ਭਾਸ਼ਾ ਵਿਭਾਗ ਦੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲਿਆਂ ‘ਚ ਵਿਦਿਆਰਥੀਆਂ ਵੱਲੋਂ ਉਤਸ਼ਾਹ ਨਾਲ ਸ਼ਿਰਕਤ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਹਰ ਵਰਗ ‘ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਰਾਜ ਪੱਧਰੀ ਮੁਕਾਬਲੇ ‘ਚ ਲੈਣਗੇ ਭਾਗ

ਬਰਨਾਲਾ, 22 ਅਕਤੂਬਰ 2024

ਭਾਸ਼ਾ ਵਿਭਾਗ ਦੇ ਨਿਰਦੇਸ਼ਕ ਜਸਵੰਤ ਸਿੰਘ ਜ਼ਫਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਬਰਨਾਲਾ ਵਿਖੇ ਕਰਵਾਏ ਗਏ।

ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ(ਸੈ.ਸਿੱ) ਮੈਡਮ ਮਲਕਾ ਰਾਣੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਬਰਜਿੰਦਰਪਾਲ ਸਿੰਘ ਦੇ ਸਹਿਯੋਗ ਸਦਕਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਬਰਨਾਲਾ ਦੇ ਪ੍ਰਿੰਸੀਪਲ ਹਰੀਸ਼ ਬਾਂਸਲ ਦੇ ਪ੍ਰਬੰਧਾਂ ਹੇਠ ਕਰਵਾਏ ਕੁਇਜ਼ ਮੁਕਾਬਲਿਆਂ ‘ਚ ਜ਼ਿਲ੍ਹੇ ਦੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਉਤਸ਼ਾਹ ਨਾਲ ਭਾਗ ਲਿਆ ਗਿਆ।

ਭਾਸ਼ਾ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ਤਿੰਨ ਵਰਗਾਂ ‘ਚ ਹੋਏ।ਪਹਿਲੇ ਵਰਗ ‘ਚ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ, ਦੂਜੇ ਵਰਗ ‘ਚ ਨੌਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਅਤੇ ਤੀਜੇ ਵਰਗ ‘ਚ ਕਾਲਜਾਂ ਦੇ ਗਰੈਜੂਏਸ਼ਨ ਪੱਧਰ ਦੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ।ਉਹਨਾਂ ਦੱਸਿਆ ਕਿ ਹਰ ਵਰਗ ਵਿੱਚੋਂ ਪਹਿਲੇ,ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਭਾਸ਼ਾ ਵਿਭਾਗ ਵੱਲੋਂ ਸਨਮਾਨਿਤ ਕੀਤਾ ਗਿਆ।ਹਰ ਵਰਗ ਵਿੱਚੋਂ ਪਹਿਲੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਰਾਜ ਪੱਧਰੀ ਕੁਇਜ਼ ਮੁਕਾਬਲੇ ‘ਚ ਭਾਗ ਲੈਣਗੇ।

ਪਹਿਲੇ ਵਰਗ ‘ਚੋਂ ਸਰਕਾਰੀ ਹਾਈ ਸਕੂਲ ਦਰਾਜ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਰਮਨਦੀਪ ਕੌਰ ਪਹਿਲੇ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਪਾ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਸੁਮਨਪ੍ਰੀਤ ਕੌਰ ਦੂਜੇ ਜਦਕਿ ਸਰਕਾਰੀ ਹਾਈ ਸਕੂਲ ਸਹਿਜੜਾ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਗਗਨਦੀਪ ਕੌਰ ਤੀਜੇ ਸਥਾਨ ‘ਤੇ ਰਹੀ।ਦੂਜੇ ਵਰਗ ਵਿੱਚੋਂ ਮਾਤਾ ਸਾਹਿਬ ਕੌਰ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਗਹਿਲ ਦੀ ਬਾਰਵੀਂ ਜਮਾਤ ਦੀ ਵਿਦਿਆਰਥਣ ਹਰਮਨਜੋਤ ਕੌਰ ਪਹਿਲੇ, ਮਾਤਾ ਸਾਹਿਬ ਕੌਰ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਗਹਿਲ ਦੀ ਹੀ ਬਾਰਵੀਂ ਜਮਾਤ ਦੀ ਵਿਦਿਆਰਥਣ ਗਗਨਦੀਪ ਕੌਰ ਦੂਜੇ ਸਥਾਨ ‘ਤੇ ਰਹੀ ਜਦਕਿ ਸਰਕਾਰੀ ਹਾਈ ਸਕੂਲ ਸਹਿਜੜਾ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਚਰਨਕੰਵਲ ਕੌਰ ਤੀਜੇ ਸਥਾਨ ‘ਤੇ ਰਹੀ।ਤੀਜੇ ਵਰਗ ਦੇ ਮੁਕਾਬਲੇ ‘ਚੋਂ ਮੀਰੀ ਪੀਰੀ ਖਾਲਸਾ ਕਾਲਜ ਭਦੌੜ ਦਾ ਵਿਦਿਆਰਥੀ ਅਰਸ਼ਦੀਪ ਸਿੰਘ ਪਹਿਲੇ ਸਥਾਨ ‘ਤੇ ਰਿਹਾ, ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਦੀ ਵਿਦਿਆਰਥਣ ਵੀਰਪਾਲ ਕੌਰ ਦੂਜੇ ਜਦਕਿ ਇਸੇ ਹੀ ਕਾਲਜ ਦੀ ਵਿਦਿਆਰਥਣ ਅਮਨਦੀਪ ਕੌਰ ਤੀਜੇ ਸਥਾਨ ‘ਤੇ ਰਹੀ।ਮੁਕਾਬਲਿਆਂ ਦੇ ਪ੍ਰਬੰਧਾਂ ‘ਚ ਸੰਦੀਪ ਕੌਰ,ਹਰਦੀਪ ਕੁਮਾਰ,ਬਲਜੀਤ ਸਿੰਘ ਅਕਲੀਆ,ਬਲਜਿੰਦਰ ਸਿੰਘ,ਗੁਰਵੀਰ ਸਿੰਘ,ਹਰਜੀਤ ਸਿੰਘ,ਬਲਵੀਰ ਸਿੰਘ,ਬਿਕਰਮਜੀਤ ਸਿੰਘ,ਮਨਪ੍ਰੀਤ ਕੌਰ ਅਤੇ ਪਰਮਿੰਦਰ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।ਇਸ ਮੌਕੇ ਵਿਦਿਆਰਥੀਆਂ ਦੇ ਅਗਵਾਈਕਾਰ ਅਧਿਆਪਕ ਅਤੇ ਮਾਪੇ ਵੀ ਹਾਜ਼ਰ ਸਨ।

ਫੋਟੋ ਕੈਪਸ਼ਨ:ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਭਾਸ਼ਾ ਅਧਿਕਾਰੀ ਅਤੇ ਹੋਰ।