ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਡਰੋਨ ਰਾਹੀਂ ਜ਼ਮੀਨ ਦੀ ਮੈਪਿੰਗ ਦੇ ਕੰਮ ਦਾ ਜਾਇਜ਼ਾ ਲੈਣ ਲਈ ਡਾਇਰੈਕਟਰ ਲੈਂਡ ਰਿਕਾਰਡਜ਼ ਪਿੰਡ ਖਾਸਪੁਰ ਪਹੁੰਚੇ
—-ਸਵਾਮਿਤਵਾ’ ਸਕੀਮ ਅਧੀਨ ਲਾਲ ਲਕੀਰ ਅੰਦਰ ਰਹਿੰਦੇ ਲੋਕਾਂ ਨੂੰ ਜ਼ਮੀਨ ਦੇ ਮਾਲਕਾਨਾ ਹੱਕ ਦਿੱਤੇ ਜਾਣਗੇ :ਰਾਜੇਸ਼ ਤ੍ਰਿਪਾਠੀ
ਐਸ.ਏ.ਐਸ ਨਗਰ 28 ਅਕਤੂਬਰ :
ਪੰਜਾਬ ਸਰਕਾਰ ਵੱਲੋਂ ਮੇਰਾ ਘਰ ਮੇਰੇ ਨਾਮ ‘ਸਵਾਮਿਤਵਾ’ ਸਕੀਮ ਅਧੀਨ ਲਾਲ ਲਕੀਰ ਦੇ ਅੰਦਰ ਬਣੀਆਂ ਹੋਈਆਂ ਉਸਾਰੀਆਂ ਦੀਆਂ ਜਾਇਦਾਦਾਂ ਨੂੰ ਮਾਲਕਾਨਾ ਹੱਕ ਦੇਣ ਲਈ ਪ੍ਰੋਜੈਕਟ ਆਰੰਭਿਆ ਗਿਆ ਹੈ। ਇਸ ਸਕੀਮ ਦੇ ਤਹਿਤ ਪੇਂਡੂ ਖੇਤਰਾਂ ਵਿੱਚ ਡਰੋਨ ਰਾਹੀਂ ਜ਼ਮੀਨ ਦੀ ਮੈਪਿੰਗ ਕੀਤੀ ਜਾ ਰਹੀ ਹੈ l ਪਿੰਡ ਖਾਸਪੁਰ, ਸਬ ਤਹਿਸੀਲ ਬਨੂੜ, ਤਹਿਸੀਲ ਮੋਹਾਲੀ ਵਿਖੇ ਇਸ ਸਕੀਮ ਤਹਿਤ ਡਰੋਨ ਦੇ ਕੰਮ ਦਾ ਨਿਰੀਖਣ ਕਰਨ ਲਈ ਉਚੇਚੇ ਤੌਰ ਤੇ ਡਾਇਰੈਕਟਰ ਲੈਂਡ ਰਿਕਾਰਡਜ਼ ਸ੍ਰੀ ਰਾਜੇਸ਼ ਤ੍ਰਿਪਾਠੀ ਵੱਲੋਂ ਦੌਰਾ ਕੀਤਾ ਗਿਆ l
ਡਾਇਰੈਕਟਰ ਲੈਂਡ ਰਿਕਾਰਡਜ਼ ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਇਸ ਸਕੀਮ ਦੇ ਮੁਕੰਮਲ ਹੋਣ ਉਪਰੰਤ ਲਾਲ ਲਕੀਰ ਅਧੀਨ ਰਹਿੰਦੇ ਲੋਕਾਂ ਨੂੰ ਮਾਲਕਾਨ ਹੱਕ ਦਿੱਤੇ ਜਾਣਗੇ ਜਿਸ ਨਾਲ ਇਨ੍ਹਾਂ ਜਾਇਦਾਦਾਂ ਨੂੰ ਖਰੀਦੋ-ਫਰੋਖਤ ਕਰਨਾ ਅਤੇ ਰਿਕਾਰਡ ਦੀ ਸਾਂਭ-ਸੰਭਾਲ ਕਰਨੀ ਸੌਖੀ ਹੋ ਜਾਵੇਗੀ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਸ਼੍ਰੀ ਕੇ.ਏ.ਪੀ. ਸਿਨਹਾ, ਵਧੀਕ ਮੁੱਖ ਸਕੱਤਰ, ਮਾਲ ਜੀ ਲਗਾਤਾਰ ਇਸ ਪ੍ਰਾਜੈਕਟ ਦੀ ਨਿਗਰਾਨੀ ਕਰ ਰਹੇ ਹਨ ਅਤੇ ਉਨ੍ਹਾਂ ਵਲੋ ਇਸ ਬਹੁ-ਮੰਤਵੀ ਸਕੀਮ ਨੂੰ ਲਾਗੂ ਕਰਨ ਲਈ ਸਮੂਹ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ ਅਤੇ ਲੰਬਿਤ ਕੰਮ ਨੂੰ ਸਮਾਂ-ਬੰਧ ਤਰੀਕੇ ਨਾਲ ਜਲਦ ਤੋਂ ਜਲਦ ਨੇਪਰੇ ਚਾੜ੍ਹਨ ਲਈ ਕਿਹਾ ਗਿਆ ਹੈ।
ਇਸ ਮੌਕੇ ਤਹਿਸੀਲਦਾਰ ਮੋਹਾਲੀ ਸ੍ਰੀ ਕਰਮਜੋਤ ਸਿੰਘ ਅਤੇ ਨਾਇਬ ਤਹਿਸੀਲਦਾਰ ਬਨੂੜ ਸ੍ਰੀ ਕੁਲਵਿੰਦਰ ਸਿੰਘ ਵੀ ਹਾਜ਼ਰ ਸਨ l

English






