਮਹੀਨੇ” ਵਜੋਂ ਮਨਾਇਆ ਜਾ ਰਿਹਾ ਹੈ ।
ਇਸ ਸਬੰਧੀ ਸਿਹਤ ਵਿਭਾਗ ਵੱਲੋਂ ਐਲ.ਬੀ.ਐਸ. ਕਾਲਜ ਬਰਨਾਲਾ ਦੇ ਪ੍ਰਿੰਸੀਪਲ ਮੈਡਮ ਨੀਲਮ ਸ਼ਰਮਾ ਦੇ ਸਹਿਯੋਗ ਨਾਲ ਕਾਲਜ ‘ਚ ਦੋ ਰੋਜ਼ਾ ਵਿਸ਼ੇਸ਼ ਜਾਂਚ ਕੈਂਪ ਅਤੇ ਅੱਖਾਂ ਦਾਨ ਕਰਨ ਸਬੰਧੀ ਸਵੈ-ਇੱਛਕ ਰਜਿਸਟਰੇਸ਼ਨ ਕੈਂਪ ਵੀ ਲਗਾਇਆ ਗਿਆ । ਇਸ ਸਿਹਤ ਜਾਂਚ ਕੈਂਪ ਵਿੱਚ ਕਾਲਜ ਦੀਆਂ 400 ਦੇ ਕਰੀਬ ਵਿਦਿਆਰਥਣਾਂ ਦੀ ਖੂਨ ਜਾਂਚ ਰਾਹੀ ਅਨੀਮਿਆਂ ਦੀ ਜਾਂਚ , ਲੋੜਵੰਦ ਵਿਦਿਆਰਥਣਾਂ ਨੂੰ ਆਇਰਨ ਦੀਆਂ ਗੋਲੀਆਂ ਵੰਡੀਆਂ ਅਤੇ 147 ਦੇ ਕਰੀਬ ਵਿਦਿਆਰਥਣਾਂ ਨੇ ਮਰਨ ਉਪਰੰਤ ਅੱਖਾਂ ਦਾਨ ਕਰਨ ਲਈ ਸਵੈ-ਇੱਛਕ ਰਜਿਸਟਰੇਸ਼ਨ ਕੀਤੀ ਗਈ।
ਇਸ ਕੈਂਪ ਦੌਰਾਨ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਗੁਰਬਿੰਦਰ ਕੌਰ ਨੇ ਕਾਲਜ ਵਿਦਿਆਰਥਣਾਂ ਨੂੰ ਸੰਤੁਲਿਤ ਖਾਣ ਪੀਣ ਪ੍ਰਤੀ ਜਾਗਰੂਕ ਕਰਦਿਆਂ ਦੱਸਿਆ ਕਿ ਚੰਗੀ ਸਿਹਤ ਲਈ ਸੰਤੁਲਿਤ ਖੁਰਾਕ ਦੀ ਲੋੜ ਹੁੰਦੀ ਹੈ।
ਇਸ ਮੌਕੇ ਜ਼ਿਲ੍ਹਾ ਆਰ.ਬੀ.ਐਸ.ਕੇ. ਅਫਸਰ ਸੁਖਪਾਲ ਕੌਰ ਨੇ ਕਿਹਾ ਕਿ ਪੋਸ਼ਣ ਚੰਗੀ ਸਿਹਤ ਅਤੇ ਤੰਦਰੁਸਤੀ ਦਾ ਕੇਂਦਰ ਬਿੰਦੂ ਹੈ। ਇਹ ਸਰੀਰ ਨੂੰ ਊਰਜਾ ਪ੍ਰਦਾਨ ਕਰਕੇ ਇਸ ਨੂੰ ਮਜ਼ਬੂਤ ਬਣਾਉਂਦਾ ਹੈ। ਜ਼ਿਲ੍ਹਾ ਬੀ.ਸੀ.ਸੀ ਕੋਆਰਡੀਨੇਟਰ ਹਰਜੀਤ ਸਿੰਘ ਬਾਗੀ ਨੇ ਦੱਸਿਆ ਕਿ “ਰਾਸ਼ਟਰੀ ਪੌਸ਼ਟਿਕ ਮਹੀਨੇ” ਦਾ ਮੁੱਖ ਮੰਤਵ ਸਿਹਤ ਲਈ ਪੋਸ਼ਣ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ । “ਸੰਤੁਲਿਤ ਭੋਜਨ” ਵੱਜੋਂ ਤਲੇ ਹੋਏ ਪਦਾਰਥਾਂ ਅਤੇ ਫਾਸਟ ਫੂਡ ਤੋਂ ਪਰਹੇਜ਼ ਕਰੋ, ਨਮਕ ਅਤੇ ਚੀਨੀ ਦੀ ਵਰਤੋਂ ਘੱਟ ਕਰੋ। ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਅੰਸਤੁਲਿਤ ਖੁਰਾਕ ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਨਾਲ ਗੈਰ ਸੰਚਾਰੀ ਬਿਮਾਰੀਆਂ ਜਿਵੇਂ ਕਿ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਮੋਟਾਪਾ ਹੋਣ ਦਾ ਖਤਰਾ ਰਹਿੰਦਾ ਹੈ।ਇਸ ਲਈ ਹਮੇਸ਼ਾ “ਸੰਤੁਲਿਤ ਖੁਰਾਕ” ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

English






