ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਜੋਤੀਰਾਦਿੱਤਿਆ ਐੱਮ ਸਿੰਧੀਆ ਨੇ ਏਅਰਪੋਰਟ ਆਪਰੇਟਰਾਂ ਨਾਲ ਸਲਾਹਕਾਰ ਸਮੂਹ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ

ਮੀਟਿੰਗ ਵਿੱਚ ਡਿਜੀਯਾਤਰਾ ਨੂੰ ਉਤਸ਼ਾਹਿਤ ਕਰਨ, ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਵਿੱਚ ਭੀੜ ਤੋਂ ਬਚਣ ਦੇ ਹੱਲ ਅਤੇ ਪੂੰਜੀ ਖ਼ਰਚ ਦੇ ਟੀਚਿਆਂ ‘ਤੇ ਚਰਚਾ ਕੀਤੀ ਗਈ
ਚੰਡੀਗੜ੍ਹ, 20 DEC 2023

ਕੇਂਦਰੀ ਸ਼ਹਿਰੀ ਹਵਾਬਾਜ਼ੀ ਅਤੇ ਸਟੀਲ ਮੰਤਰੀ ਸ਼੍ਰੀ ਜੋਤੀਰਾਦਿੱਤਿਆ ਐੱਮ ਸਿੰਧੀਆ ਨੇ 19 ਦਸੰਬਰ, 2023 ਨੂੰ ਹਵਾਈ ਅੱਡਾ ਆਪਰੇਟਰਾਂ ਨਾਲ ਸਲਾਹਕਾਰ ਸਮੂਹ ਦੀ ਮੀਟਿੰਗ ਕੀਤੀ। ਆਉਣ ਵਾਲੇ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਸ੍ਰੀ ਸਿੰਧੀਆ ਨੇ ਹਵਾਈ ਅੱਡਿਆਂ ‘ਤੇ ਭੀੜ ਨੂੰ ਰੋਕਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਭਰੋਸਾ ਦਿੱਤਾ ਕਿ ਮੰਤਰਾਲਾ ਇਸ ਸਮੇਂ ਦੌਰਾਨ ਯਾਤਰੀਆਂ ਨੂੰ ਨਿਰਵਿਘਨ ਅਤੇ ਸਮਾਂ ਬਚਾਉਣ ਵਾਲੀ ਯਾਤਰਾ ਦਾ ਅਨੁਭਵ ਪ੍ਰਦਾਨ ਕਰਨ ਲਈ ਹਰ ਸੰਭਵ ਕੋਸ਼ਿਸ਼ ਨੂੰ ਸਰਗਰਮੀ ਨਾਲ ਲਾਗੂ ਕਰ ਰਿਹਾ ਹੈ।

ਮੀਟਿੰਗ ਵਿੱਚ ਮੰਤਰੀ ਨੇ ਆਪਰੇਟਰਾਂ ਦੇ ਸਵਾਲ ਅਤੇ ਸੁਝਾਅ ਸੁਣੇ ਅਤੇ ਯਾਤਰੀਆਂ ਦੀ ਸਹੂਲਤ ਲਈ ਸਰਬੋਤਮ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ। ਵਿਚਾਰ-ਵਟਾਂਦਰੇ ਦਾ ਇੱਕ ਮਹੱਤਵਪੂਰਨ ਵਿਸ਼ਾ ਮੈਨੂਅਲ ਤੋਂ ਡਿਜੀਟਲ ਚੈਕ-ਇਨ ਅਤੇ ਗੇਟਵੇਅ ਪ੍ਰਕਿਰਿਆਵਾਂ ਤੱਕ ਤਬਦੀਲੀ ਦਰ ਨੂੰ ਵਧਾਉਣ, ਪਰੇਸ਼ਾਨੀ ਮੁਕਤ ਅਤੇ ਅਤੇ ਤੇਜ਼ ਯਾਤਰੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ‘ਡਿਜੀਯਾਤਰਾ’ ਨੂੰ ਉਤਸ਼ਾਹਿਤ ਕਰਨਾ ਸੀ। ਮੌਜੂਦਾ ਸਮੇਂ ਵਿੱਚ, ਇਹ ਸਹੂਲਤ ਘਰੇਲੂ ਯਾਤਰੀਆਂ ਲਈ ਦੇਸ਼ ਦੇ 13 ਹਵਾਈ ਅੱਡਿਆਂ ‘ਤੇ ਉਪਲਬਧ ਹੈ, ਜਿਨ੍ਹਾਂ ਵਿੱਚ: ਲਖਨਊ, ਮੁੰਬਈ, ਅਹਿਮਦਾਬਾਦ, ਕੋਚੀ, ਜੈਪੁਰ, ਗੁਹਾਟੀ, ਦਿੱਲੀ, ਬੰਗਲੌਰ, ਵਾਰਾਣਸੀ, ਵਿਜੇਵਾੜਾ, ਪੁਣੇ, ਹੈਦਰਾਬਾਦ ਅਤੇ ਕੋਲਕਾਤਾ ਹਵਾਈ ਅੱਡੇ ਸ਼ਾਮਲ ਹਨ। ਚਰਚਾ ਦੌਰਾਨ ਰਵਾਨਗੀ ਅਤੇ ਆਗਮਨ ਦੋਵਾਂ ‘ਤੇ ਕੌਮਾਂਤਰੀ ਯਾਤਰੀਆਂ ਦੀ ਪਹੁੰਚ ਲਈ ‘ਡਿਜੀਯਾਤਰਾ’ ਨੂੰ ਜੋੜਨ ਦਾ ਸੁਝਾਅ ਵੀ ਦਿੱਤਾ ਗਿਆ। ਸਭ ਤੋਂ ਵਧੀਆ ਅਭਿਆਸਾਂ ਦੀ ਪੜਚੋਲ ਕਰਨ ਲਈ, ਹਵਾਈ ਅੱਡੇ ਦੇ ਸੰਚਾਲਕਾਂ ਨੂੰ ਦੂਜੇ ਦੇਸ਼ਾਂ ਵਿੱਚ ਸਫਲਤਾਪੂਰਵਕ ਵਰਤੇ ਜਾ ਰਹੇ ਬਾਇਓਮੈਟ੍ਰਿਕ ਯੋਗ ਮਾਡਲਾਂ ਨੂੰ ਪੇਸ਼ ਕਰਨ ਦਾ ਕੰਮ ਵੀ ਸੌਂਪਿਆ ਗਿਆ।

ਸ਼੍ਰੀ ਸਿੰਧੀਆ ਨੇ ਤੀਜੀ ਤਿਮਾਹੀ ਵਿੱਚ ਪ੍ਰਾਪਤ ਕੀਤੇ ਅਸਲ ਅੰਕੜਿਆਂ ਦੇ ਨਾਲ ਇਕਸਾਰ ਹੋਣ ਲਈ ਸਾਰੇ ਏਅਰਪੋਰਟ ਆਪਰੇਟਰਾਂ ਦੇ ਪੂੰਜੀ ਖਰਚ ਦੇ ਟੀਚਿਆਂ ਦੀ ਵੀ ਸਮੀਖਿਆ ਕੀਤੀ।

ਮੀਟਿੰਗ ਵਿੱਚ ਜੀਐੱਮਆਰ ਏਅਰਪੋਰਟ, ਅਡਾਨੀ ਏਅਰਪੋਰਟ, ਬੀਆਈਏਐਲ, ਕੋਚੀ ਏਅਰਪੋਰਟ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਸਮੇਤ ਸਾਰੇ ਏਅਰਪੋਰਟ ਆਪਰੇਟਰ ਸ਼ਾਮਲ ਹੋਏ। ਮੀਟਿੰਗ ਵਿੱਚ ਸ਼ਹਿਰੀ ਹਵਾਬਾਜ਼ੀ ਦੇ ਸਕੱਤਰ, ਸ਼੍ਰੀ ਵੁਮਲੁਨਮੰਗ ਵੁਲਨਾਮ, ਡੀਜੀ ਬੀਸੀਏਐਸ, ਸ਼੍ਰੀ ਜ਼ੁਲਫਿਕਾਰ ਹਸਨ, ਡੀਜੀ ਡੀਜੀਸੀਏ, ਸ਼੍ਰੀ ਵਿਕਰਮ ਦੇਵਦੱਤ ਅਤੇ ਹੋਰ ਸੰਯੁਕਤ ਸਕੱਤਰ ਅਤੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।