ਐਸ ਡੀ ਐਮ ਹਰਬੰਸ ਸਿੰਘ ਨੇ ਅਨਾਜ ਮੰਡੀਆਂ ‘ਚ ਝੋਨੇ ਦੀ ਖਰੀਦ ਸਬੰਧੀ ਪ੍ਰਬੰਧਾਂ ਦਾ ਨਿਰੀਖਣ ਕੀਤਾ
—-ਦੂਜੇ ਰਾਜਾਂ ਤੋਂ ਅਣ-ਅਧਿਕਾਰਤ ਤੌਰ ’ਤੇ ਝੋਨਾ ਲਿਆਉਣ ਵਾਲੇ ਵਿਰੁੱਧ ਹੋਵੇਗੀ ਕਾਰਵਾਈ
ਰੂਪਨਗਰ, 30 ਸਤੰਬਰ:
ਝੋਨੇ ਦੀ ਖਰੀਦ ਲਈ ਪੁੱਖਤਾ ਪ੍ਰਬੰਧਾਂ ਨੂੰ ਯਕੀਨੀ ਕਰਨ ਲਈ ਅੱਜ ਐਸ ਡੀ ਐੱਮ ਹਰਬੰਸ ਸਿੰਘ ਨੇ ਰੋਪੜ, ਪੁਰਖਾਲੀ ਤੇ ਭਾਗੋ ਮਾਜਰਾ ਮੰਡੀ ਵਿਖੇ ਜਾ ਕੇ ਜਾਇਜ਼ਾ ਲਿਆ।
ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਫਸਲ ਸੁਕਾ ਕੇ ਮੰਡੀ ਵਿੱਚ ਲਿਆਉਣ ਤਾਂ ਜੋ ਮੰਡੀ ਵਿੱਚ ਆ ਕੇ ਕਿਸੀ ਤਰਾਂ ਦੀ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਹਰੇਕ ਖਰੀਦ ਏਜੰਸੀ, ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਖਰੀਦ ਵੇਲੇ ਮਾਪਦੰਡਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਯਕੀਨੀ ਬਣਾਵੇ ਜਿਸ ਲਈ ਖਰੀਦ ਸਮੇਂ ਹਰੇਕ ਮੰਡੀ ਅੰਦਰ ਨਮੀ ਦੀ ਮਾਤਰਾ ਚੈਕ ਕਰਨ ਲਈ ਪ੍ਰਮਾਣਿਤ ਮਸ਼ੀਨਾਂ ਅਤੇ ਕੰਡੇ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ
ਐਸ ਡੀ ਐਮ ਨੇ ਦੱਸਿਆ ਕਿ ਮੰਡੀਆਂ ਦੇ ਅੰਦਰ ਸਾਫ ਸਫਾਈ, ਪਾਣੀ, ਬਿਜਲੀ, ਆਰਜ਼ੀ ਬਾਥਰੂਮ ਸਮੇਤ ਹੋਰ ਲੋੜੀਂਦੇ ਪ੍ਰਬੰਧਾਂ ਨੂੰ ਮੁਕੰਮਲ ਕਰ ਲਿਆ ਗਿਆ ਹੈ ਤਾਂ ਜੋ ਮੰਡੀਆਂ ਅੰਦਰ ਆਪਣੀ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਸਮੇਤ ਮਜ਼ਦੂਰਾਂ, ਆੜਤੀਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਤਹਿਤ ਦੂਜੇ ਰਾਜਾਂ ਤੋਂ ਅਣ-ਅਧਿਕਾਰਤ ਤੌਰ ’ਤੇ ਆਉਣ ਵਾਲੇ ਝੋਨੇ ਨੂੰ ਰੋਕਣ ਲਈ ਜ਼ਿਲਾ ਰੂਪਨਗਰ ਅੰਦਰ ਨਾਕਾਬੰਦੀ ਕੀਤੀ ਜਾ ਰਹੀ ਹੈ ਅਤੇ
ਦੂਜੇ ਰਾਜਾਂ ਤੋਂ ਝੋਨਾ ਲਿਆਉਣ ਵਾਲੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨਾਂ ਜ਼ਿਲੇ ਦੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਮੰਡੀਆਂ ਵਿਚ ਝੋਨੇ ਦੀ ਆਮਦ ਸ਼ੁਰੂ ਹੋਣ ਸੰਭਾਵਨਾ ਹੈ, ਜਿਸਦੇ ਮੱਦੇਨਜ਼ਰ ਸਮੂਹ ਕਿਸਾਨ ਮੰਡੀਆਂ ਅੰਦਰ ਸੁੱਕੀ ਤੇ ਸਾਫ਼ ਸੁਥਰੀ ਫਸਲ ਲਿਆਉਣ।

English






