ਅਗੇਤੀ ਭਰਾਵਾਂ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਪਰਾਲੀ ਪ੍ਰਬੰਧਨ ਦਾ ਨਵਾਂ ਉਪਰਾਲਾ

Sorry, this news is not available in your requested language. Please see here.

ਅਗੇਤੀ ਭਰਾਵਾਂ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਪਰਾਲੀ ਪ੍ਰਬੰਧਨ ਦਾ ਨਵਾਂ ਉਪਰਾਲਾ

-ਝੋਨਾ ਮੰਡੀ ‘ਚ ਨਾਲੋਂ ਨਾਲ ਵਿਕਣ ਸਦਕਾ ਪਰਾਲੀ ਪ੍ਰਬੰਧਨ ਕਰਨਾ ਹੋਇਆ ਸੁਖਾਲਾ

ਪਟਿਆਲਾ, 3 ਅਕਤੂਬਰ:

ਵਧਦੇ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਕਿਸਾਨਾਂ ਵੱਲੋਂ ਆਧੁਨਿਕ ਖੇਤੀ ਮਸ਼ੀਨਰੀ ਦੀ ਵਰਤੋਂ ਨਾਲ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਪਟਿਆਲਾ ਜ਼ਿਲ੍ਹੇ ਦੀ ਨਾਭਾ ਤਹਿਸੀਲ ਦੇ ਪਿੰਡ ਅਗੇਤੀ ਦੇ ਸਕੇ ਭਰਾ ਜਸਦੇਵ ਸਿੰਘ ਅਤੇ ਹਰਦੇਵ ਸਿੰਘ ਪਿਛਲੇ ਪੰਜ ਸਾਲਾਂ ਤੋਂ ਆਪਣੀ 100 ਏਕੜ ਜਮੀਨ ਵਿਚ ਖੇਤਾਂ ਨੂੰ ਬਿਨਾਂ ਅੱਗ ਲਗਾਏ ਹੈਪੀ ਸੀਡਰ ਤੇ ਸੁਪਰ ਸੀਡਰ ਦੀ ਮਦਦ ਨਾਲ ਕਣਕ ਦੀ ਬਿਜਾਈ ਕਰ ਕੇ ਜਿਥੇ ਚੰਗੀ ਆਮਦਨ ਕਰ ਰਹੇ ਹਨ ਉਥੇ ਵਾਤਾਵਰਣ ਨੂੰ ਦੂਸ਼ਿਤ ਨਾ ਕਰਕੇ ਸਕੂਨ ਵੀ ਮਹਿਸੂਸ ਕਰਦੇ ਹਨ।

ਕਿਸਾਨ ਜਸਦੇਵ ਸਿੰਘ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਵੱਲੋਂ ਪਰਾਲੀ ਪ੍ਰਬੰਧਨ ਲਈ ਰਾਊਂਡ ਬੈਲਰ ਮਸ਼ੀਨ ਦੀ ਵਰਤੋਂ ਵੀ ਸ਼ੁਰੂ ਕੀਤੀ ਗਈ ਹੈ ਜੋ ਕੰਬਾਇਨ ਵੱਲੋਂ ਸੁੱਟੇ ਜਾਂਦੇ ਫੂਸ ਦੀਆਂ ਗੰਢਾ ਬਣਾ ਦਿੰਦੀ ਹੈ ਤੇ ਇਸ ਦੀ ਵਰਤੋਂ ਜਿਥੇ ਪਸ਼ੂਆਂ ਦੇ ਚਾਰੇ ਦੇ ਰੂਪ ਵਿੱਚ, ਖੂੰਬਾ ਦੀ ਕਾਸ਼ਤ ਸਮੇ ਜਾਂ ਫੇਰ ਖਾਦ ਤਿਆਰ ਕਰ ਕੇ ਖੇਤਾਂ ਵਿੱਚ ਪਾਉਣ ਲਈ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 15 ਏਕੜ ਝੋਨੇ ਦੀ ਕਟਾਈ  ਕੀਤੀ ਗਈ ਹੈ ਜੋ ਮੰਡੀ ਵਿੱਚ ਨਾਲੋ ਨਾਲ ਵਿੱਕ ਗਿਆ ਜਿਸ ਸਕਦਾ 15 ਏਕੜ ਵਿਚ ਪਰਾਲੀ ਦੀਆਂ ਗੰਢਾ ਵੀ ਬਣਾ ਦਿੱਤੀਆਂ ਗਈਆਂ ਹਨ।

ਆਪਣੇ ਪਿਛਲੇ ਪੰਜ ਸਾਲ ਦੇ ਤਜਰਬੇ ਸਾਂਝੇ ਕਰਦਿਆਂ ਜਸਦੇਵ ਸਿੰਘ ਨੇ ਕਿਹਾ ਕਿ ਹੈਪੀ ਸੀਡਰ ਤੇ ਸੁਪਰ ਸੀਡਰ ਵਾਤਾਵਰਣ ਸਹਿਯੋਗੀ ਤਕਨੀਕ ਹੋਣ ਦੇ ਨਾਲ-ਨਾਲ ਇਨ੍ਹਾਂ ਦੇ ਹੋਰ ਵੀ ਕਈ ਲਾਭ ਹਨ ਜਿਸ ਵਿਚ ਪ੍ਰਮੁੱਖ ਤੌਰ ਉਤੇ ਇਨ੍ਹਾਂ ਦੀ ਵਰਤੋਂ ਨਾਲ ਜਿਥੇ ਕਣਕ ਦੀ ਬਿਜਾਈ ਇਕ ਵਾਰ ਵਿਚ ਹੀ ਹੋ ਜਾਂਦੀ ਹੈ ਉਥੇ ਹੀ ਸਮੇਂ ਦੀ ਬਹੁਤ ਬੱਚਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਹੈਪੀ ਸੀਡਰ ਤੇ ਸੁਪਰ ਸੀਡਰ ਨਾਲ ਬੀਜੀ ਕਣਕ ਨੂੰ ਅੱਗ ਲਗਾਕੇ ਬੀਜੇ ਖੇਤ ਵਾਲੀ ਕਣਕ ਨਾਲੋਂ ਇਕ ਪਾਣੀ ਘੱਟ ਲੱਗਦਾ ਹੈ ਉਥੇ ਹੀ ਇਕ ਏਕੜ ਜੋ ਪਹਿਲਾਂ 5 ਘੰਟੇ ‘ਚ ਪਾਣੀ ਨਾਲ ਭਰਦਾ ਸੀ ਉਹ ਖੇਤ ਸਾਢੇ ਤਿੰਨ ਘੰਟੇ ਵਿਚ ਭਰ ਜਾਂਦਾ ਹੈ।

ਅਗਾਂਹਵਧੂ ਕਿਸਾਨ ਜਸਦੇਵ ਸਿੰਘ ਨੇ ਦੱਸਿਆ ਕਿ ਹੈਪੀ ਸੀਡਰ ਤੇ ਸੁਪਰ ਸੀਡਰ ਨਾਲ ਬੀਜੀ ਕਣਕ ਦਾ ਇਕ ਵੱਡਾ ਲਾਭ ਇਹ ਵੀ ਹੈ ਕਿ ਇਸ ਨਾਲ ਬੀਜੀ ਕਣਕ ਪੱਕਣ ਸਮੇਂ ਚੱਲਣ ਵਾਲੀ ਹਵਾ ਨਾਲ ਗਿਰਦੀ ਨਹੀ ਅਤੇ ਜਿਸ ਨਾਲ ਝਾੜ ਵਿਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਖੇਤਾਂ ਨੂੰ ਕਈ ਸਾਲਾਂ ਤੋਂ ਅੱਗ ਨਾ ਲਗਾਉਣ ਨਾਲ ਜਮੀਨ ਦੀ ਉਪਾਊ ਸ਼ਕਤੀ ਵਿਚ ਵਾਧਾ ਹੋਇਆ ਹੈ ਅਤੇ ਹੈਪੀ ਸੀਡਰ ਤੇ ਸੁਪਰ ਸੀਡਰ ਨਾਲ ਬੀਜੀ ਕਣਕ ਵਿਚ ਨਦੀਨਾਂ ਦੀ ਵੀ ਕਮੀ ਆਈ ਹੈ। ਉਨ੍ਹਾਂ ਦੱਸਿਆ ਕਿ ਇਸ ਤਕਨੀਕ ਨਾਲ ਬੀਜੀ ਕਣਕ ਦਾ ਝਾੜ ਵੀ ਵਾਧਾ ਹੁੰਦਾ ਹੈ।

ਸ. ਜਸਦੇਵ ਸਿੰਘ ਨੇ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਖੇਤੀ ਲਈ ਆਧੁਨਿਕ ਮਸ਼ੀਨਰੀ ਦੀ ਵਰਤੋਂ ਕਰਕੇ ਸਾਨੂੰ ਸਾਰਿਆ ਨੂੰ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਹੰਭਲਾ ਮਾਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਮਸ਼ੀਨਰੀ ਨਾਲ ਜਿਥੇ ਪੈਸੇ ਅਤੇ ਸਮੇਂ ਦੀ ਬੱਚਤ ਹੋਵੇਗੀ ਉਥੇ ਹੀ ਜਮੀਨ ਦੀ ਉਪਜਾਊ ਸ਼ਕਤੀ ਵਿਚ ਵੀ ਵਾਧਾ ਹੋਵੇਗਾ।
ਫੋਟੋ ਕੈਪਸ਼ਨ : ਅਗਾਂਹਵਧੂ ਕਿਸਾਨ ਜਸਦੇਵ ਸਿੰਘ ਰਾਊਂਡ ਬੈਲਰ ਨਾਲ ਪਰਾਲੀ ਦੀਆਂ ਗੰਢਾ ਬਣਾਉਂਦੇ ਹੋਏ।