‘ਆਪ’ ਸਰਕਾਰ ਕਿਸਾਨੀ ਨੂੰ ਬਣਾ ਰਹੀ ਲਾਹੇਵੰਦ,ਖੇਤੀ ਦੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਚੁੱਕ ਰਹੀ ਇਤਿਹਾਸਕ ਕਦਮ:ਹਰਮੀਤ ਸਿੰਘ ਸੰਧੂ
‘ਆਪ’ ਸਰਕਾਰ ਸਹੀ ਨੀਤੀਆਂ ਲਾਗੂ ਕਰ ਕੇ ਪਸ਼ੂ ਪਾਲਕਾਂ ਨੂੰ ਬਣਾ ਰਹੀ ਆਰਥਿਕ ਸਮਰਥ:ਸੰਧੂ
ਪਿਛਲੀਆਂ ਸਰਕਾਰਾਂ ਨੇ ਪਸ਼ੂ ਪਾਲਕਾਂ ਨੂੰ ਅਣਗੌਲਿਆ ਕੀਤਾ, ‘ਆਪ’ ਸਰਕਾਰ ਸਬਸਿਡੀਆਂ ਤੇ ਮੁਫ਼ਤ ਟੀਕਿਆਂ ਨਾਲ ਦੇ ਰਹੀ ਰਾਹਤ: ਸੰਧੂ
ਤਰਨਤਾਰਨ, 29 ਅਕਤੂਬਰ 2025
ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨੀ ਨੂੰ ਲਾਹੇਵੰਦ ਬਣਾਉਣ ਅਤੇ ਖੇਤੀ ਦੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਇਤਿਹਾਸਕ ਕਦਮ ਚੁੱਕ ਰਹੀ ਹੈ। ਉਨ੍ਹਾਂ ਪਿਛਲੀਆਂ ਸਰਕਾਰਾਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਨੇ ਹਮੇਸ਼ਾ ਸਰਹੱਦੀ ਜ਼ਿਲ੍ਹੇ ਤਰਨਤਾਰਨ ਦੇ ਕਿਸਾਨਾਂ ਤੇ ਪਸ਼ੂ ਪਾਲਕਾਂ ਨੂੰ ਅਣਗੌਲਿਆ ਕੀਤਾ, ਪਰ ‘ਆਪ’ ਸਰਕਾਰ ਸਹੀ ਨੀਤੀਆਂ ਲਾਗੂ ਕਰਕੇ ਉਨ੍ਹਾਂ ਦੀ ਆਰਥਿਕ ਹਾਲਤ ਸੁਧਾਰਨ ਲਈ ਵਚਨਬੱਧ ਹੈ।
ਸੰਧੂ ਨੇ ਜ਼ਿਲ੍ਹੇ ਵਿੱਚ ਪਸ਼ੂ ਪਾਲਣ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਨ ਸਰਕਾਰ ਦੀ ਸਪੱਸ਼ਟ ਨੀਤੀ ਕਾਰਨ ਅੱਜ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਵਿੱਚ ਵੱਡਾ ਲਾਭ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਾਵਾਂ ਅਤੇ ਮੱਝਾਂ ਦੀ ਨਸਲ ਸੁਧਾਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਦੁੱਧ ਉਤਪਾਦਨ ਵਧਾਇਆ ਜਾ ਸਕੇ। ਇਸੇ ਤਹਿਤ, ਵਧੀਆ ਨਸਲ ਦੀਆਂ ਵੱਛੀਆਂ ਅਤੇ ਕੱਟੀਆਂ ਤਿਆਰ ਕਰਨ ਲਈ ‘ਸੈਕਸਡ ਸੀਮਨ’ ਦੀ ਤਕਨੀਕ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪਸ਼ੂ ਪਾਲਕਾਂ ਨੂੰ ਸੈਕਸਡ ਸੀਮਨ ਦੀ ਹਰ ਡੋਜ਼ ਉੱਪਰ 425 ਰੁਪਏ ਦੀ ਸਿੱਧੀ ਸਬਸਿਡੀ ਦਿੱਤੀ ਜਾ ਰਹੀ ਹੈ, ਜੋ ਕਿ ਕਿਸਾਨਾਂ ਲਈ ਵੱਡੀ ਆਰਥਿਕ ਮਦਦ ਹੈ।
‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਪਸ਼ੂ ਧਨ ਦੀ ਸਿਹਤ ਸੰਭਾਲ ‘ਤੇ ਬੋਲਦਿਆਂ ਕਿਹਾ ਕਿ ਜਦੋਂ ਪੰਜਾਬ ‘ਚ ਲੰਪੀ ਸਕਿਨ ਦੀ ਬਿਮਾਰੀ ਨੇ ਕਹਿਰ ਢਾਹਿਆ ਸੀ, ਤਾਂ ‘ਆਪ’ ਸਰਕਾਰ ਨੇ ਜ਼ਮੀਨੀ ਪੱਧਰ ‘ਤੇ ਕੰਮ ਕਰਕੇ ਪਸ਼ੂ ਪਾਲਕਾਂ ਨੂੰ ਬਚਾਇਆ। ਉਨ੍ਹਾਂ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਤਰਨਤਾਰਨ ਵਿੱਚ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ 1 ਲੱਖ 06 ਹਜ਼ਾਰ ਖੁਰਾਕਾਂ (ਲੰਪੀ ਸਕਿਨ ਬਿਮਾਰੀ ਦੀ ਵੈਕਸੀਨ) ਬਿਲਕੁਲ ਮੁਫ਼ਤ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ, ਪਸ਼ੂਆਂ ਨੂੰ ਮੂੰਹਖੁਰ ਦੀ ਬਿਮਾਰੀ ਤੋਂ ਬਚਾਉਣ ਲਈ ਮਹੀਨਾ ਅਪ੍ਰੈਲ-ਮਈ ਦੌਰਾਨ ਵਿਸ਼ੇਸ਼ ਮੁਹਿੰਮ ਚਲਾ ਕੇ ਜ਼ਿਲ੍ਹੇ ਦੇ 100 ਫੀਸਦੀ ਪਸ਼ੂਧਨ ਨੂੰ ਕਵਰ ਕੀਤਾ ਗਿਆ ਅਤੇ 2 ਲੱਖ 86 ਹਜ਼ਾਰ 135 ਖੁਰਾਕਾਂ ਮੂੰਹਖੁਰ ਵੈਕਸੀਨ ਦੀਆਂ ਮੁਫ਼ਤ ਲਗਾਈਆਂ ਗਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਫ਼ਤ ਟੀਕਿਆਂ ਨਾਲ ਕਿਸਾਨਾਂ ਨੂੰ ਲੱਖਾਂ ਰੁਪਇਆਂ ਦੀ ਰਾਹਤ ਮਿਲੀ ਹੈ।
ਸੰਧੂ ਨੇ ਅੱਗੇ ਕਿਹਾ ਕਿ ਸਰਕਾਰ ਦਾ ਧਿਆਨ ਸਿਰਫ਼ ਡੇਅਰੀ ‘ਤੇ ਹੀ ਨਹੀਂ, ਸਗੋਂ ਖੇਤੀ ਵਿਭਿੰਨਤਾ ਰਾਹੀਂ ਕਿਸਾਨ ਦੀ ਆਮਦਨ ਵਧਾਉਣ ‘ਤੇ ਵੀ ਹੈ। ਇਸੇ ਲਈ ਵਿਭਾਗ ਵੱਲੋਂ ਹਰ ਮਹੀਨੇ ਪਸ਼ੂ ਪਾਲਕਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਲਈ ਬੱਕਰੀ ਪਾਲਣ, ਸੂਰ ਪਾਲਣ ਅਤੇ ਮੁਰਗੀ ਪਾਲਣ ਦੀ ਮੁਫ਼ਤ ਟ੍ਰੇਨਿੰਗ ਵੀ ਕਰਵਾਈ ਜਾ ਰਹੀ ਹੈ, ਤਾਂ ਜੋ ਉਹ ਨਵੇਂ ਸਹਾਇਕ ਧੰਦੇ ਸ਼ੁਰੂ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਅੰਕੜੇ ਸਾਬਤ ਕਰਦੇ ਹਨ ਕਿ ‘ਆਪ’ ਸਰਕਾਰ ਗੱਲਾਂ ਨਹੀਂ, ਸਗੋਂ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ।

English






