ਹਵਾਲਾਤੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਬੈਠ ਕੇ ਕਰ ਸਕਣਗੇ ਮੁਲਾਕਾਤ-ਜਿਲ੍ਹਾ ਤੇ ਸੈਸ਼ਨ ਜੱਜ

Sorry, this news is not available in your requested language. Please see here.

ਹਵਾਲਾਤੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਬੈਠ ਕੇ ਕਰ ਸਕਣਗੇ ਮੁਲਾਕਾਤ-ਜਿਲ੍ਹਾ ਤੇ ਸੈਸ਼ਨ ਜੱਜ

–ਪਰਿਵਾਰਕ ਮੁਲਾਕਾਤ ਲਈ ਬਣਾਏ ਗਏ ਸਪੈਸ਼ਲ ਹਾਲ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 15 ਸਤੰਬਰ:

ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੇ ਸੁਧਾਰ ਦੀ ਨੀਤੀ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੀਆਂ ਜੇਲਾਂ ਵਿੱਚ ਪਰਿਵਾਰਕ ਮੁਲਾਕਾਤ ਸਕੀਮ ਨੂੰ ਸ਼ੁਰੂ ਕੀਤਾ ਗਿਆ ਜਿਸ ਅਨੁਸਾਰ ਹਵਾਲਾਤੀ ਬੰਦੀਆਂ, ਗਲਵੱਕੜੀ (ਫੈਮਲੀ ਮੁਲਾਕਾਤ) ਕਰ ਸਕਣਗੇ। ਇਸ ਪ੍ਰੋਗਰਾਮ ਅਧੀਨ ਨੇਕ ਆਚਰਣ ਅਤੇ ਹੋਰ ਸ਼ਰਤਾਂ ਪੂਰੀਆਂ ਕਰਦੇ ਬੰਦੀਆਂ ਨੂੰ ਪਰਿਵਾਰ ਨਾਲ ਜੇਲ ਅੰਦਰ ਮਿਲਣ ਦਾ ਮੌਕਾ ਦਿੱਤਾ ਜਾਵੇਗਾ।

ਇਸ ਸਬੰਧ ਵਿੱਚ ਅੱਜ ਜਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਵੱਲੋਂ ਕੇਦਰੀ ਜੇਲ ਅੰਮ੍ਰਿਤਸਰ ਵਿਖੇ ਪਰਿਵਾਰਕ ਮੁਲਾਕਾਤ  ਲਈ ਬਣਾਏ ਗਏ ਸਪੈਸ਼ਲ ਹਾਲ ਦਾ ਉਦਘਾਟਨ ਕੀਤਾ ਗਿਆ। ਸ੍ਰੀਮਤੀ ਰੰਧਾਵਾ ਨੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਬਹੁਤ ਹੀ ਵਧੀਆ ਪਰਿਵਾਰਕ ਮੁਲਕਾਤ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਅਧੀਨ ਇਸ ਮਹੀਨੇ ਅੰਦਰ ਹਰੇਕ ਮੰਗਲਵਾਰ ਤੇ ਸ਼ਨੀਵਾਰ ਬੰਦੀ ਆਪਣੇ ਪਰਿਵਾਰ ਦੇ  5 ਮੈਂਬਰਾਂ ਨਾਲ ਇਕ ਘੰਟੇ ਲਈ ਮੁਲਾਕਾਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਅਗਲੇ ਮਹੀਨੇ ਤੋਂ ਹਫ਼ਤੇ ਦੇ 6 ਦਿਨ ਸੋਮਵਾਰ ਤੋ ਸ਼ਨੀਵਾਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਪਰਿਵਾਰਕ ਮੈਂਬਰ ਆਪਣੇ ਰਿਸ਼ਤੇਦਾਰਾਂ ਨਾਲ ਮਿਲਣ ਦਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪਰਿਵਾਰਕ ਮੁਲਾਕਾਤ ਪ੍ਰੋਗਰਾਮ ਤਹਿਤ ਜੇਲ ਵਿੱਚ ਬੰਦ ਕੈਦੀਆਂ/ਹਵਾਲਾਤੀਆਂ ਨੂੰ ਆਪਣੇ ਆਚਰਣ ਨੂੰ ਉਤਮ ਰੱਖਣ ਦੀ ਪ੍ਰੇਰਨਾ ਮਿਲੇਗੀ ਅਤੇ ਇਸ ਨਾਲ ਪੰਜਾਬ ਦੀਆਂ ਜੇਲਾਂ ਵਿੱਚ ਸੁਧਾਰ ਦੇ ਕੰਮਾਂ ਵਿੱਚ ਤੇਜੀ ਆਵੇਗੀ।

ਇਸ ਮੌਕੇ ਸੀਨੀਅਰ ਸੁਪਰਡੰਟ ਕੇਂਦਰੀ ਜੇਲ ਸ੍ਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਮੁਲਾਕਾਤ ਪਹਿਲਾਂ ਦੀ ਮੁਲਾਕਾਤ ਨਾਲੋਂ ਵੱਖ ਹੋਵੇਗੀ। ਇਸ ਸਕੀਮ ਅੰਦਰ ਹਵਾਲਾਤੀ ਦੇ ਪਰਿਵਾਰਕ ਮੈਂਬਰ ਹਾਲ ਵਿੱਚ ਬੈਠ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਦੁਖ ਸੁਖ ਸਾਂਝਾ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਚੰਗੇ ਆਚਰਣ, ਪੈਰੋਲ ਦੇ ਨਿਯਮਾਂ ਦਾ ਪਾਲਣ ਕਰਨ ਵਾਲੇ ਅਤੇ ਜਿੰਨਾਂ ਬੰਦੀਆਂ ਦਾ ਜੇਲ ਅੰਦਰ ਵਿਵਹਾਰ ਚੰਗਾ ਹੈ ਨੂੰ ਹੀ ਇਹ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਗੈਂਗਸਟਰਾਂ ਅਤੇ ਹੋਰ ਖਤਰਨਾਕ ਅਪਰਾਧੀਆਂ ਨੂੰ ਇਹ ਸਹੂਲਤ ਨਹੀਂ ਹੋਵੇਗੀ। ਸ੍ਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੰਦੀਆਂ ਦੇ ਪਰਿਵਾਰਕ ਮੈਂਬਰ ਸਹੂਲਤ ਲਈ ਆਨ ਲਾਈਨ ਪੋਰਟਲ ਦੀ ਸ਼ੁਰੂਆਤ ਵੀ ਕੀਤੀ ਜਾ ਰਹੀ ਹੈ ਜਿਸ ਅਧੀਨ ਉਹ ਪੋਰਟਲ ਤੇ ਜਾ ਕੇ ਨਿਸ਼ਚਿਤ ਮਿਤੀ ਨੂੰ ਮੁਲਾਕਾਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰ ਜੇਲ ਵਿੱਚ ਬਣੇ ਸਪੈਸ਼ਲ ਹਾਲ ਵਿੱਚ ਆਉਣਗੇ ਅਤੇ ਉਥੇ ਬੈਠ ਕੇ ਆਪਣੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਕਰ ਸਕਣਗੇ। ਉਨ੍ਹਾਂ ਦਸਿਆ ਇਸ ਨਾਲ ਕੈਦੀਆਂ ਦੇ ਵਿਵਹਾਰ ਵਿੱਚ ਕਾਫੀ ਸੁਧਾਰ ਆਵੇਗੀ ਅਤੇ ਜੇਲ ਤੋਂ ਨਿਕਲਣ ਉਪਰੰਤ ਆਪਣੇ ਪਰਿਵਾਰ ਨਾਲ ਮਿਲ ਕੇ ਰਹਿਣਗੇ।

ਇਸ ਮੌਕੇ ਸਿਵਲ ਜੱਜ-ਕਮ- ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ੍ਰ ਪੁਸ਼ਪਿੰਦਰ ਸਿੰਘ, ਵਧੀਕ ਸੁਪਰਡੰਟ ਸ੍ਰੀ ਸ਼ਯਾਮਲ ਜੋਤੀ, ਡਿਪਟੀ ਸੁਪਰਡੰਟ ਸੁਰੱਖਿਆ ਸ੍ਰੀ ਰਾਜਾ ਨਵਦੀਪ ਸਿੰਘ, ਡਿਪਟੀ ਸੁਪਰਡੰਟ ਸ੍ਰੀ ਜੈਦੀਪ ਸਿੰਘ ਅਤੇ ਸੀ:ਆਰ:ਪੀ:ਐਫ ਦੇ ਕਮਾਂਡਰ ਸ੍ਰ ਜਸਬੀਰ ਸਿੰਘ ਵੀ ਹਾਜਰ ਸਨ।