ਇਕ ਪਾਸੇ ਭਗਵੰਤ ਮਾਨ ਇਕੱਲੇ, ਉਨ੍ਹਾਂ ਨੂੰ ਰੋਕਣ ਲਈ ਅਕਾਲੀ, ਕਾਂਗਰਸ, ਭਾਜਪਾ ਤੇ ਰਾਜਪਾਲ ਦਾ ਗਠਜੋੜ: ‘ਆਪ'

Malvinder Singh Kang (1)
ਇਕ ਪਾਸੇ ਭਗਵੰਤ ਮਾਨ ਇਕੱਲੇ, ਉਨ੍ਹਾਂ ਨੂੰ ਰੋਕਣ ਲਈ ਅਕਾਲੀ, ਕਾਂਗਰਸ, ਭਾਜਪਾ ਤੇ ਰਾਜਪਾਲ ਦਾ ਗਠਜੋੜ: 'ਆਪ'
ਲੋਕ ਭਲਾਈ ਦੇ ਨਾਲ-ਨਾਲ ਮਾਨ ਸਰਕਾਰ ਪਿਛਲੀਆਂ ਸਰਕਾਰਾਂ ਵੱਲੋਂ ਕੀਤੀ ਲੁੱਟ ਦਾ ਵੀ ਕਰ ਰਹੀ ਪਰਦਾਫਾਸ਼: ਮਲਵਿੰਦਰ ਕੰਗ

ਚੰਡੀਗੜ੍ਹ, 16 ਫਰਵਰੀ 2023

ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਕਾਂਗਰਸ ਅਤੇ ਅਕਾਲੀ ਆਗੂਆਂ ਵੱਲੋਂ ਕੀਤੇ ਸ਼ਬਦੀ ਹਮਲਿਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਅਸਲ ਵਿਚ ਕਾਂਗਰਸ, ਭਾਜਪਾ ਅਤੇ ਅਕਾਲੀ ਦਲ, ਤਿੰਨੋਂ ਮਿਲ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ।

ਹੋਰ ਪੜ੍ਹੋ – ਰਾਕੇਸ਼ ਚੌਧਰੀ ‘ਤੇ ਮਜੀਠੀਆ ਦਾ ਵੱਡਾ ਝੂਠ – ‘ਆਪ’

ਪਾਰਟੀ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿੱਚ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਮਾਨ ਸਰਕਾਰ ਨਾਂ ਸਿਰਫ ਆਏ ਦਿਨ ਲੋਕ ਭਲਾਈ ਦੇ ਕੰਮ ਕਰ ਰਹੀ ਹੈ ਸਗੋਂ ਉਹ ਇਨ੍ਹਾਂ ਰਿਵਾਇਤੀ ਪਾਰਟੀਆਂ ਵੱਲੋਂ ਦਹਾਕਿਆਂ ਤੱਕ ਕੀਤੀ ਆਮ ਲੋਕਾਂ ਦੀ ਲੁੱਟ ਖਸੁੱਟ ਤੋਂ ਪਰਦਾ ਵੀ ਹਟਾ ਰਹੀ ਹੈ। ਇਸੇ ਕਰਕੇ ਬੁਖਲਾਹਟ ਵਿੱਚ ਇੱਕ ਤੋਂ ਬਾਅਦ ਇੱਕ ਅਜਿਹਾ ਬਿਆਨ ਜਾਂ ਕਦਮ ਚੁੱਕਿਆ ਜਾ ਰਿਹਾ ਹੈ ਅਤੇ ਮਾਨ ਸਰਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦੇ ਮਾਮਲੇ ‘ਚ ਕੰਗ ਨੇ ਵਿਰੋਧੀ ਧਿਰਾਂ ‘ਤੇ ਤੰਜ ਕੱਸਦਿਆਂ ਕਿਹਾ ਕਿ ਬਿਕਰਮ ਮਜੀਠੀਆ ਤੇ ਪ੍ਰਤਾਪ ਬਾਜਵਾ ਦੇ ਬਿਆਨ ਹਾਸੋਹੀਣੇ ਹਨ। ਪਹਿਲੀ ਵਾਰ ਸੁਣਿਆ ਕੋਈ ਆਪਣੀ ਫੈਕਟਰੀ ਬੰਦ ਕਰਵਾਉਣ ਲਈ ਪੈਸੇ ਦੇ ਰਿਹਾ ਹੈ। ਪਰ ਇਸਤੋਂ ਸਾਫ਼ ਹੈ ਕਿ ਫੈਕਟਰੀ ਚਾਲੂ ਰੱਖਣ ਲਈ ਪੈਸੇ ਕੌਣ ਖਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਚ ਤਾਂ ਇਹ ਹੈ ਕਿ ਇਹ ਸਾਰੇ ਲੋਕ ਭਗਵੰਤ ਮਾਨ ਤੋਂ ਡਰੇ ਹੋਏ ਹਨ, ਇੱਕ ਪਾਸੇ ਇਕੱਲੇ ਭਗਵੰਤ ਮਾਨ ਹਨ ਅਤੇ ਦੂਜੇ ਪਾਸੇ ਇਨ੍ਹਾਂ ਦਾ ਨਾਪਾਕ ਗੱਠਜੋੜ ਜਿਹੜਾ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੰਜਾਬ ਪੱਖੀ ਕੰਮਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਪੰਜਾਬ ਦੇ ਲੋਕ ਸਭ ਦੇਖ ਅਤੇ ਸਮਝ ਰਹੇ ਹਨ।

ਲੋਕ ਪੱਖੀ ਫੈਸਲਿਆਂ ਅਤੇ ਕੰਮਾਂ ਦੀ ਪ੍ਰਤੀਬੱਧਤਾ ਦੁਹਰਾਉਂਦਿਆਂ ਕੰਗ ਨੇ ਕਿਹਾ ਕਿ ਇਨ੍ਹਾਂ ਦੇ ਨਾਪਾਕ ਗੱਠਜੋੜ ਅਤੇ ਪੰਜਾਬ ਵਿਰੋਧੀ ਬਿਆਨਾਂ ਦੇ ਬਾਵਜੂਦ ਮਾਨ ਸਰਕਾਰ ਆਪਣੇ ਲੋਕ ਹਿੱਤ ਦੇ ਕੰਮ ਜਾਰੀ ਰੱਖੇਗੀ ਅਤੇ ਕਿਸੇ ਨੂੰ ਪੰਜਾਬ ਜਾਂ ਪੰਜਾਬ ਦਾ ਸਰਮਾਇਆ ਲੁੱਟਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।