ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਦੀ ਹੋਈ ਤਿਮਾਹੀ ਮੀਟਿੰਗ

ਰੂਪਨਗਰ, 19 ਅਕਤੂਬਰ:

ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਰਮੇਸ਼ ਕੁਮਾਰੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਦੀ ਤਿਮਾਹੀ ਮੀਟਿੰਗ ਹੋਈ ਜਿਸ ਵਿੱਚ ਇੱਕ ਜੁਲਾਈ 2023 ਤੋਂ 30 ਸਤੰਬਰ 2023 ਤੱਕ ਦੇ ਕੰਮ ਕਾਜ ਬਾਰੇ ਡੁੰਘਾ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਅਤੇ ਐੱਸ.ਐੱਸ.ਪੀ ਰੂਪਨਗਰ ਵਿਵੇਕ ਐੱਸ ਸੋਨੀ ਵਿਸ਼ੇਸ਼ ਤੌਰ ਉਤੇ ਹਾਜ਼ਰ ਸਨ।

ਮੀਟਿੰਗ ਦੀ ਅਗਵਾਈ ਕਰਦਿਆਂ ਸ਼੍ਰੀਮਤੀ ਰਮੇਸ਼ ਕੁਮਾਰੀ ਨੇ ਦੱਸਿਆ ਕਿ ਇਸ ਤਿਮਾਹੀ ਮੀਟਿੰਗ ਦੌਰਾਨ ਕੁੱਲ 230 ਵਿਅਕਤੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਗਈ ਜਿਨ੍ਹਾਂ ਵਿੱਚ 83 ਔਰਤਾਂ, 24 ਅਨੁਸੂਚਿਤ ਜਾਤੀ, 78 ਹਵਾਲਤੀ ਅਤੇ 45 ਗਰੀਬ ਵਿਅਕਤੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਸਥਾਈ ਲੋਕ ਅਦਾਲਤ ਵਿੱਚ 394 ਕੇਸਾਂ, ਰਾਜ ਲੋਕ ਅਦਾਲਤ ਵੱਲੋਂ ਕੁੱਲ 70 ਮਾਮਲਿਆਂ ਅਤੇ ਨੈਸ਼ਨਲ ਲੋਕ ਅਦਾਲਤਾਂ ਵਿੱਚ ਕੁੱਲ 2965 ਮਾਮਲਿਆਂ ਦਾ ਨਿਪਟਾਰਾ ਕੀਤਾ ਅਤੇ 17 ਕਰੋੜ 87 ਲੱਖ ਰੁਪਏ ਦੇ ਕਰੀਬ ਅਵਾਰਡ ਪਾਸ ਕੀਤੇ ਗਏ।
ਇਸ ਸਮੇ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਲਈ ਕੁੱਲ 153 ਸੈਮੀਨਾਰ ਲਗਾਏ ਗਏ ਜਿਨ੍ਹਾਂ ਰਾਹੀਂ ਲੋਕਾਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ, ਵੱਲੋਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਅਲੱਗ ਅਲੱਗ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਤੇ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਦੁਆਰਾ ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆ, ਉਦਯੋਗਿਕ ਕਾਮੇ, ਕੁਦਰਤੀ ਆਫਤਾਂ ਤੋ ਪ੍ਰਭਾਵਿਤ ਔਰਤਾਂ ਅਤੇ ਬੱਚੇ ਕੋਈ ਵੀ ਵਿਅਕਤੀ ਜਿਸਦੀ ਸਲਾਨਾ ਆਮਦਨ 3 ਲੱਖ ਤੋਂ ਘੱਟ ਹੈ ਉਨਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ।

ਇਸ ਮੌਕੇ ਉਤੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਸੰਜੇ ਅਗਨੀਹੋਤਰੀ, ਚੀਫ ਜੁਡੀਸ਼ੀਅਲ ਮੈਜੀਸਟ੍ਰੇਟ ਰੂਪਨਗਰ ਅਸੀਸ਼ ਕੁਮਾਰ ਠਠਈ, ਜ਼ਿਲ੍ਹਾ ਅਟਾਰਨੀ ਰਕੇਸ਼ ਗੋਇਲ ਅਤੇ ਪ੍ਰਧਾਨ ਜ਼ਿਲ੍ਹਾ ਬਾਰ ਕਾਉਂਸਲ ਰੂਪਨਗਰ ਅਮਰੀਕ ਸਿੰਘ ਕਟਵਾਲ ਹਾਜ਼ਰ ਸਨ।