ਨਹਿਰੂ ਯੁਵਾ ਕੇਂਦਰ ਨੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਲੜਕੀਆਂ) ਗੁਰਦਾਸਪੁਰ ਵਿਖੇ ਰਾਸ਼ਟਰੀ ਏਕਤਾ ਦਿਵਸ ਮਨਾਇਆ

Sorry, this news is not available in your requested language. Please see here.

ਨਹਿਰੂ ਯੁਵਾ ਕੇਂਦਰ ਨੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਲੜਕੀਆਂ) ਗੁਰਦਾਸਪੁਰ ਵਿਖੇ ਰਾਸ਼ਟਰੀ ਏਕਤਾ ਦਿਵਸ ਮਨਾਇਆ

—-ਸਿਖਿਆਰਥਣਾਂ ਤੇ ਵਲੰਟੀਅਰਜ਼ ਨੇ ‘ਰਨ ਫਾਰ ਯੂਨਿਟੀ’ ਵਿੱਚ ਭਾਗ ਲਿਆ

—-ਕਲੀਨ ਇੰਡੀਆ ਮੁਹਿੰਮ ਦੇ ਸਮਾਪਤੀ ਸਮਾਰੋਹ ਮੌਕੇ ਸਵੱਛਤਾ ਅਪਨਾਉਣ ਦਾ ਸੱਦਾ ਦਿੱਤਾ

ਗੁਰਦਾਸਪੁਰ, 31 ਅਕਤੂਬਰ-

ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਧੀਨ ਕਾਰਜ ਕਰ ਰਹੇ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਵੱਲੋਂ ਅੱਜ ਸਥਾਨਕ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਲੜਕੀਆਂ) ਵਿਖੇ ਰਾਸ਼ਟਰੀ ਏਕਤਾ ਦਿਵਸ ਅਤੇ ਪੂਰਾ ਅਕਤੂਬਰ ਮਹੀਨਾ ਚੱਲੀ ਕਲੀਨ ਇੰਡੀਆ-2.0 ਮੁਹਿੰਮ ਦਾ ਸਮਾਪਤੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਸਮਾਗਮ ਦੌਰਾਨ ਰਾਸ਼ਟਰ ਦੀ ਏਕਤਾ ਦੇ ਪ੍ਰਤੀਕ ਸ਼੍ਰੀ ਵੱਲਭ ਭਾਈ ਪਟੇਲ ਜੀ ਦੀ 147ਵੀਂ ਜਯੰਤੀ ਦੇ ਮੌਕੇ ਤੇ ਉਹਨਾਂ ਵੱਲੋਂ ਰਾਸ਼ਟਰ ਦੀ ਏਕਤਾ ਵਿੱਚ ਪਾਏ ਗਏ ਅਣਮੁੱਲੇ ਯੋਗਦਾਨ ਨੂੰ ਯਾਦ ਕੀਤਾ ਗਿਆ। ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਸਰਦਾਰ ਵੱਲਭ ਭਾਈ ਪਟੇਲ ਨੂੰ ਲੋਹ ਪੁਰਸ਼ ਦੇ ਤੌਰ ’ਤੇ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਦੇਸ਼ ਨੂੰ ਇਕੱਠਾ ਕਰਨ ਵਿੱਚ ਇਤਿਹਾਸਕ ਕਾਰਜ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਮਨੋਰਥ ਅੱਜ ਦੇ ਨੌਜਵਾਨਾਂ ਵਿੱਚ ਰਾਸ਼ਟਰ ਭਗਤੀ ਦੀ ਭਾਵਨਾ ਨੂੰ ਜਗਾਉਣਾ ਅਤੇ ਸੁਤੰਤਰਤਾ ਸੈਨਾਨੀਆਂ ਦੇ ਯੋਗਦਾਨ ਨੂੰ ਯਾਦ ਰੱਖਣ ਲਈ ਪ੍ਰੇਰਿਤ ਕਰਨਾ ਹੈ।

ਕਲੀਨ ਇੰਡੀਆ ਮੁਹਿੰਮ ਬਾਰੇ ਬੋਲਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਸਾਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡਾ ਚੌਗਿਰਦਾ ਸਾਫ਼ ਹੋਵੇਗਾ ਤਾਂ ਅਸੀਂ ਕਈ ਬਿਮਾਰੀਆਂ ਤੋਂ ਵੀ ਬਚ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਵੱਛਤਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਮੌਕੇ ਸ੍ਰੀ ਬਹਿਲ ਨੇ ਹਾਜ਼ਰ ਸਿਖਿਆਰਥਣਾਂ ਅਤੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਜ਼ ਨੂੰ ਰਾਸ਼ਟਰੀ ਏਕਤਾ ਦੀ ਸਹੰੁ ਵੀ ਚੁਕਾਈ।

ਇਸ ਮੌਕੇ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਦੀ ਜ਼ਿਲ੍ਹਾ ਯੁਵਾ ਅਧਿਕਾਰੀ ਮੈਡਮ ਸੰਦੀਪ ਕੌਰ ਨੇ ਦੱਸਿਆ ਪੂਰੇ ਅਕਤੂਬਰ ਮਹੀਨੇ ਵਿੱਚ ਕਲੀਨ ਇੰਡੀਆ 2.0 ਮੁਹਿੰਮ ਚਲਾਈ ਗਈ ਸੀ ਜਿਸਦੀ ਅੱਗ ਸਮਾਪਤੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਪੂਰਾ ਮਹੀਨਾਂ ਵੱਖ-ਵੱਖ ਗਤੀਵਿਧੀਆਂ ਕਰਕੇ ਲੋਕਾਂ ਨੂੰ ਸਵੱਛਤਾ ਬਾਰੇ ਯਾਗਰੂਕ ਕੀਤਾ ਗਿਆ ਹੈ।

ਇਸ ਮੌਕੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਲੜਕੀਆਂ) ਗੁਰਦਾਸਪੁਰ ਦੇ ਪ੍ਰਿੰਸੀਪਲ ਸ੍ਰੀ ਕਰਨ ਸਿੰਘ ਨੇ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਰਾਸ਼ਟਰੀ ਏਕਤਾ ਦਿਵਸ ਤੇ ਕਲੀਨ ਇੰਡੀਆ ਮੁਹਿੰਮ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੇ ਅਖੀਰ ਵਿੱਚ ਸਿਖਿਆਰਥਣਾਂ ਅਤੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਜ਼ ਵੱਲੋਂ ‘ਰਨ ਫਾਰ ਯੂਨਿਟੀ’ ਵਿੱਚ ਭਾਗ ਲਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭਾਰਤ ਭੂਸ਼ਨ ਤੇ ਹੋਰ ਮੋਹਤਬਰ ਵੀ ਹਾਜ਼ਰ ਸਨ।