ਡਿਪਟੀ ਕਮਿਸ਼ਨਰ ਨੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੇ ਕੰਮਾਂ ਦੀ ਕੀਤੀ ਸਮੀਖਿਆ
ਫਾਜ਼ਿਲਕਾ, 25 ਨਵੰਬਰ 2024
ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਦੀ ਪ੍ਰਧਾਨਗੀ ਹੇਠ ਜਿਲ੍ਹਾ ਜਲ ਅਤੇ ਸੈਨੀਟੇਸ਼ਨ ਮਿਸ਼ਨ ਦੀ ਮੀਟਿੰਗ ਸੋਮਵਾਰ ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਹੋਈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਪਿੰਡਾਂ ਵਿੱਚ ਕਰਵਾਏ ਜਾਣ ਵਾਲੇ ਕੰਮਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਬੈਠਕ ਦੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ, ਪੇਂਡੂ ਵਿਕਾਸ ਵਿਭਾਗ ਅਤੇ ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਜ਼ਿਲ੍ਹੇ ਵਿਚ ਹੋਣ ਵਾਲੇ ਕੰਮਾਂ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਕੰਮਾਂ ਦੀ ਹਫਤਾਵਾਰੀ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਪਿੰਡਾਂ ਨੂੰ ਸਵੱਛ ਪਿੰਡ ਬਣਾਇਆ ਜਾ ਸਕੇ।
ਬੈਠਕ ਦੌਰਾਨ ਕਾਰਜਕਾਰੀ ਇੰਜਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਫਾਜ਼ਿਲਕਾ ਸ੍ਰੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ 635 ਨਿੱਜੀ ਪਖਾਨੇ ਬਣਾਉਣ ਲਈ ਲਾਭਪਾਤਰੀਆਂ ਦੀ ਪਹਿਚਾਣ ਕੀਤੀ ਗਈ ਹੈ ਅਤੇ ਹਰੇਕ ਨੂੰ 15000 ਰੁਪਏ ਦੀ ਵਿੱਤੀ ਮਦਦ ਆਪਣੇ ਘਰ ਵਿਚ ਪਖਾਨਾ ਬਣਾਉਣ ਲਈ ਉਨ੍ਹਾਂ ਦੇ ਵਿਭਾਗ ਵੱਲੋਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 81 ਪਿੰਡ ਕਮਿਊਨਿਟੀ ਸੈਨੀਟਰੀ ਕੰਪਲੈਕਸ ਬਣਾਉਣ ਲਈ ਪਹਿਚਾਣੇ ਗਏ ਸਨ ਜਿੰਨ੍ਹਾਂ ਵਿਚੋਂ 29 ਬਣ ਗਏ ਹਨ ਅਤੇ 13 ਦਾ ਕੰਮ ਪ੍ਰਗਤੀ ਅਧੀਨ ਹੈ। ਇਸ ਦੇ ਨਿਰਮਾਣ ਤੇ 3 ਲੱਖ ਦੀ ਖਰਚ ਆਉਂਦੀ ਹੈ ਜਿਸ ਵਿਚੋਂ 2.10 ਲੱਖ ਰੁਪਏ ਸਵੱਛ ਭਾਰਤ ਮਿਸ਼ਨ ਤਹਿਤ ਮੁਹਈਆ ਕਰਵਾਏ ਗਏ ਹਨ।
ਇਸੇ ਤਰਾਂ ਉਨ੍ਹਾਂ ਨੇ ਦੱਸਿਆ ਕਿ ਪਿੰਡਾਂ ਵਿਚ ਠੋਸ ਕਚਰੇ ਦੇ ਪ੍ਰਬੰਧਨ ਲਈ ਪਿੱਟ ਬਣਾਏ ਜਾ ਰਹੇ ਹਨ। ਇਸੇ ਤਰਾਂ ਤਰਲ ਕਚਰਾ ਪ੍ਰਬੰਧਨ ਲਈ ਵੀ ਜਿਲ਼੍ਹੇ ਦੇ 57 ਪਿੰਡਾਂ ਲਈ 6.49 ਕਰੋੜ ਰੁਪਏ ਸਰਕਾਰ ਨੇ ਦਿੱਤੇ ਹਨ। ਇਸੇ ਤਰਾਂ ਪਿੰਡਾਂ ਵਿਚ ਪਲਾਸਟਿਕ ਕਚਰੇ ਦੀ ਸੰਭਾਲ ਲਈ ਤਿੰਨ ਬਲਾਕ ਪੱਧਰੀ ਯੁਨਿਟ ਬਣ ਰਹੇ ਹਨ ਜਿਸ ਵਿਚੋਂ ਜਲਾਲਾਬਾਦ ਅਤੇ ਅਬੋਹਰ ਬਲਾਕ ਦਾ ਯੁਨਿਟ ਬਣ ਗਿਆ ਹੈ। ਇਸ ਹਰੇਕ ਦੇ ਨਿਰਮਾਣ ਤੇ ਸਰਕਾਰ 13.65 ਲੱਖ ਰੁਪਏ ਖਰਚ ਕਰ ਰਹੀ ਹੈ। ਇਸੇ ਤਰਾਂ 500 ਤੋਂ ਘੱਟ ਆਬਾਦੀ ਵਾਲੇ ਪਿੰਡਾਂ ਵਿਚ ਗੰਦੇ ਪਾਣੀ ਦੇ ਨਿਪਟਾਰੇ ਲਈ ਸੋਕ ਪਿੱਟ ਬਣਾਉਣ ਦੇ ਪ੍ਰੋਜੈਕਟ ਤਿਆਰ ਕਰਨ ਸਬੰਧੀ ਵੀ ਬੈਠਕ ਵਿਚ ਚਰਚਾ ਕੀਤੀ ਗਈ।
ਬੈਠਕ ਵਿਚ ਵਧੀਕ ਡਿਪਟੀ ਕਮਿਸ਼ਨਰ ਡਾ: ਮਨਦੀਪ ਕੌਰ, ਕਾਰਜਕਾਰੀ ਇੰਜਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਅਬੋਹਰ ਅਮਰਪ੍ਰੀਤ ਸਿੰਘ ਭੱਠਲ, ਕਾਰਜਕਾਰੀ ਇੰਜਨੀਅਰ ਪੰਚਾਇਤੀ ਰਾਜ ਸ੍ਰੀ ਰਾਜੇਸ਼ ਗ੍ਰੋਵਰ, ਐਸਡੀਓ ਮਨਪ੍ਰੀਤ ਕੰਬੋਜ, ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ

English






