ਕਾਂਗਰਸ ਸਰਕਾਰ ਦੇ ਕਾਰਜ਼ਕਾਲ ਨੂੰ ਯਾਦ ਕਰ ਰਹੇ ਹਨ ਲੋਕ : ਕਾਲਾ ਢਿੱਲੋਂ

– ਕਿਹਾ : ਹੋਰਨਾਂ ਵਾਂਗ ਚੋਣਾਂ ਤੋਂ ਬਾਅਦ ਮੈਂ ਜਿੱਤ ਕੇ ਚੰਡੀਗੜ੍ਹ ਨਹੀਂ ਜਾਣਾ, ਬਰਨਾਲੇ ਹੀ ਆਪਣੇ ਲੋਕਾਂ ’ਚ ਰਹਿਣਾ
ਬਰਨਾਲਾ, 1 ਨਵੰਬਰ 2024

ਕਾਂਗਰਸ ਪਾਰਟੀ ਦੀ ਸਰਕਾਰ ਨੇ ਪੰਜਾਬ ’ਚ ਆਪਣੇ ਕਾਰਜ਼ਕਾਲ ਦੌਰਾਨ ਅਨੇਕਾਂ ਵਿਕਾਸ ਕਾਰਜ ਕੀਤੇ ਤੇ ਕਿਸੇ ਵੀ ਵਰਗ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ, ਪਰ ਅੱਜ ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਦੁਖੀ ਲੋਕ ਕਾਂਗਰਸ ਸਰਕਾਰ ਦੇ ਕਾਰਜ਼ਕਾਲ ਨੂੰ ਯਾਦ ਕਰ ਰਹੇ ਹਨ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਨੇ ਸੰਘੇੜਾ ਵਿਖੇ ਚੋਣ ਪ੍ਰਚਾਰ ਦੌਰਾਨ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਿਰਫ਼ ਕਾਂਗਰਸ ਹੀ ਸੂਬੇ ’ਚ ਵਿਕਾਸ ਕਾਰਜ਼ ਕਰਵਾ ਸਕਦੀ ਹੈ ਤੇ ਮੁੜ੍ਹ ਰੰਗਲਾ ਪੰਜਾਬ ਬਣਾ ਸਕਦੀ ਹੈ। ਬਰਨਾਲਾ ਹਲਕੇ ਦੀ ਗੱਲ ਕਰਦਿਆਂ ਕਾਲਾ ਢਿੱਲੋਂ ਨੇ ਅੱਗੇ ਕਿਹਾ ਕਿ ਭਾਜਪਾ ਵਲੋਂ ਬਰਨਾਲਾ ਜ਼ਿਮਨੀ ਚੋਣ ਲਈ ਉਤਾਰਿਆ ਗਿਆ ਉਮੀਦਵਾਰ ਤਾਂ ਚੋਣਾਂ ਤੋਂ ਬਿਨਾਂ ਹਲਕੇ ਵਿੱਚ ਕਦੇ ਦਿਖਾਈ ਤੱਕ ਨਹੀਂ ਦਿੰਦਾ। ਚੋਣ ਲੰਘੀਆਂ ਨਹੀਂ ਕਿ ਉਹ ਮੁੜ੍ਹ ਤੋਂ ਚੰਡੀਗੜ੍ਹ ਵੱਲ ਚਾਲੇ ਪਾ ਲੈਂਦੇ ਹਨ, ਜਿਸ ਤੋਂ ਹਲਕੇ ਦੇ ਲੋਕ ਭਲੀਭਾਂਤ ਜਾਣੂ ਹੋ ਚੁੱਕੇ ਹਨ। ਢਿੱਲੋਂ ਨੇ ਕਿਹਾ ਕਿ ਲੋਕਲ ਹੋਣ ਕਾਰਨ ਤੇ ਆਪਣੇ ਹਲਕੇ ਦੇ ਲੋਕਾਂ ’ਚ 24 ਘੰਟੇ ਵਿਚਰਣ ਤੇ ਉਨ੍ਹਾਂ ਦੇ ਦੁੱਖ-ਸੁੱਖ ’ਚ ਨਾਲ ਖੜ੍ਹਨ ਕਾਰਨ ਹੀ ਕਾਂਗਰਸ ਨੇ ਮੈਨੂੰ ਟਿਕਟ ਦੇ ਕੇ ਨਵਾਜਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਹਲਕੇ ਦੇ ਲੋਕ ਇੰਨ੍ਹਾਂ ਜ਼ਿਮਨੀ ਚੋਣਾਂ ’ਚ ਮੇਰਾ ਸਾਥ ਦੇਕੇ ਜਿੱਤ ਹਾਸਲ ਕਰਵਾਉਂਦੇ ਹਨ ਤਾਂ ਮੈਂ ਜਿੱਤਣ ਤੋਂ ਬਾਅਦ ਵੀ ਬਰਨਾਲਾ ਹਲਕੇ ਦੇ ਆਪਣੇ ਲੋਕਾਂ ’ਚ ਹੀ ਰਹਿਣਾ ਹੈ ਤੇ ਉਨ੍ਹਾਂ ਦੇ ਕੰਮ ਆਉਣਾ ਹੈ ਨਾ ਕਿ ਚੋਣਾਂ ਤੋਂ ਬਾਅਦ ਚੰਡੀਗੜ੍ਹ ਜਾਂ ਕਿਸੇ ਹੋਰ ਵੱਡੇ ਸ਼ਹਿਰ ਜਾਣਾ ਹੈ। ਉਨ੍ਹਾਂ ਕਿਹਾ ਕਿ ਹਲਕੇ ਹੀ ਨਹੀਂ ਸਗੋਂ ਪੂਰੇ ਬਰਨਾਲਾ ਜ਼ਿਲ੍ਹੇ ਦੇ ਲੋਕ ਭਲੀਭਾਂਤ ਜਾਣੂ ਹਨ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਮੇਸ਼ਾ ਲੋਕਾਂ ਨਾਲ ਡਟ ਕੇ ਖੜ੍ਹਦੇ ਹਨ ਤੇ ਅੱਧੀ ਰਾਤ ਨੂੰ ਵੀ ਲੋਕਾਂ ਦੇ ਨਾਲ ਤੁਰਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਉਮੀਦਵਾਰ ਹੀ ਵੋਟਾਂ ਤੋਂ ਬਾਅਦ ਚੰਡੀਗੜ੍ਹ ਚਲੇ ਜਾਣਗੇ, ਉਹ ਲੋਕਾਂ ਦੇ ਨਾਲ ਮੌਕੇ ’ਤੇ ਕਿੱਥੋ ਖੜ੍ਹਣਗੇ। ਇਸ ਲਈ ਉਨ੍ਹਾਂ ਅਪੀਲ ਕੀਤੀ ਕਿ ਲੋਕ ਇੰਨ੍ਹਾਂ ਚੋਣਾਂ ’ਚ ਕਾਂਗਰਸ ਦਾ ਸਾਥ ਦੇਣ।