ਕਲੋਜ਼ਰ ਰਿਪੋਰਟ: ਗੁਰਦੁਆਰੇ ਵਿਚਲੇ ਭੇਤਭਰੇ ਬੰਦੇ ਬਾਰੇ ਭੇਤ ਬਰਕਰਾਰ

Sorry, this news is not available in your requested language. Please see here.

ਗੁਰਦੁਆਰਾ ਬੁਰਜ ਜਵਾਹਰਸਿੰਘ ਵਾਲਾ ਵਿਚੋਂ 1 ਜੁੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਵਾਲੇ ਦਿਨ ਖਰਬੂਜ਼ੇ ਵੇਚਣ ਵਾਲੇ ਵਿਅਕਤੀ ਦੀ ਸ਼ਨਾਖਤ ਦੇ ਮਾਮਲੇ ਦਾ ਭੇਤ ਬਰਕਰਾਰ ਰਹਿਣ ਦੇ ਬਾਵਜੂਦ ਸੀਬੀਆਈ ਨੇ ਬੇਅਦਬੀ ਮਾਮਲਿਆਂ ਵਿੱਚ ਕਲੋਜ਼ਰ ਰਿਪੋਰਟ ਦਾਖ਼ਲ ਕਰ ਦਿੱਤੀ ਹੈ। ਜਾਂਚ ਵਿੱਚ ਇਹ ਪਤਾ ਨਹੀਂ ਲੱਗਿਆ ਕਿ ਦੁਪਹਿਰ ਵੇਲੇ ਗੁਰਦੁਆਰੇ ਵਿੱਚੋਂ ਖਰਬੂਜ਼ੇ ਵੇਚਣ ਦਾ ਐਲਾਨ ਕਰਨ ਵਾਲਾ ਵਿਅਕਤੀ ਕੌਣ ਸੀ।
ਇਸ ਦੇ ਨਾਲ ਹੀ ਬਰਗਾੜੀ ਮਾਮਲੇ ਦੇ 39 ਸ਼ੱਕੀਆਂ ਦੀ ਹੱਥਲਿਖਤ ਦੇ ਨਮੂਨਿਆਂ ਦੀ ਫੋਰੈਂਸਿਕ ਰਿਪੋਰਟ ਦਾ ਇੰਤਜ਼ਾਰ ਕੀਤੇ ਬਿਨਾਂ ਹੀ ਸੀਬੀਆਈ ਨੇ ਕਲੋਜ਼ਰ ਰਿਪੋਰਟ ਦਾਖਲ ਕਰ ਦਿੱਤੀ ਹੈ। ਸੀਬੀਆਈ ਨੂੰ ਸ਼ੱਕੀਆਂ ਦੀਆਂ ਹੱਥਲਿਖ਼ਤਾਂ ਦੇ ਨਮੂਨਿਆਂ ਦੀ ਰਿਪੋਰਟ ਹਾਸਲ ਕਰਨ ਵਿੱਚ ਦੋ ਵਰ੍ਹਿਆਂ ਤੋਂ ਵੱਧ ਦਾ ਸਮਾਂ ਲੱਗ ਗਿਆ। ਸੀਬੀਆਈ ਨੇ ਗ੍ਰਿਫ਼ਤਾਰ ਕੀਤੇ 10 ਮੁਲਜ਼ਮਾਂ ਨੂੰ ਇਹ ਕਹਿ ਕੇ ਕਲੀਨ ਚਿੱਟ ਦੇ ਦਿੱਤੀ ਸੀ ਕਿ ਉਨ੍ਹਾਂ ਦੀ ਹੱਥ ਲਿਖਤ ਅਤੇ ਫਿੰਗਰਪ੍ਰਿੰਟ ਪੋਸਟਰ ਨਾਲ ਨਹੀਂ ਮਿਲਦੇ। ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਮਾਮਲੇ ਦੇ ਦੋ ਮੁੱਖ ਗਵਾਹਾਂ ਬੁਰਜ ਜਵਾਹਰ ਸਿੰਘ ਵਾਲਾ ਦੇ ਹੈੱਡ ਗ੍ਰੰਥੀ ਗੋਰਾ ਸਿੰਘ ਅਤੇ ਉਸ ਦੀ ਪਤਨੀ ਸਵਰਨਜੀਤ ਕੌਰ ਨੇ ਖਰਬੂਜ਼ਾ ਵੇਚਣ ਵਾਲੇ ਦਾ ਜ਼ਿਕਰ ਕੀਤਾ ਸੀ।

ਫੋਰੈਂਸਿਕ ਰਿਪੋਰਟ ਦੀ ਉਡੀਕ

ਪੰਜਾਬ ਪੁਲੀਸ ਨੂੰ 39 ਸ਼ੱਕੀਆਂ ਦੀਆਂ ਹੱਥਲਿਖਤਾਂ ਦੇ ਨਮੂਨਿਆਂ ਦੀ ਫੋਰੈਂਸਿਕ ਰਿਪੋਰਟ ਦੀ ਉਡੀਕ ਹੈ। ‘ਦਿ ਟ੍ਰਿਬਿਊਨ’ ਵੱਲੋਂ ਸੀਬੀਆਈ ਰਿਪੋਰਟ ਦੇ ਕੀਤੇ ਅਧਿਐਨ ਅਨੁਸਾਰ ਸਫ਼ਾ 15, ’ਤੇ ਕਿਹਾ ਗਿਆ ਹੈ, ‘‘49 ਲੋਕਾਂ ਦੇ ਫਿੰਗਰਪ੍ਰਿੰਟਾਂ ਅਤੇ ਹੱਥਲਿਖਤਾਂ ਦੇ ਨਮੂਨੇ ਲਏ ਗਏ ਸਨ ਅਤੇ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਪਿੰਡ ਦੇ ਗੇਟ ’ਤੇ ਲੱਗੇ ਤਿੰਨ ਪੋਸਟਰਾਂ ਦੀ ਲਿਖਤ ਅਤੇ ਫਿੰਗਰਪਿ੍ੰਟ ਨਾਲ ਮਿਲਾਣ ਲਈ ਫੋਰੈਂਸਿਕ ਜਾਂਚ ਲਈ ਭੇਜੇ ਗਏ ਸਨ।’’ ਸੀਬੀਆਈ ਨੇ 10 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਸੀ ਜਿਨ੍ਹਾਂ ਨੂੰ ਬਾਅਦ ’ਚ ਕਲੀਨਚਿੱਟ ਦੇ ਦਿੱਤੀ ਗਈ ਸੀ।