–ਦੀਵਾਲੀ, ਗੁਰਪੁਰਵ ਅਤੇ ਹੋਰ ਤਿਉਹਾਰਾਂ ਵਾਲੇ ਦਿਨ ਰਾਤ 8 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ 11:55 ਰਾਤ ਤੋਂ ਲੈਕੇ 12:30 ਰਾਤ ਤੱਕ ਪਟਾਖੇ ਚਲਾਏ ਜਾ ਸਕਦੇ ਹਨ
–ਕੇਵਲ ਗ੍ਰੀਨ ਕਰੈਕਰ ਵਰਤਣ ਦੀ ਆਗਿਆ
ਬਰਨਾਲਾ, 7 ਅਕਤੂਬਰ :-
ਦੀਵਾਲੀ ਅਤੇ ਹੋਰ ਤਿਉਹਾਰਾਂ ਦੇ ਦਿਨਾਂ ਨੂੰ ਮੁਖ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਜ਼ਿਲ੍ਹੇ ਭਰ ਵਿਚ ਪਟਾਖੇ ਵੇਚਣ / ਖਰੀਦਣ ਲਈ 7 ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਡਾ ਹਰੀਸ਼ ਨਈਅਰ ਨੇ ਦੱਸਿਆ ਕਿ ਛੋਟੇ ਪਟਾਖਿਆਂ ਦੀ ਵੇਚ/ ਖ੍ਰੀਦ ਲਈ ਜ਼ਿਲ੍ਹਾ ਬਰਨਾਲਾ ਅੰਦਰ 7 ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸਿਰਫ ਗ੍ਰੀਨ ਕਰੈਕਰ ਵਰਤਣ ਦੀ ਆਗਿਆ ਹੈ ਅਤੇ ਬੇਰੀਅਮ ਸਾਲ੍ਟ ਦੀ ਵਰਤੋਂ ਦੀ ਸਖ਼ਤ ਮਨਾਹੀ ਹੈ। ਨਾਲ ਹੀ ਜ਼ਿਲ੍ਹਾ ਬਰਨਾਲਾ ਦੇ ਆਮ ਬਜਾਰਾਂ ਵਿੱਚ ਕਿਸੇ ਕਿਸਮ ਦੀ ਉੱਚੀ ਆਵਾਜ ਵਾਲੇ ਪਟਾਖੇ, ਆਤਿਸ਼ਬਾਜੀ ਆਦਿ ਨੂੰ (ਅਣ-ਅਧਿਕਾਰਤ ਤੌਰ ਤੇ) ਬਨਾਉਣ, ਸਟੋਰ ਕਰਨ, ਖਰੀਦਣ ਅਤੇ ਵੇਚਣ ਤੇ ਪੂਰਨ ਪਾਬੰਦੀ ਹੈ।
ਬਰਨਾਲਾ ਸ਼ਹਿਰ ‘ਚ 25 ਏਕੜ ਅਤੇ ਕਾਲਾ ਮਹਿਰ ਸਟੇਡੀਅਮ ਵਿਖੇ, ਧਨੌਲਾ ‘ਚ ਪੱਕਾ ਬਾਗ ਸਟੇਡੀਅਮ ਧਨੌਲਾ ਵਿਖੇ, ਹੰਡਿਆਇਆ ‘ਚ ਗੁਰੂ ਤੇਗ ਬਹਾਦਰ ਸਟੇਡੀਅਮ ਹੰਡਿਆਇਆ ਵਿਖੇ, ਮਹਿਲ ਕਲਾਂ ‘ਚ ਬਰਨਾਲਾ-ਮਹਿਲ ਕਲਾਂ ਮੇਨ ਰੋਡ ‘ਤੇ ਸਥਿਤ ਗੋਲਡਨ ਸਿਟੀ ਕਾਲੌਨੀ ਮਹਿਲਕਲਾਂ ਵਿਖੇ, ਤਪਾ ‘ਚ ਘੁੰਨਸ ਰੋਡ ਉਪਰ ਬਣੇ ਸਟੇਡੀਅਮ (ਕੱਸੀ ਵਾਲਾ ਗਰਾਊਂਡ) ਵਾਲੀ ਜਗ੍ਹਾ ਵਿਖੇ, ਭਦੌੜ ‘ਚ ਪਬਲਿਕ ਸਪੋਰਟਸ ਸਟੇਡੀਅਮ, ਪੱਤੀ ਮੋਹਰ ਸਿੰਘ, ਭਦੋੜ ਵਿਖੇ ਅਤੇ ਸਹਿਣਾ ‘ਚ ਸਰਕਰੀ ਸੀਨੀਅਰ ਸਕੈਂਡਰੀ ਸਕੂਲ, (ਖੇਡ ਮੈਦਾਨ ਵਾਲੀ ਜਗ੍ਹਾ), ਸਹਿਣਾ ਵਿਖੇ ਪਟਾਖਿਆਂ ਦੀ ਵੇਚ/ ਖ੍ਰੀਦ ਕੀਤੀ ਜਾ ਸਕਦੀ ਹੈ।
ਉਹਨਾਂ ਕਿਹਾ ਕਿ ਉਕਤ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਅੰਦਰ ਹੋਰ ਕਿਸੇ ਥਾਂ ਦੀ ਵਰਤੋਂ ਪਟਾਖੇ ਅਤੇ ਆਤਿਸ਼ਬਾਜੀ ਦੀ ਖ੍ਰੀਦ/ ਵਿਕਰੀ ਲਈ ਨਹੀਂ ਕੀਤੀ ਜਾ ਸਕੇਗੀ। ਵਿਦਿਅਕ ਸੰਸਥਾਵਾਂ ਅਤੇ ਹਸਪਤਾਲਾਂ ਦੇ ਨਜ਼ਦੀਕ ਪਟਾਖੇ ਅਤੇ ਆਤਿਸ਼ਬਾਜੀ ਚਲਾਉਣ ‘ਤੇ ਪੂਰਨ ਪਾਬੰਦੀ ਰਹੇਗੀ। ਵਿਦੇਸ਼ਾਂ ਤੋ ਆਉਂਦੀ ਗੈਰ ਕਾਨੂੰਨੀ ਧਮਾਕਾਖੇਜ ਸਮੱਗਰੀ ਨੂੰ ਬਨਾਉਣ, ਸਟੋਰ ਕਰਨ, ਵਿਕਰੀ ਅਤੇ ਵਰਤੋ ਕਰਨ ਤੇ ਪੂਰਨ ਪਾਬੰਦੀ ਹੈ।
ਉਹਨਾਂ ਕਿਹਾ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਦੀਵਾਲੀ, ਗੁਰਪੁਰਵ ਅਤੇ ਹੋਰ ਤਿਉਹਾਰਾਂ ਵਾਲੇ ਦਿਨ ਰਾਤ 8 ਵਜੇ ਤੋਂ ਲੈਕੇ ਰਾਤ 10 ਵਜੇ ਤੱਕ ਅਤੇ ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ 11:55 ਰਾਤ ਤੋਂ ਲੈਕੇ 12:30 ਰਾਤ ਤੱਕ ਹੀ ਪਟਾਖੇ ਚਲਾਏ ਜਾ ਸਕਣਗੇ।
ਇਹ ਹੁਕਮ 8 ਨਵੰਬਰ 2022 ਤੱਕ ਲਾਗੂ ਰਹੇਗਾ।

हिंदी






