ਏਡਜ਼ ਤੋਂ ਬਚਾਅ ਲਈ ਜਾਗਰੂਕਤਾ ਬਹੁਤ ਜ਼ਰੂਰੀ: ਸਿਵਲ ਸਰਜਨ

Sorry, this news is not available in your requested language. Please see here.

ਐਸ.ਏ.ਐਸ ਨਗਰ 5 ਦਸੰਬਰ :-  

ਵਿਸ਼ਵ ਏਡਜ਼ ਦਿਵਸ ਦੇ ਸਬੰਧ ਵਿਚ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਲਗਾਤਾਰ ਜਾਗਰੂਕਤਾ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਦਸਿਆ ਕਿ ਵਿਸ਼ਵ ਏਡਜ਼ ਦਿਵਸ ਹਰ ਸਾਲ 1 ਦਸੰਬਰ ਨੂੰ ਮਨਾਇਆ ਜਾਂਦਾ ਹੈ ਅਤੇ ਜਾਗਰੂਕਤਾ ਸਰਗਰਮੀਆਂ ਹਫ਼ਤਾ ਭਰ ਚਲਦੀਆਂ ਹਨ। ਉਨ੍ਹਾਂ ਦਸਿਆ ਕਿ ਏਡਜ਼ ਇਕ ਭਿਆਨਕ ਰੋਗ ਹੈ ਜਿਸ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ।  ਏਡਜ਼ ਬਿਮਾਰੀ ਐੱਚਆਈਵੀ ਨਾਮਕ ਵਾਇਰਸ ਤੋਂ ਹੁੰਦੀ ਹੈ। ਐਚ.ਆਈ.ਵੀ. ਦੇ ਸ਼ੁਰੂਆਤੀ  ਲੱਛਣਾਂ ਵਿਚ ਬੁਖ਼ਾਰ, ਥਕਾਵਟ, ਮਾਸਪੇਸ਼ੀਆਂ ਵਿਚ ਖਿਚਾਅ, ਜੋੜਾਂ ਵਿਚ ਦਰਦ, ਸਿਰਦਰਦ, ਜ਼ੁਕਾਮ, ਸੁੱਕੀ ਖੰਘ, ਚਿਹਰੇ ’ਤੇ ਨਿਸ਼ਾਨ ਆਦਿ ਸ਼ਾਮਲ ਹਨ।
ਉਨ੍ਹਾ ਦਸਿਆ ਕਿ ਇਸ ਦੇ ਫੈਲਣ ਦੇ ਮੁੱਖ ਕਾਰਨ ਸੂਈਆਂ ਅਤੇ ਸਰਿੰਜਾਂ ਦੀ ਸਾਂਝੀ ਵਰਤੋਂ ਕਰਨਾ, ਐੱਚ.ਆਈ.ਵੀ. ਪ੍ਰਭਾਵਤ ਵਿਅਕਤੀ ਦਾ ਖ਼ੂਨ ਤੰਦਰੁਸਤ ਵਿਅਕਤੀ ਦੇ ਸਰੀਰ ਵਿਚ ਚੜ੍ਹਾਉਣ ਨਾਲ ਹੁੰਦਾ ਹੈ। ਇਹ ਰੋਗ ਅਸੁਰੱਖਿਅਤ ਜਿਸਮਾਨੀ ਸਬੰਧ ਬਣਾਉਣ ਨਾਲ ਅਤੇ ਐੱਚ.ਆਈ.ਵੀ. ਗ੍ਰਸਤ ਮਾਂ ਤੋਂ ਉਸਦੇ ਬੱਚੇ ਨੂੰ ਜਣੇਪੇ ਤੋਂ ਪਹਿਲਾਂ ਜਾਂ ਮਗਰੋਂ ਵੀ ਹੋ ਸਕਦਾ ਹੈ। ਏਡਜ਼ ਪੀੜਤ ਨੂੰ ਛੂਹਣ ਨਾਲ, ਹੱਥ ਮਿਲਾਉਣ ਨਾਲ, ਉਹਦੇ ਦੁਆਰਾ ਵਰਤੇ ਗਏ ਭਾਂਡਿਆਂ ਵਿਚ ਖਾਣਾ ਖਾਣ ਨਾਲ ਜਾਂ ਫੇਰ ਉਨ੍ਹਾਂ ਦੁਆਰਾ ਵਰਤੇ ਗਏ ਉਪਕਰਣਾਂ ਦੇ ਇਸਤੇਮਾਲ ਨਾਲ ਏਡਜ਼ ਬਿਲਕੁਲ ਨਹੀਂ ਹੁੰਦਾ। ਇਹ ਸਭ ਗ਼ਲਤ ਧਾਰਨਾਵਾਂ ਹਨ।
ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਇਸ ਮਾਰੂ ਰੋਗ ਤੋਂ ਬਚਾਅ ਲਈ ਜਾਗਰੂਕਤਾ ਅਤੇ ਸਵਾਧਾਨੀਆਂ ਵਰਤਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਬਾਰੇ ਜਾਗਰੂਕਤਾ ਦੀ ਕਮੀ ਹੋਣਾ, ਮਰੀਜ਼ ਅੰਦਰ ਇਸ ਬਿਮਾਰੀ ਪ੍ਰਤੀ ਡਰ ਤੇ ਪੀੜਤ ਦਾ ਸਮਾਜਕ ਬਾਈਕਾਟ ਬਹੁਤ ਹੀ ਚਿੰਤਾਜਨਕ ਹੈ ਤੇ ਇਹ ਪੀੜਤ ਦੀ ਹਾਲਤ ਨੂੰ ਹੋਰ ਵੀ ਦੁਖਦ ਬਣਾ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਪੀੜਤ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ ਅਤੇ ਏਡਜ਼ ਦੇ ਫੈਲਾਅ ਬਾਰੇ ਜੋ ਗਲਤ ਧਾਰਨਾਵਾਂ ਹਨ, ਉਨ੍ਹਾਂ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਜਿਹੜੇ ਐੱਚ.ਆਈ.ਵੀ. ਪੀੜਤ ਹਨ, ਉਨ੍ਹਾਂ ਦੇ ਮਨ ਵਿੱਚੋਂ ਪਹਿਲਾਂ ਬਿਮਾਰੀ ਪ੍ਰਤੀ ਡਰ ਦੂਰ ਕੀਤਾ ਜਾਵੇ ਤਾਂ ਕਿ ਉਹ ਇਲਾਜ ਲਈ ਅੱਗੇ ਆਉਣ। ਦੂਸਰਾ ਉਹ ਲੋਕ ਆਪਣਾ ਇਲਾਜ ਨਿਰੰਤਰ ਕਰਾਉਣ ਅਤੇ ਤੀਸਰਾ ਉਨ੍ਹਾਂ ਵਿੱਚ ਦਵਾਈਆਂ ਜ਼ਰੀਏ ਬਿਮਾਰੀ ਦੇ ਪ੍ਰਭਾਵ ਅਤੇ ਟ੍ਰਾਂਸਮਿਸ਼ਨ ਦੇ ਖਤਰੇ ਨੂੰ ਘੱਟ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ 13 ਤੋਂ 64 ਸਾਲ ਦੇ ਹਰ ਬੰਦੇ ਨੂੰ ਐੱਚ.ਆਈ.ਵੀ. ਟੈਸਟ ਕਰਵਾਉਣਾ ਚਾਹੀਦਾ ਹੈ ਜੋ ਵੱਖ ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਬਿਲਕੁਲ ਮੁਫ਼ਤ ਹੁੰਦਾ ਹੈ।

 

ਹੋਰ ਪੜ੍ਹੋ:- ਇੱਕ ਵਾਰ ਦਾਨ ਕੀਤਾ ਹੋਇਆ ਖੂਨ ਚਾਰ ਜ਼ਿੰਦਗੀਆਂ ਬਚਾ ਸਕਦਾ ਹੈ – ਚੇਤਨ ਸਿੰਘ ਜੋੜਾਮਾਜਰਾ