— ਮਹਿਲਾ ਕੈਦੀਆਂ ਨੂੰ ਕਿਤਾਬਾਂ, ਮਿਠਾਈ ਅਤੇ ਹੋਰ ਲੋੜੀਂਦਾ ਸਮਾਨ ਦੇ ਕੇ ਮੁਬਾਰਕਾਂ ਦਿੱਤੀਆਂ
— ਜੇਲ੍ਹ ਦੇ ਮੈਡੀਕਲ ਵਾਰਡ ਤੇ ਰਸੋਈ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ
ਰੂਪਨਗਰ, 9 ਨਵੰਬਰ:
ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਦੀਵਾਲੀ ਦੇ ਤਿਉਹਾਰ ਦੇ ਮੌਕੇ ਜ਼ਿਲ੍ਹਾ ਜੇਲ੍ਹ ਦਾ ਦੌਰਾ ਕੀਤਾ ਅਤੇ ਮਹਿਲਾਵਾਂ ਦੇ ਸੈੱਲ ਵਿੱਚ ਜਾ ਕੇ ਉੱਥੇ ਹਾਜ਼ਰ ਕੈਦੀ ਮਹਿਲਾਵਾਂ ਨਾਲ ਗੱਲਬਾਤ ਕੀਤੀ ਤੇ ਉੱਥੇ ਆ ਰਹੀਆਂ ਮੁਸ਼ਕਿਲਾਂ ਅਤੇ ਲੋੜਾਂ ਬਾਰੇ ਪੁੱਛਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮਹਿਲਾ ਕੈਦੀਆਂ ਨੂੰ ਕਿਤਾਬਾਂ, ਮਿਠਾਈ ਅਤੇ ਹੋਰ ਲੋੜੀਂਦਾ ਸਮਾਨ ਦੇ ਕੇ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਜੇਲ੍ਹ ਵਿਚ ਕੈਦੀਆਂ ਵਲੋਂ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ।
ਉਨ੍ਹਾਂ ਮਹਿਲਾ ਕੈਦੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨਸਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਗਿਰ ਕੇ ਨਾ ਉੱਠਣਾ ਹੈ ਜਿਸ ਲਈ ਇਹ ਜ਼ਰੂਰੀ ਹੈ ਕਿ ਆਪਣੀ ਜ਼ਿੰਦਗੀ ਦੀ ਮੁੜ ਤੋਂ ਸ਼ੁਰੂਆਤ ਕਰਨ ਲਈ ਅਸੀਂ ਸਾਰੇ ਹਾਂ-ਪੱਖੀ ਸੋਚ ਰੱਖ ਕੇ ਆਪਣੀ ਸਜ਼ਾ ਭੁਗਤ ਕੇ ਦੁਬਾਰਾ ਸਮਾਜ ਵਿਚ ਜਾ ਕੇ ਇਕ ਚੰਗੇ ਨਾਗਰਿਕ ਦਾ ਰੋਲ ਅਦਾ ਕਰੀਏ ਅਤੇ ਆਪਣੀਆਂ ਕੀਤੀਆਂ ਗਲਤੀਆਂ ਨੂੰ ਮੁੜ ਨਾ ਦੁਹਰਾਈਏ।
ਡਾ. ਪ੍ਰੀਤੀ ਯਾਦਵ ਨੇ ਜੇਲ੍ਹ ਵਿਚ ਬਣਾਏ ਗਏ ਮੈਡੀਕਲ ਵਾਰਡ ਦਾ ਦੌਰਾ ਕੀਤਾ ਅਤੇ ਦਵਾਈਆਂ ਦਾ ਸਟਾਕ ਚੈੱਕ ਕੀਤਾ। ਉਨ੍ਹਾਂ ਮੈਡੀਕਲ ਅਫਸਰ ਡਾ. ਜਗਦੀਪ ਸਿੰਘ ਤੋਂ ਬਿਮਾਰ ਕੈਦੀਆਂ ਬਾਰੇ ਪੁੱਛਿਆ ਅਤੇ ਵਾਰਡ ਦੇ ਹਰ ਕਮਰੇ ਦਾ ਦੌਰਾ ਕੀਤਾ। ਇਸ ਉਪਰੰਤ ਉਨ੍ਹਾਂ ਰਸੋਈ ਦਾ ਦੌਰਾ ਕੀਤਾ ਅਤੇ ਰਾਸ਼ਨ ਦੇ ਸਟਾਕ ਦੀ ਸਮੀਖਿਆ ਕੀਤੀ ਅਤੇ ਜੇਲ੍ਹ ਸੁਪਰਡੈਂਟ ਗੁਰਨਾਮ ਲਾਲ ਨੂੰ ਹਦਾਇਤ ਕਰਦਿਆਂ ਰਸੋਈ ਵਿਚ ਸਾਫ-ਸਫਾਈ ਅਤੇ ਭੋਜਨ ਦੀ ਗੁਣਵਤਾ ਯਕੀਨੀ ਕਰਨ ਲਈ ਕਿਹਾ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਇਸ ਮੌਕੇ ਸੰਦੇਸ਼ ਦਿੰਦਿਆਂ ਕਿਹਾ ਕਿ ਦੀਵਾਲੀ ਦਾ ਤਿਉਹਾਰ ਝੂਠ ’ਤੇ ਸੱਚ, ਅਧਰਮ ’ਤੇ ਧਰਮ ਅਤੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਦੇਸ਼ ਦੀ ਸਭਿਆਚਾਰਕ ਵਿਰਾਸਤ ਦੀਆਂ ਕਦਰਾਂ ਕੀਮਤਾਂ ਅਤੇ ਵਿਚਾਰਾਂ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਇਨਾਂ ਪਵਿੱਤਰ ਮੌਕਿਆਂ ਨੂੰ ਜਾਤ, ਰੰਗ ਤੇ ਨਸਲ ਦੀਆਂ ਸੌੜੀਆਂ ਵਲਗਣਾਂ ਤੋਂ ਉਪਰ ਉਠ ਕੇ ਰਵਾਇਤੀ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ ਅਤੇ ਵਿਰੋਧਤਾ ਨੂੰ ਦਿਲੋਂ-ਦਿਮਾਗ ਤੋਂ ਕੱਢ ਦੇਣਾ ਚਾਹੀਦਾ ਹੈ।
ਇਸ ਮੌਕੇ ਪੁਲਿਸ ਦੀ ਟੁਕੜੀ ਵਲੋਂ ਡਿਪਟੀ ਕਮਿਸ਼ਨਰ ਨੂੰ ਗਾਰਡ ਆਫ ਓਨਰ ਵੀ ਦਿੱਤਾ ਗਿਆ।

हिंदी






