18 ਤੋਂ 44 ਸਾਲ ਦੀ ਉਮਰ ਵਰਗ ਦੇ ਉਸਾਰੀ ਕਾਮਿਆਂ ਦਾ ਟੀਕਾਕਰਨ ਸ਼ੁਰੂ

Sorry, this news is not available in your requested language. Please see here.

 11 ਮਈ ਨੂੰ ਮੋਗਾ, ਨਿਹਾਲ ਸਿੰਘ ਵਾਲਾ ਅਤੇ ਕੋਟ ਇਸੇ ਖਾਂ ਵਿਖੇ ਲੱਗਣਗੇ ਵਿਸ਼ੇਸ਼ ਕੈਂਪ
 11 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਹੋਵੇਗਾ ਲਾਭ
ਮੋਗਾ, 10 ਮਈ , 2021 –
ਜ਼ਿਲ੍ਹਾ ਮੋਗਾ ਵਿੱਚ 18 ਤੋਂ 44 ਸਾਲ ਉਮਰ ਵਰਗ ਦੇ ਉਸਾਰੀ ਕਾਮਿਆਂ ਨੂੰ ਕੋਵਿਡ-19 ਟੀਕੇ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ 18 ਤੋਂ 44 ਉਮਰ ਵਰਗ ਦੇ ਟੀਕਾਕਰਨ ਲਈ ਕੋਵਿਡ-19 ਟੀਕੇ ਦੀਆਂ ਲੋੜੀਂਦੀਆਂ ਖੁਰਾਕਾਂ ਪ੍ਰਾਪਤ ਹੋ ਗਈਆਂ ਹਨ, ਇਸ ਲਈ ਪਹਿਲੇ ਪੜਾਅ ਵਿੱਚ ਉਸਾਰੀ ਕਾਮਿਆਂ ਨੂੰ ਕਵਰ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਉਸਾਰੀ ਕਿੱਤਿਆਂ ਵਿੱਚ ਦੂਜੇ ਵਿਅਕਤੀਆਂ ਨਾਲ ਵਧੇਰੇ ਗੱਲਬਾਤ ਕਰਨੀ ਪੈਂਦੀ ਹੈ ਜਿਸ ਨਾਲ ਉਹਨਾਂ ਨੂੰ ਲਾਗ ਲਗਣ ਅਤੇ ਫੈਲਾਅ ਦਾ ਸਭ ਤੋਂ ਵੱਧ ਜੋਖਮ ਹੁੰਦਾ ਹੈ ਇਸ ਲਈ ਖੁਰਾਕਾਂ ਇਸ ਸਮੂਹ ਲਈ ਨਿਰਧਾਰਤ ਕੀਤੀਆਂ ਗਈਆਂ ਹਨ ।
ਉਨ੍ਹਾਂ ਕਿਹਾ ਕਿ ਉਸਾਰੀ ਕਾਮਿਆਂ ਨੂੰ ਉੱਚ ਜੋਖਮ ਵਾਲੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਉਨ੍ਹਾਂ ਦਾ ਪਹਿਲ ਦੇ ਆਧਾਰ ‘ਤੇ ਇਸ ਗਰੁੱਪ ਵਿੱਚ ਟੀਕਾਕਰਨ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਹ ਟੀਕਾ ਉਨ੍ਹਾਂ ਨੂੰ ਇਸ ਮਹਾਂਮਾਰੀ ਤੋਂ ਬਚਾਅ ਲਈ ਕਵਚ ਦਾ ਕੰਮ ਕਰੇਗਾ, ਜੇਕਰ ਕਾਮਿਆਂ ਨੂੰ ਕੰਮਕਾਜ ਵੇਲੇ ਆਪਸੀ ਤਾਲਮੇਲ ਨਾਲ ਲਾਗ ਲੱਗ ਵੀ ਜਾਂਦੀ ਹੈ, ਤਾਂ ਇਹ ਬਿਮਾਰੀ ਜ਼ਿਆਦਾ ਪ੍ਰਭਾਵਿਤ ਨਹੀਂ ਕਰੇਗੀ।
ਉਨ੍ਹਾ ਕਿਹਾ ਕਿ ਜਿਵੇਂ ਮੋਟਰ ਸਾਈਕਲ ਸਵਾਰ ਨੁੰ ਹੈਲਮੈਟ ਸਿਰ ਦੀ ਸੱਟ ਤੋਂ ਬਚਾਉਂਦਾ ਹੈ, ਜੋ ਕਿ ਦੁਰਘਟਨਾਵਾਂ ਵਿੱਚ ਸਿਰ ਦੀ ਸੱਟ ਨੂੰ ਮੌਤ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ, ਇਸੇ ਤਰ੍ਹਾ ਟੀਕਾ ਬਿਮਾਰੀ ਦੀ ਗੰਭੀਰਤਾ ਤੋਂ ਬਚਾਉਂਦਾ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਮੁਲਕਾਂ ਵਿੱਚ ਲੋਕਾਂ ਨੇ ਦਿਲੋਂ ਟੀਕਾਕਰਨ ਪ੍ਰੋਗਰਾਮ ਦਾ ਸਮਰਥਨ ਕੀਤਾ ਹੈ ਉਨ੍ਹਾਂ ਮੁਲਕਾਂ ਨੇ ਇਸ ਮਹਾਂਮਾਰੀ ‘ਤੇ ਕਾਫੀ ਹੱਦ ਤੱਕ ਕਾਬੂ ਪਾਇਆ ਹੈ, ਹੁਣ ਜ਼ਿਲ੍ਹਾ ਮੋਗਾ ਦੇ ਲੋਕਾਂ ਨੂੰ ਵੀ ਅੱਗੇ ਆ ਕੇ ਇਸ ਟੀਕੇ ਨੂੰ ਹਥਿਆਰ ਵਜੋਂ ਅਪਨਾਉਣ ਦੀ ਲੋੜ ਹੈ।
ਉਨ੍ਹਾਂ ਇਕ ਵਾਰ ਫੇਰ ਉਸਾਰੀ ਕਿਰਤੀਆਂ ਨੂੰ ਅਪੀਲ ਕੀਤੀ ਕਿ ਉਹ ਮਿਤੀ 11 ਮਈ ਨੂੰ ਮੋਗਾ, ਨਿਹਾਲ ਸਿੰਘ ਵਾਲਾ ਅਤੇ ਕੋਟ ਇਸੇ ਖਾਂ ਦੇ ਸਰਕਾਰੀ ਸਿਹਤ ਕੇਂਦਰਾਂ ਵਿਚ ਵੱਡੀ ਗਿਣਤੀ ਵਿਚ ਟੀਕਾ ਪ੍ਰਾਪਤ ਕਰਕੇ ਇਸ ਮਹਾਂਮਾਰੀ ਦੀ ਜਲਦ ਤੋਂ ਜਲਦ ਰੋਕਥਾਮ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ।
ਉਨ੍ਹਾਂ ਦੱਸਿਆ ਕਿ ਜ਼ਿਲਾ ਮੋਗਾ ਵਿੱਚ 3700 ਤੋਂ ਵਧੇਰੇ ਰਜਿਸਟਰਡ ਉਸਾਰੀ ਕਾਮੇ ਹਨ ਅਤੇ ਜਿਨ੍ਹਾਂ ਨੂੰ ਤੇਜ਼ੀ ਨਾਲ ਕਵਰ ਕੀਤਾ ਜਾਵੇਗਾ। ਇਹਨਾਂ ਦੇ ਅੱਗੇ ਕੁੱਲ 11 ਹਜ਼ਾਰ ਤੋਂ ਵਧੇਰੇ ਪਰਿਵਾਰਕ ਮੈਂਬਰ ਹਨ, ਜਿਹਨਾਂ ਦਾ ਵੀ ਟੀਕਾਕਰਨ ਕੀਤਾ ਜਾਵੇਗਾ।