ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਐਸਡੀਐਮ ਰੂਪਨਗਰ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ
ਰੂਪਨਗਰ, 20 ਜੂਨ 2025
ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਅੱਜ 21 ਜੂਨ ਨੂੰ “ਸੀਐਮ ਦੀ ਯੋਗਸ਼ਾਲਾ” ਤਹਿਤ ਯੋਗ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਪਨਗਰ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਸਰਕਾਰੀ ਕਾਲਜ ਰੂਪਨਗਰ ਵਿਖੇ ਸਵੇਰੇ 7 ਵਜੇ ਮਨਾਇਆ ਜਾਵੇਗਾ, ਜਿੱਥੇ ਵੱਡੀ ਗਿਣਤੀ ਵਿੱਚ ਵਿਦਿਆਰਥੀ, ਨਾਗਰਿਕ ਅਤੇ ਯੋਗ ਪ੍ਰੇਮੀ ਹਿੱਸਾ ਲੈਣਗੇ।
ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ “ਸੀਐਮ ਦੀ ਯੋਗਸ਼ਾਲਾ” ਯੋਜਨਾ ਦੇ ਤਹਿਤ ਜ਼ਿਲ੍ਹੇ ਭਰ ਵਿੱਚ ਪਹਿਲਾਂ ਤੋਂ ਹੀ ਸਿਖਲਾਈ ਪ੍ਰਾਪਤ ਯੋਗਾ ਟ੍ਰੇਨਰਾਂ ਵਲੋਂ ਜ਼ਿਲ੍ਹਾ ਰੂਪਨਗਰ ਅੰਦਰ 115 ਥਾਵਾਂ ਤੇ ਯੋਗ ਕਲਾਸਾਂ ਲਗਾਈਆ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਰੂਪਨਗਰ ਵਿੱਚ 60, ਨੂਰਪੁਰਬੇਦੀ ਵਿੱਚ 10, ਸ੍ਰੀ ਅਨੰਦਪੁਰ ਸਾਹਿਬ ਵਿੱਚ 9, ਨੰਗਲ ਵਿੱਚ 5, ਕੀਰਤਪੁਰ ਸਾਹਿਬ ਵਿੱਚ 6, ਸ੍ਰੀ ਚਮਕੌਰ ਸਾਹਿਬ ਵਿੱਚ 12 ਅਤੇ ਮੋਰਿੰਡਾ ਵਿੱਚ 11 ਕਲਾਸਾਂ ਸ਼ਾਮਲ ਹਨ।
ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਐਸਡੀਐਮ ਰੂਪਨਗਰ ਡਾ. ਸੰਜੀਵ ਕੁਮਾਰ ਨੇ ਸਰਕਾਰੀ ਕਾਲਜ ਰੋਪੜ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਨਿਰਧਾਰਿਤ ਕੀਤੀਆਂ ਅਤੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਕੀਤੀ।
ਉਨ੍ਹਾਂ ਨੇ ਨੋਡਲ ਵਿਭਾਗ ਜਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫਸਰ ਨੂੰ ਕਿਹਾ ਕਿ ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰਨ ਤੇ ਲੋੜ ਅਨੁਸਾਰ ਦੂਜੇ ਵਿਭਾਗਾਂ ਤੋਂ ਸਹਿਯੋਗ ਲੈਣ। ਇਸ ਮੌਕੇ ਉਨ੍ਹਾਂ ਪੀਣ ਵਾਲੇ ਪਾਣੀ, ਸ਼ਾਮੇਆਨੇ, ਸਾਊਂਡ, ਬੈਕਡਰਾਪ, ਦਰੀਆਂ ਆਦਿ ਦੇ ਪ੍ਰਬੰਧ ਵੀ ਕਰਨ ਨੂੰ ਕਿਹਾ।
ਡਾ. ਸੰਜੀਵ ਕੁਮਾਰ ਵੱਲੋਂ ਵੀ ਸਕੂਲੀ ਅਤੇ ਕਾਲਜ ਦੇ ਵਿਦਿਆਰਥੀਆਂ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਤੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਇਸ ਸਮਾਗਮ ਵਿੱਚ ਹਿੱਸਾ ਲੈਣ ਦੀ ਅਪੀਲ ਵੀ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਸ਼੍ਰੀ ਕਰਨ ਮਹਿਤਾ, ਡੀਐੱਸਪੀ ਸ. ਗੁਰਮੀਤ ਸਿੰਘ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।

हिंदी





