ਡੇਮਜ਼ਬਰਗ ਵੱਲੋਂ ਕੋਵਿਡ-19 ਮਹਾਂਮਾਰੀ ਵਿਰੁੱਧ ਛੇੜੀ ਜੰਗ ਦੌਰਾਨ, ਲੁਧਿਆਣਾ ਵਾਸੀਆਂ ਦੇ ਸਹਿਯੋਗ ਲਈ 10 ਆਕਸੀਜਨ ਕੰਸਨਟਰੇਟਰ ਤੇ 500 ਆਕਸੀਮੀਟਰ ਕੀਤੇ ਦਾਨ

ਹਮ ਹੈਂ’ ਐਪ ਰਾਹੀਂ ਲੋਕਾਂ ਨੂੰ ਮੁਫ਼ਤ ਦਿੱਤੇ ਜਾਣਗੇ ਇਹ ਉਪਕਰਣ – ਵਿਧਾਇਕ ਕੁਲਦੀਪ ਸਿੰਘ ਵੈਦ
ਵਿਧਾਇਕ ਨੇ ਇਸ ਔਖੀ ਘੜੀ ‘ਚ ਕੰਪਨੀ ਵੱਲੋਂ ਕੀਤੇ ਸਹਿਯੋਗ ਲਈ ਕੀਤਾ ਧੰਨਵਾਦ

ਲੁਧਿਆਣਾ, 20 ਮਈ,2021 ਕੋਵਿਡ-19 ਮਹਾਂਮਾਰੀ ਵਿਰੁੱਧ ਲੜਾਈ ਵਿਚ ਲੁਧਿਆਣਾ ਵਾਸੀਆਂ ਦੇ ਸਹਿਯੋਗ ਲਈ ਅੱਗੇ ਆਉਂਦੇ ਹੋਏ, ਦੁਬਈ ਦੀ ਇਕ ਫੂਡ ਪ੍ਰੋਡਕਟਸ ਕੰਪਨੀ ਡੇਮਜ਼ਬਰਗ ਵੱਲੋਂ ਅੱਜ 10 ਆਕਸੀਜਨ ਕੰਸਨਟਰੇਟਰ ਅਤੇ 500 ਆਕਸੀਮੀਟਰ ਦਾਨ ਕੀਤੇ ਗਏ।
ਹਲਕਾ ਗਿੱਲ ਵਿਧਾਇਕ ਸ. ਕੁਲਦੀਪ ਸਿੰਘ ਵੈਦ ਨੇ ਕੰਸਨਟਰੇਟਰ ਪ੍ਰਾਪਤ ਕੀਤੇ ਅਤੇ ਸੰਕਟ ਦੀ ਇਸ ਘੜੀ ਵਿੱਚ ਕੰਪਨੀ ਵੱਲੋਂ ਲੁਧਿਆਣਾ ਦੇ ਲੋਕਾਂ ਦੀ ਮਦਦ ਲਈ ਧੰਨਵਾਦ ਵੀ ਕੀਤਾ।
ਉਨ੍ਹਾਂ ਕਿਹਾ ਕਿ ਇਹ ਆਕਸੀਜਨ ਕੰਸਨਟਰੇਟਰ ਮਰੀਜ਼ਾਂ ਨੂੰ ਜੀਵਨ ਬਚਾਉਣ ਵਾਲੀ ਗੈਸ ਮੁਹੱਈਆ ਕਰਵਾ ਕੇ ਘਰਾਂ ਵਿੱਚ ਇਕਾਂਤਵਾਸ ਲਈ ਵੱਡੀ ਸਹਾਇਤਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਮੈਡੀਕਲ ਉਪਕਰਣ ਆਕਸੀਜਨ ਸਿਲੰਡਰਾਂ ‘ਤੇ ਬੋਝ ਨੂੰ ਘਟਾਉਣ ਵਿਚ ਸਹਾਇਤਾ ਕਰਨਗੇ ਕਿਉਂਕਿ ਇਹ ਕੰਸਨਟਰੇਟਰ ਵਾਤਾਵਾਰਣ ਵਿੱਚੋਂ ਹਵਾ ਨੂੰ ਖਿੱਚ ਕੇ ਅਤੇ ਫਿਲਟਰ ਕਰਨ ਤੋਂ ਬਾਅਦ ਆਕਸੀਜ਼ਨ ਤਿਆਰ ਕਰਦਾ ਹੈ ਜੋਕਿ ਮਰੀਜ਼ਾਂ ਨੂੰ ਨੱਕ ਰਾਹੀਂ ਦਿੱਤੀ ਜਾਂਦੀ ਹੈ।
ਇਸ ਤੋਂ ਇਲਾਵਾ, ਆਕਸੀਮੀਟਰ ਲੋਕਾਂ ਨੂੰ ਆਪਣੇ ਸਰੀਰ ਵਿੱਚ ਆਕਸੀਜ਼ਨ ਦੇ ਪੱਧਰ ‘ਤੇ ਚੌਕਸੀ ਰੱਖਣ ਵਿਚ ਸਹਾਇਤਾ ਕਰਨਗੇ।
ਉਨ੍ਹਾਂ ਕਿਹਾ ਕਿ ਇਹ ਉਤਪਾਦ ‘ਹਮ ਹੈਂ’ ਮੋਬਾਈਲ ਐਪ ਰਾਹੀਂ ਲੁਧਿਆਣਾ ਦੇ ਲੋਕਾਂ ਨੂੰ ਮੁਫਤ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਐਨ.ਜੀ.ਓ ਦੇ ਨੁਮਾਇੰਦੇ ਬਿਨੈਕਾਰਾਂ ਨੂੰ ਉਨ੍ਹਾਂ ਦੇ ਘਰ-ਘਰ ਜਾ ਕੇ ਇਹ ਉਪਕਰਣ ਪਹੁੰਚਾਉਣਗੇ, ਇਥੋਂ ਤੱਕ ਕਿ ਮਰੀਜ਼ਾਂ ਦੀ ਜ਼ਰੂਰਤ ਪੂਰੀ ਹੋਣ ‘ਤੇ ਬਾਅਦ ਉਨ੍ਹਾਂ ਦੇ ਘਰ ਤੋਂ ਵਾਪਿਸ ਵੀ ਲੈ ਕੇ ਆਉਣਗੇ।
ਉਨ੍ਹਾਂ ਅੱਗੇ ਕਿਹਾ ਕਿ ਇਹ ਮਾਨਵਤਾ ਦੇ ਹਿੱਤ ਲਈ ਮਹਾਨ ਸੇਵਾ ਹੈ ਕਿਉਂਕਿ ਮਹਾਂਮਾਰੀ ਵਿਰੁੱਧ ਇਸ ਲੜਾਈ ਵਿੱਚ ਇੱਕ-ਇੱਕ ਵਿਅਕਤੀ ਵੱਲੋਂ ਪਾਇਆ ਯੋਗਦਾਨ ਮਹੱਤਵਪੂਰਣ ਹੈ।
ਉਨ੍ਹਾਂ ਦੱਸਿਆ ਕਿ ਲੁਧਿਆਣਾ ਦੇ ਲੋਕਾਂ ਦੇ ਸਰਗਰਮ ਸਮਰਥਨ ਅਤੇ ਸਹਿਯੋਗ ਨਾਲ ਕੋਵਿਡ-19 ਵਿਰੁੱਧ ਜੰਗ ਜਿੱਤੀ ਜਾਵੇਗੀ।
ਉਨ੍ਹਾਂ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਦੀ ਭਲਾਈ ਲਈ ਐਨ.ਜੀ.ਓਜ਼ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ।
ਇਸ ਮੌਕੇ ਨਗਰ ਨਿਗਮ ਕੌਂਸਲਰ ਸ. ਹਰਕਰਨਦੀਪ ਸਿੰਘ ਵੈਦ ਅਤੇ ਹੋਰ ਵੀ ਮੌਜੂਦ ਸਨ।