ਜ਼ਿਲ੍ਹਾ ਪ੍ਰਸ਼ਾਸਨ ਦੇ ਦਖਲ ਤੋਂ ਬਾਅਦ ਅਬੋਹਰ ਵਿਖੇ ਕਿਸਾਨਾਂ ਦਾ ਧਰਨਾ ਸਮਾਪਤ।

_Dr Senu Duggal
ਜ਼ਿਲ੍ਹਾ ਪ੍ਰਸ਼ਾਸਨ ਦੇ ਦਖਲ ਤੋਂ ਬਾਅਦ ਅਬੋਹਰ ਵਿਖੇ ਕਿਸਾਨਾਂ ਦਾ ਧਰਨਾ ਸਮਾਪਤ।
ਸੀਸੀਆਈ ਨੇ ਸ਼ੁਰੂ ਕੀਤੀ ਨਰਮੇ ਦੀ ਖਰੀਦ
ਅਬੋਹਰ 11 ਜਨਵਰੀ 2024
ਅਬੋਹਰ ਵਿਖੇ ਨਰਮੇ ਦੀ ਸੀਸੀਆਈ ਖਰੀਦ ਦੀ ਮੰਗ ਕਰ ਰਹੇ ਕਿਸਾਨਾਂ ਦਾ ਧਰਨਾ ਜਿਲਾ ਪ੍ਰਸ਼ਾਸਨ ਦੇ ਦਖਲ ਤੋਂ ਬਾਅਦ ਅੱਜ ਸਮਾਪਤ ਹੋ ਗਿਆ। ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਅਤੇ ਐਸਐਸਪੀ ਮਨਜੀਤ ਸਿੰਘ ਢੇਸੀ ਨੇ ਮੌਕੇ ਤੇ ਪਹੁੰਚ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਸੁਣ ਕੇ ਸੀਸੀਆਈ ਨੂੰ ਹਦਾਇਤ ਕੀਤੀ ਕਿ ਨਰਮੇ ਦੀ ਖਰੀਦ ਸ਼ੁਰੂ ਕੀਤੀ ਜਾਵੇ ਉਪਰੰਤ ਭਾਰਤੀ ਕਪਾਹ ਨਿਗਮ ਵੱਲੋਂ ਮੌਕੇ ਤੇ ਹੀ ਨਰਮੇ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ।
ਜਿਸ ਉਪਰੰਤ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਮੰਨਦਿਆਂ ਧਰਨਾ ਸਮਾਪਤ ਕਰ ਲਿਆ। ਇਸ ਮੌਕੇ ਸੀਸੀਆਈ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਹਨਾਂ ਵੱਲੋਂ ਨਰਮੇ ਦੀ ਖਰੀਦ ਨਿਯਮਾਂ ਅਨੁਸਾਰ ਕੀਤੀ ਜਾਵੇਗੀ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਨਿਯਮਾਂ ਅਨੁਸਾਰ ਫਸਲਾਂ ਦੀ ਖਰੀਦ ਦਾਣਾ ਮੰਡੀ ਵਿੱਚ ਕੱਲ ਤੋਂ ਆਮ ਵਾਂਗ ਹੋਵੇਗੀ। ਜਦ ਕਿ ਮੌਕੇ ਪਰ ਹਾਜ਼ਰ ਨਰਮੇ ਦੀਆਂ ਟਰਾਲੀਆਂ ਦੀ ਬੋਲੀ ਮੌਕੇ ਤੇ ਹੀ ਸੀਸੀ ਆਈ ਅਧਿਕਾਰੀਆਂ ਵੱਲੋਂ ਕੀਤੀ ਗਈ।
 ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨਾਲ ਲੰਬੀ ਗੱਲਬਾਤ ਕੀਤੀ ਗਈ ਅਤੇ ਉਨਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਪ੍ਰਸ਼ਾਸਨ ਦੀ ਵਚਨਬੱਧਤਾ ਦੁਹਰਾਈ। ਉਹਨਾਂ ਨੇ ਭਾਰਤੀ ਕਪਾਹ ਨਿਗਮ ਨੂੰ ਵੀ ਹਦਾਇਤ ਕੀਤੀ ਕਿ ਸਰਕਾਰ ਦੇ  ਨਿਯਮਾਂ ਅਨੁਸਾਰ ਫਸਲ ਦੀ ਖਰੀਦ ਕੀਤੀ ਜਾਵੇ ਅਤੇ ਯਕੀਨੀ ਬਣਾਇਆ ਜਾਵੇ ਕਿ ਮੰਡੀ ਵਿੱਚ ਕਿਸੇ ਕਿਸਾਨ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਅਬੋਹਰ ਦੇ ਐਸਡੀਐਮ ਸ੍ਰੀ ਰਵਿੰਦਰ ਸਿੰਘ ਅਰੋੜਾ ਵੀ ਹਾਜ਼ਰ ਸਨ।