ਡਿਪਟੀ ਕਮਿਸ਼ਨਰ ਵਲੋਂ ਸੜਕ ਸੁਰੱਖਿਆ ਉਪਾਵਾਂ ਬਾਰੇ ਜ਼ਿਲ੍ਹਾ ਪੱਧਰੀ ਸਿਖਲਾਈ ਦਾ ਉਦਘਾਟਨ

– ਸੜਕ ਸੁਰੱਖਿਆ ਪ੍ਰਤੀ ਤਾਲਮੇਲ ਨੂੰ ਵੀ ਕੀਤਾ ਜਾਵੇਗਾ ਮਜ਼ਬੂਤ

ਲੁਧਿਆਣਾ, 7 ਨਵੰਬਰ –

ਸੜਕ ਸੁਰੱਖਿਆ ਪ੍ਰਤੀ ਤਾਲਮੇਲ ਵਾਲੀ ਪਹੁੰਚ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ਸਥਾਨਕ ਬੱਚਤ ਭਵਨ ਵਿਖੇ ਸੜਕ ਸੁਰੱਖਿਆ ਉਪਾਵਾਂ ਬਾਰੇ ਇੱਕ ਦਿਨ ਦੀ ਜ਼ਿਲ੍ਹਾ ਪੱਧਰੀ ਸਿਖਲਾਈ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੇ ਸੜਕ ਸੁਰੱਖਿਆ ਉਪਾਵਾਂ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਇਹ ਪ੍ਰੋਗਰਾਮ ਡਾਇਰੈਕਟਰ ਜਨਰਲ ਲੀਡ ਏਜੰਸੀ ਰੋਡ ਸੇਫਟੀ ਪੰਜਾਬ ਆਰ. ਵੈਂਕਟਰਤਨਮ ਦੇ ਦਿਸ਼ਾ ਨਿਰਦੇਸ਼ਾਂ ‘ਤੇ ਕਰਵਾਇਆ ਗਿਆ।

ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਨੇ ਸਿਖਲਾਈ ਸੈਸ਼ਨ ਦਾ ਉਦਘਾਟਨ ਕਰਦੇ ਹੋਏ ਸਾਰੇ ਸਬੰਧਤ ਵਿਭਾਗਾਂ ਨੂੰ ਇਸ ਪ੍ਰੋਗਰਾਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਤਾਂ ਜੋ ਵਿਭਾਗ ਪੱਧਰ ‘ਤੇ ਸੜਕ ਸੁਰੱਖਿਆ ਪ੍ਰਤੀ ਬਿਹਤਰ ਸਮਝ ਨੂੰ ਹੋਰ ਵਿਕਸਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਜ਼ਿਲ੍ਹਾ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ ਜਿਸਦੇ ਤਹਿਤ ਅਧਿਕਾਰੀਆਂ ਵੱਲੋਂ ਪਹਿਲਾਂ ਹੀ ਕਈ ਉਪਾਅ ਕੀਤੇ ਜਾ ਚੁੱਕੇ ਹਨ ਜਿਸ ਵਿੱਚ ਰੁਟੀਨ ਚੈਕਿੰਗ, ਸੁਰੱਖਿਅਤ ਸਕੂਲ ਵਾਹਨ ਸਕੀਮ ਨੂੰ ਲਾਗੂ ਕਰਨਾ, ਬਲੈਕ ਸਪਾਟਸ ਨਾਲ ਨਜਿੱਠਣਾ ਆਦਿ ਸ਼ਾਮਲ ਹਨ। ਉਨ੍ਹਾ ਕਿਹਾ ਕਿ ਧੁੰਦ ਦੌਰਾਨ ਸਰਦੀਆਂ ਵਿੱਚ, ਦੇਸ਼ ਵਿੱਚ ਜ਼ਿਆਦਾਤਰ ਸੜਕ ਹਾਦਸੇ ਵਾਪਰਦੇ ਹਨ; ਇਸ ਲਈ ਇਹ ਸਿਖਲਾਈ ਸੈਸ਼ਨ ਇਸ ਸਮੇਂ ਬਹੁਤ ਮਹੱਤਵ ਰੱਖਦਾ ਹੈ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸੰਯੁਕਤ ਡਾਇਰੈਕਟਰ ਟਰੈਫਿਕ ਲੀਡ ਏਜੰਸੀ ਪੰਜਾਬ ਦੇਸ ਰਾਜ ਕੰਬੋਜ ਅਤੇ ਜੁਆਇੰਟ ਡਾਇਰੈਕਟਰ ਮੈਡੀਕਲ ਡਾ. ਕੰਵਰਪ੍ਰੀਤ ਸਿੰਘ ਨੇ ਦੱਸਿਆ ਕਿ ਸਿਖਲਾਈ ਸੈਸ਼ਨ ਦੌਰਾਨ ਸੱਤ ਭਾਗੀਦਾਰ ਵਿਭਾਗਾਂ ਦੇ 65 ਤੋਂ ਵੱਧ ਅਧਿਕਾਰੀਆਂ/ਕਰਮਚਾਰੀਆਂ ਨੇ ਭਾਗ ਲਿਆ। ਇਨ੍ਹਾਂ ਵਿਭਾਗਾਂ ਵਿੱਚ ਐਨ.ਐਚ.ਏ.ਆਈ., ਪੁਲਿਸ, ਪੰਜਾਬ ਮੰਡੀ ਬੋਰਡ, ਸਿੱਖਿਆ ਵਿਭਾਗ, ਸਿਹਤ ਵਿਭਾਗ, ਲੋਕਲ ਬਾਡੀਜ਼ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਸ਼ਾਮਲ ਸਨ। ਉਨ੍ਹਾਂ ਅੱਗੇ ਦੱਸਿਆ ਕਿ ਸਿਖਲਾਈ ਦਾ ਉਦੇਸ਼ ਮੌਤਾਂ ਨੂੰ 50 ਪ੍ਰਤੀਸ਼ਤ ਤੱਕ ਘਟਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਇਨ੍ਹਾਂ ਵਿਭਾਗਾਂ ਵਿੱਚ ਤਾਲਮੇਲ ਵਾਲੀ ਪਹੁੰਚ ਨੂੰ ਉਤਸ਼ਾਹਿਤ ਕਰਨਾ ਹੈ।

ਉਨ੍ਹਾਂ ਦੱਸਿਆ ਕਿ ਪੂਰੇ ਟਰੇਨਿੰਗ ਸੈਸ਼ਨ ਨੂੰ ਚਾਰ ਸੈਸ਼ਨਾਂ ਵਿੱਚ ਵੰਡਿਆ ਗਿਆ ਸੀ, ਜਿਸ ਵਿੱਚ ਪਹਿਲੇ ਸੈਸ਼ਨ ਦਾ ਉਦੇਸ਼ ਸੜਕ ਸੁਰੱਖਿਆ ਦੇ ਇੰਜਨੀਅਰਿੰਗ ਤਰੀਕਿਆਂ ਬਾਰੇ ਸੀ। ਰੋਪੜ ਆਈ.ਆਈ.ਟੀ. ਤੋਂ ਡਾ. ਰਾਹੁਲ ਨੇ ਸੜਕ ਸੁਰੱਖਿਆ ਦੇ ਇੰਜਨੀਅਰਿੰਗ ਪਹਿਲੂਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਦੋਂਕਿ ਡਾ. ਅਨੁਭਵ ਸ਼ਰਮਾ, ਸਹਾਇਕ ਪ੍ਰੋਫੈਸਰ ਡੀਐਮਸੀ ਐਂਡ ਐਚ ਲੁਧਿਆਣਾ ਨੇ ਐਮਰਜੈਂਸੀ ਦੇਖਭਾਲ ਦੀ ਭੂਮਿਕਾ ਬਾਰੇ ਦੱਸਿਆ, ਸੇਫ ਡਰਾਈਵ ਸਟੇ ਅਲਾਈਵ ਐਨ.ਜੀ.ਓ ਤੋਂ ਨਵਲ ਕਿਸ਼ੋਰ ਕੌੜਾ ਨੇ ਟ੍ਰੈਫਿਕ ਪ੍ਰਬੰਧਨ ਬਾਰੇ ਮੁੱਖ ਜਾਣਕਾਰੀ ਦਿੱਤੀ, ਅਤੇ ਡਾ. ਜੀ.ਐਨ.ਡੀ.ਈ. ਕਾਲਜ ਲੁਧਿਆਣਾ ਤੋਂ ਪ੍ਰਸ਼ਾਂਤ ਗਰਗ ਨੇ ਸੜਕ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਨ ਦੇ ਉਪਾਵਾਂ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਮੌਤਾਂ ਨੂੰ 50 ਪ੍ਰਤੀਸ਼ਤ ਤੱਕ ਘੱਟ ਕੀਤਾ ਜਾ ਸਕੇ। ਅੰਤ ਵਿੱਚ, ਸ਼ਮੂਲੀਅਤ ਕਰਨ ਵਾਲਿਆਂ ਨੂੰ ਭਾਗੀਦਾਰੀ ਸਰਟੀਫਿਕੇਟ ਸੌਂਪੇ ਗਏ।