ਸਰਹੱਦ ਤੇ ਵਧ ਰਹੀਆਂ ਡਰੋਨ ਗਤੀਵਿਧੀਆਂ ਨੂੰ ਰੋਕਣ ਲਈ ਬੀ.ਐੱਸ.ਐੱਫ. ਦੇ ਡੀ.ਆਈ.ਜੀ. ਨੇ ਸਰਹੱਦੀ ਇਲਾਕੇ ਦੇ ਲੋਕਾਂ ਦਾ ਸਾਥ ਮੰਗਿਆ

Sorry, this news is not available in your requested language. Please see here.

ਸਰਹੱਦ ਤੇ ਵਧ ਰਹੀਆਂ ਡਰੋਨ ਗਤੀਵਿਧੀਆਂ ਨੂੰ ਰੋਕਣ ਲਈ ਬੀ.ਐੱਸ.ਐੱਫ. ਦੇ ਡੀ.ਆਈ.ਜੀ. ਨੇ ਸਰਹੱਦੀ ਇਲਾਕੇ ਦੇ ਲੋਕਾਂ ਦਾ ਸਾਥ ਮੰਗਿਆ

—-ਬੀ.ਐਸ.ਐਫ ਨੂੰ ਸੂਚਨਾ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ

ਗੁਰਦਾਸਪੁਰ, 1 ਅਕਤੂਬਰ-

ਭਾਰਤ-ਪਾਕ ਅੰਤਰਰਾਸ਼ਟਰੀ ਸਰਹੱਦੀ ’ਤੇ ਪਾਕਿਸਤਾਨ ਵਾਲੇ ਪਾਸਿਓਂ ਵੱਧ ਰਹੀਆਂ ਡਰੋਨ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਬੀ.ਐੱਸ.ਐੱਫ. ਨੇ ਸਰਹੱਦੀ ਇਲਾਕੇ ਦੇ ਵਸਨੀਕਾਂ ਦਾ ਸਹਿਯੋਗ ਮੰਗਿਆ ਹੈ। ਅੱਜ ਬੀ.ਐੱਸ.ਐੱਫ ਹੈਡਕੁਆਟਰ ਗੁਰਦਾਸਪੁਰ ਵਿਖੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਬੀ.ਐੱਸ.ਐੱਫ. ਦੇ ਡੀ.ਆਈ.ਜੀ. ਸ੍ਰੀ ਪ੍ਰਭਾਕਰ ਜੋਸ਼ੀ ਨੇ ਕਿਹਾ ਕਿ ਸਰਹੱਦਾਂ ਦੀ ਰਾਖੀ ਲਈ ਬੀ.ਐੱਸ.ਐੱਫ ਪੂਰੀ ਤਰਾਂ ਚੌਕਸ ਅਤੇ ਵਚਨਬੱਧ ਹੈ ਅਤੇ ਸਰਹੱਦ ਉੱਪਰ ਸਖਤੀ ਦੇਖਦੇ ਹੋਏ ਗੁਆਂਢੀ ਮੁਲਕ ਵੱਲੋਂ ਨਸ਼ਿਆਂ ਅਤੇ ਹਥਿਆਰਾਂ ਦੀ ਸਪਲਾਈ ਲਈ ਡੋਰਨ ਦਾ ਸਹਾਰਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਬੀ.ਐੱਸ.ਐੱਫ ਵੱਲੋਂ ਦੁਸ਼ਮਣ ਦੇ ਇਨ੍ਹਾਂ ਨਾ-ਪਾਕ ਇਰਾਦਿਆਂ ਨੂੰ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

ਡੀ.ਆਈ.ਜੀ. ਸ੍ਰੀ ਪ੍ਰਭਾਕਰ ਜੋਸ਼ੀ ਨੇ ਕਿਹਾ ਕਿ ਡਰੋਨ ਗਤੀਵਿਧੀਆਂ ਨੂੰ ਰੋਕਣ ਦੇ ਲਈ ਬੀ.ਐੱਸ.ਐੱਫ ਵਲੋਂ ਭਾਰਤ ਸਰਹੱਦ ਉੱਪਰ ਹਾਈਟੈੱਕ ਐਂਟੀ ਡਰੋਨ ਸਿਸਟਮ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਬੀਐਸਐਫ ਦੇ ਜਵਾਨਾਂ ਵੱਲੋਂ ਸਰਹੱਦਾਂ ਦੇ ਉੱਪਰ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਉਨ੍ਹਾਂ ਨੇ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਵਾਰ ਵਾਰ ਭੇਜੀ ਗਈ ਨਸ਼ੇ ਦੀ ਖੇਪ ਨੂੰ ਫੜ ਕੇ ਪਾਕਿਸਤਾਨ ਦੇ ਮਨਸੂਬਿਆਂ ’ਤੇ ਪਾਣੀ ਫੇਰਿਆ ਹੈ ਅਤੇ ਇਸੇ ਤਰ੍ਹਾਂ ਪਾਕਿਸਤਾਨ ਦੇ ਵੱਲੋਂ ਭੇਜੀ ਗਈ ਵਿਸਫੋਟਕ ਸਮੱਗਰੀ ਨੂੰ ਵੀ ਫੜ ਕੇ ਜ਼ਬਤ ਕੀਤਾ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਪਾਕਿਸਤਾਨ ਆਪਣੇ ਮਨਸੂਬਿਆਂ ਤੋਂ ਬਾਜ਼ ਨਹੀਂ ਆ ਰਿਹਾ ਜਿਸ ਕਰਕੇ ਉਨ੍ਹਾਂ ਨੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੀ.ਐੱਸ.ਐੱਫ ਦਾ ਸਾਥ ਦੇਣ ਤਾਂ ਜੋ ਅਜਿਹੀ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਦੋਂ ਵੀ ਉਨ੍ਹਾਂ ਨੂੰ ਡੋਰਨ ਦੀ ਅਵਾਜ਼ ਸੁਣਾਈ ਦੇਵੇ ਜਾਂ ਸਰਹੱਦ ਨੇੜੇ ਕੋਈ ਸ਼ੱਕੀ ਹਰਕਤ ਦਿਖਾਈ ਦੇਵੇ ਤਾਂ ਇਸਦੀ ਜਾਣਕਾਰੀ ਤੁਰੰਤ ਬੀ.ਐੱਸ.ਐੱਫ, ਪੰਜਾਬ ਪੁਲਿਸ ਜਾਂ 112 ਨੰਬਰ ’ਤੇ  ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਬੀ.ਐਸ.ਐਫ ਨੂੰ ਸੂਚਨਾ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ ਅਤੇ ਉਸ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ।