’ਆਪ’ ਉਮੀਦਵਾਰ ਹਰਮੀਤ ਸੰਧੂ ਦੀ ਮੁਹਿੰਮ ਨੂੰ ਵੱਡਾ ਬਲ, ਕਾਂਗਰਸੀ ਆਗੂ ਰਾਜਬੀਰ ਕਸੇਲ ਦਰਜਨਾਂ ਸਾਥੀਆਂ ਸਮੇਤ ‘ਆਪ’ ‘ਚ ਸ਼ਾਮਲ

‘ਆਪ’ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਦਾ ਕਾਫ਼ਲਾ ਵਧਿਆ, ਪਿੰਡ ਕਸੇਲ ਦੇ ਦਰਜਨਾਂ ਆਗੂ ‘ਆਪ’ ‘ਚ ਸ਼ਾਮਲ*

ਤਰਨਤਾਰਨ, 4 ਨਵੰਬਰ 2025

ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਮੁਹਿੰਮ ਨੂੰ ਅੱਜ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਪਿੰਡ ਕਸੇਲ ਦੇ ਇੱਕ ਪ੍ਰਮੁੱਖ ਕਾਂਗਰਸੀ ਆਗੂ ਰਾਜਬੀਰ ਸਿੰਘ ਕਸੇਲ ਆਪਣੇ ਦਰਜਨਾਂ ਸਾਥੀਆਂ ਸਮੇਤ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ।

ਤਰਨਤਾਰਨ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਐਮਪੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਕੈਬਨਿਟ ਮੰਤਰੀ ਵਰਿੰਦਰ ਗੋਇਲ ਨੇ ਸਮੂਹ ਆਗੂਆਂ ਦਾ ਪਾਰਟੀ ਵਿੱਚ ਰਸਮੀ ਤੌਰ ‘ਤੇ ਸਵਾਗਤ ਕੀਤਾ। ਇਸ ਮੌਕੇ ਰਾਜਬੀਰ ਸਿੰਘ ਕਸੇਲ ਦੇ ਨਾਲ ਅਜੀਤ ਸਿੰਘ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਮਨਜੀਤ ਸਿੰਘ, ਲਾਲ ਸਿੰਘ, ਸੰਦੀਪ, ਮਨਜਿੰਦਰ ਅਤੇ ਵੱਡੀ ਗਿਣਤੀ ਵਿੱਚ ਹੋਰ ਸਮਰਥਕਾਂ ਨੇ ‘ਆਪ’ ਦਾ ਪੱਲਾ ਫੜਿਆ। ਇਸ ਸ਼ਮੂਲੀਅਤ ਵਿੱਚ ‘ਆਪ’ ਆਗੂ ਗੌਰਵ ਮਸੀਹ ਅਤੇ ਕੌਂਸਲਰ ਭਗਵਾਨ ਸਿੰਘ ਨੇ ਅਹਿਮ ਭੂਮਿਕਾ ਨਿਭਾਈ।

ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਰਾਜਬੀਰ ਕਸੇਲ ਦਾ ਪਿੰਡ ਕਸੇਲ ਅਤੇ ਆਸ-ਪਾਸ ਦੇ 15-20 ਪਿੰਡਾਂ ਵਿੱਚ ਵੱਡਾ ਆਧਾਰ ਹੈ, ਜਿਸ ਨਾਲ ਪਾਰਟੀ ਨੂੰ ਵੱਡਾ ਬਲ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਸਾਰੇ ਸਾਥੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਆਏ ਹਨ। ਉਨ੍ਹਾਂ 56,000 ਨੌਕਰੀਆਂ, ਚੰਗੇ ਸਕੂਲਾਂ ਅਤੇ ਨਹਿਰੀ ਪਾਣੀ ਦੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ 80% ਨੌਕਰੀਆਂ ਗਰੀਬ ਘਰਾਂ ਦੇ ਬੱਚਿਆਂ ਨੂੰ ਮਿਲੀਆਂ ਹਨ, ਜਿਸ ਨਾਲ ਲੋਕਾਂ ਵਿੱਚ ਨਵੀਂ ਆਸ ਬੱਝੀ ਹੈ। ਉਨ੍ਹਾਂ ਨਵੇਂ ਆਗੂਆਂ ਨੂੰ ਪਾਰਟੀ ਵਿੱਚ ਪੂਰੇ ਮਾਣ-ਸਨਮਾਨ ਅਤੇ ਜ਼ਿੰਮੇਵਾਰੀ ਦਾ ਭਰੋਸਾ ਦਿੱਤਾ।

‘ਆਪ’ ਦੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ ਕਿਹਾ ਕਿ ‘ਆਪ’ ਦਾ ਕਾਫ਼ਲਾ ਰੋਜ਼ ਵੱਧ ਰਿਹਾ ਹੈ ਕਿਉਂਕਿ ਤਰਨਤਾਰਨ ਦੇ ਲੋਕ ਚਾਹੁੰਦੇ ਹਨ ਕਿ ‘ਆਪ’ ਸਰਕਾਰ ਦੇ ਨਾਲ ‘ਆਪ’ ਦਾ ਹੀ ਵਿਧਾਇਕ ਹੋਵੇ। ਐਮਪੀ ਮੀਤ ਹੇਅਰ ਨੇ ਕਿਹਾ ਕਿ ‘ਆਪ’ ਸਰਕਾਰ ਨੇ ਪੌਣੇ ਚਾਰ ਸਾਲਾਂ ਵਿੱਚ ਬੇਮਿਸਾਲ ਕੰਮ ਕੀਤੇ ਹਨ, ਜਿਸ ਕਾਰਨ ਲੋਕ ਖੁਦ ਹਰਮੀਤ ਸਿੰਘ ਸੰਧੂ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਹਨ।