ਸਿਵਲ ਸਰਜਨ ਵੱਲੋਂ ਲੋਕਾਂ ਨੂੰ ਕੋਰੋਨਾ ਦੇ ਹਲਕੇ ਲੱਛਣਾਂ ਨੂੰ ਜਾਨਲੇਵਾ ਬਿਮਾਰੀ ‘ਚ ਤਬਦੀਲ ਹੋਣ ਤੋਂ ਪਹਿਲਾਂ ਸਿਹਤ ਕੇਂਦਰਾਂ ਵਿੱਚ ਜਾਣ ਦੀ ਅਪੀਲ

Sorry, this news is not available in your requested language. Please see here.

ਨਵਾਂਸ਼ਹਿਰ, 30 ਅਪ੍ਰੈਲ 2021:   ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ ਗੁਰਦੀਪ ਸਿੰਘ ਕਪੂਰ ਨੇ ਅੱਜ ਇੱਥੇ ਲੋਕਾਂ ਨੂੰ ਕੋਵਿਡ-19 ਦੇ ਹਲਕੇ ਲੱਛਣਾਂ ਨੂੰ ਜਾਨਲੇਵਾ ਬਿਮਾਰੀ ‘ਚ ਤਬਦੀਲ ਹੋਣ ਤੋਂ ਪਹਿਲਾਂ ਸਿਹਤ ਕੇਂਦਰਾਂ ਵਿੱਚ ਜਾ ਕੇ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਕੋਰੋਨਾ ਵਾਇਰਸ ਦਾ ਜਲਦੀ ਟੈਸਟ ਕਰਵਾਉਣ ਅਤੇ ਇਸ ਦੇ ਇਲਾਜ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਸਿਵਲ ਸਰਜਨ ਨੇ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਉਹ ਕੋਵਿਡ-19 ਦੇ ਹਲਕੇ ਲੱਛਣਾਂ ਨੂੰ ਜਾਨਲੇਵਾ ਬਿਮਾਰੀ ਵਿਚ ਤਬਦੀਲ ਹੋਣ ਤੋਂ ਪਹਿਲਾਂ ਸਿਹਤ ਸੰਸਥਾਵਾਂ ਵਿੱਚ ਜਾ ਕੇ ਜਾਂਚ ਕਰਵਾਉਣ ਦੀ ਅਹਿਮੀਅਤ ਨੂੰ ਜ਼ਰੂਰ ਸਮਝਣ। ਉਨ੍ਹਾਂ ਕਿਹਾ ਕਿ ਅੰਕੜਿਆਂ ਅਨੁਸਾਰ ਸਿਹਤ ਮਾਹਿਰਾਂ ਦੁਆਰਾ ਸੁਝਾਏ ਦਿਸ਼ਾ-ਨਿਰਦੇਸ਼ਾਂ ਅਤੇ ਇਲਾਜ ਦੀ ਪਾਲਣਾ ਕਰਦਿਆਂ ਜ਼ਿਲ੍ਹੇ ਵਿੱਚ ਹੁਣ ਤੱਕ ਘਰੇਲੂ ਇਕਾਂਤਵਾਸ ਅਧੀਨ 7931 ਤੋਂ ਵੱਧ ਕੋਵਿਡ-19 ਦੇ ਮਰੀਜ਼ ਠੀਕ ਹੋਏ ਹਨ।

ਸਹਿ-ਰੋਗਾਂ ਵਾਲੇ ਪੀੜਤ ਮਰੀਜ਼ਾਂ ਲਈ ਜੋਖਮਾਂ ਬਾਰੇ ਦੱਸਦਿਆਂ ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਨੇ ਕਿਹਾ ਕਿ ਹਾਈਪਰਟੈਨਸ਼ਨ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੋਵਿਡ-19 ਸਬੰਧੀ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ, ਕਿਉਂਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਹੋਣ ਦਾ ਖ਼ਤਰਾ ਬਾਕੀਆਂ ਨਾਲੋਂ ਵਧੇਰੇ ਹੈ।

ਡਾ ਕਪੂਰ ਨੇ ਦੱਸਿਆ ਕਿ ਕਿਹਾ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਪੇਂਡੂ ਖੇਤਰਾਂ ਵਿੱਚ ਕੋਵਿਡ ਨਾਲ ਹੋਣ ਵਾਲੀ ਮੌਤ ਦਰ (ਕੇਸ ਫੈਟਿਲਿਟੀ ਰੇਟ) ਵੱਧ ਹੈ। ਇਸ ਸਮੇਂ ਜ਼ਿਲ੍ਹੇ ਵਿੱਚ ਮੌਤ ਦਰ 2 ਫ਼ੀਸਦੀ ਤੋਂ ਉੱਪਰ ਚੱਲ ਰਹੀ ਹੈ।

ਕੋਵਿਡ-19 ਮਰੀਜ਼ਾਂ ਬਾਰੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਡਾ ਕਪੂਰ ਨੇ ਕਿਹਾ ਕਿ ਕੋਵਿਡ ਮਰੀਜ਼ਾਂ ਵੱਲੋਂ ਗੰਭੀਰ ਲੱਛਣ ਆਉਣ ‘ਤੇ ਹਸਪਤਾਲ ਪਹੁੰਚਣ ਦੀ ਦਰ ਬਹੁਤ ਜ਼ਿਆਦਾ ਹੈ। ਇਸ ਲਈ ਲੋਕਾਂ ਨੂੰ ਕੋਵਿਡ ਦੇ ਹਲਕੇ ਲੱਛਣਾਂ ਨੂੰ ਜਾਨਲੇਵਾ ਬਿਮਾਰੀ ‘ਚ ਤਬਦੀਲ ਹੋਣ ਤੋਂ ਪਹਿਲਾਂ ਸਿਹਤ ਕੇਂਦਰਾਂ ਵਿੱਚ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ।

ਸਿਵਲ ਸਰਜਨ ਨੇ ਕਿਹਾ ਕਿ ਇਹ ਪੁਖਤਾ ਸਬੂਤ ਹਨ ਕਿ ਸਮਾਜਿਕ ਮੇਲ-ਜੋਲ ਵਾਇਰਸ ਫੈਲਾਉਣ ਦਾ ਅਹਿਮ ਜ਼ਰੀਆ ਬਣਦਾ ਹੈ। ਇਸ ਕਰਕੇ ਸਾਡੇ ਸਾਰਿਆਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਗੈਰ-ਜ਼ਰੂਰੀ ਕੰਮਾਂ ਲਈ ਘਰਾਂ ਤੋਂ ਬਾਹਰ ਨਿਕਲਣ ਤੋਂ ਸੰਜਮ ਵਰਤਿਆ ਜਾਵੇ। ਭਾਵੇਂ ਪਿੰਡਾਂ ਵਿਚ ਹੋਈਏ ਜਾਂ ਸ਼ਹਿਰਾਂ ਵਿਚ, ਕੋਵਿਡ ਲਹਿਰ ਦੇ ਦੌਰਾਨ ਅਸੀਂ ਜ਼ਰੂਰੀ ਕੰਮਾਂ ਲਈ ਹੀ ਆਪਣੇ ਘਰਾਂ ਤੋਂ ਬਾਹਰ ਨਿਕਲੀਏ ਅਤੇ ਆਪਣੇ-ਆਪ ਨੂੰ ਘਰਾਂ ਵਿਚ ਸੁਰੱਖਿਅਤ ਰਹਿਣ ਲਈ ਤਰਜੀਹ ਦੇਈਏ।